Another country will be dragged into the Middle East war! The threat has increased after the attack on the Iranian plane
ਮਿਡਲ ਈਸਟ ਜੰਗ ‘ਚ ਖਿੱਚਿਆ ਜਾਵੇਗਾ ਇਕ ਹੋਰ ਦੇਸ਼ ! ਇਰਾਨੀ ਜਹਾਜ਼ ‘ਤੇ ਹਮਲੇ ਮਗਰੋਂ ਵਧਿਆ ਖ਼ਤਰਾ
Tehran, (ਆਵਾਜ਼ਿ ਕੌਮ ਬਿਊਰੋ)-ਮਿਡਲ ਈਸਟ ‘ਚ ਅਮਰੀਕਾ-ਇਰਾਨ ਵਿਚਾਲੇ ਛਿੜੀ ਜੰਗ ਸ਼ਾਂਤ ਹੋਣ ਹੋਣ ਦਾ ਨਾਂ ਨਹੀਂ ਲੈ ਰਹੀ। ਇਸੇ ਦੌਰਾਨ ਕੈਸਪੀਅਨ ਸਾਗਰ ‘ਚ ਇੱਕ ਇਰਾਨੀ ਵਪਾਰਕ ਸਮੁੰਦਰੀ ਜਹਾਜ਼ ‘ਤੇ ਯੂਕ੍ਰੇਨ ਵੱਲੋਂ ਡਰੋਨ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ, ਜਿਸ ਮਗਰੋਂ ਇਰਾਨ ਨੇ ਯੂਕ੍ਰੇਨ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ। ਇਰਾਨੀ ਵਿਦੇਸ਼ ਮੰਤਰਾਲੇ ਨੇ ਇਸ ਘਟਨਾ ਲਈ ਯੂਕ੍ਰੇਨੀ ਫ਼ੌਜ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਹੈ ਕਿ ਅੰਤਰਰਾਸ਼ਟਰੀ ਜਲ ਖੇਤਰ ‘ਚ ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣਾ ਇੱਕ ਗੈਰ-ਕਾਨੂੰਨੀ ਅਤੇ ਅੱਤਵਾਦੀ ਕਾਰਵਾਈ ਹੈ। ਇਰਾਨੀ ਅਧਿਕਾਰੀਆਂ ਅਨੁਸਾਰ, ਕੈਸਪੀਅਨ ਸਾਗਰ ਰਾਹੀਂ ਸਾਮਾਨ ਲੈ ਕੇ ਜਾ ਰਹੇ ਇੱਕ ਇਰਾਨੀ ਵਪਾਰਕ ਜਹਾਜ਼ ‘ਤੇ ਡਰੋਨ ਨਾਲ ਹਮਲਾ ਕੀਤਾ ਗਿਆ। ਹਮਲੇ ‘ਚ ਜਹਾਜ਼ ਨੂੰ ਮਾਮੂਲੀ ਨੁਕਸਾਨ ਪਹੁੰਚਿਆ ਹੈ, ਪਰ ਸਾਰੇ ਕ੍ਰੂ ਮੈਂਬਰ ਸੁਰੱਖਿਅਤ ਦੱਸੇ ਜਾ ਰਹੇ ਹਨ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਰਾਨ ਆਪਣੀ ਰਾਸ਼ਟਰੀ ਸੁਰੱਖਿਆ ਅਤੇ ਅੰਤਰਰਾਸ਼ਟਰੀ ਸਮੁੰਦਰੀ ਰਸਤਿਆਂ ‘ਚ ਆਪਣੇ ਵਪਾਰਕ ਜਹਾਜ਼ਾਂ ਦੀ ਸੁਰੱਖਿਆ ਲਈ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਇਰਾਨ ਨੇ ਕਿਹਾ ਕਿ ਯੂਕ੍ਰੇਨ ਨੂੰ ਇਸ ਗੈਰ-ਜ਼ਿੰਮੇਵਾਰਾਨਾ ਕਦਮ ਦੇ ਨਤੀਜੇ ਭੁਗਤਣੇ ਪੈਣਗੇ। ਜ਼ਿਕਰਯੋਗ ਹੈ ਕਿ ਰੂਸ-ਯੂਕ੍ਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਯੂਕ੍ਰੇਨ ਅਤੇ ਪੱਛਮੀ ਦੇਸ਼ ਇਰਾਨ ‘ਤੇ ਰੂਸ ਨੂੰ ‘ਸ਼ਾਹਿਦ’ ਡਰੋਨ ਅਤੇ ਹੋਰ ਹਥਿਆਰ ਸਪਲਾਈ ਕਰਨ ਦੇ ਦੋਸ਼ ਲਗਾਉਂਦੇ ਰਹੇ ਹਨ, ਹਾਲਾਂਕਿ ਇਰਾਨ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਆਇਆ ਹੈ। ਅਜਿਹੇ ‘ਚ ਇਰਾਨੀ ਜਹਾਜ਼ ‘ਤੇ ਯੂਕ੍ਰੇਨੀ ਹਮਲਾ ਕਿਤੇ ਨਾ ਕਿਤੇ ਇਰਾਨ ਨੂੰ ਯੂਕ੍ਰੇਨ ਦੇ ਖ਼ਿਲਾਫ਼ ਹਮਲਾ ਕਰਨ ਲਈ ਮਜਬੂਰ ਕਰ ਸਕਦਾ ਹੈ। ਹਾਲਾਂਕਿ ਯੂਕ੍ਰੇਨੀ ਪ੍ਰਸ਼ਾਸਨ ਜਾਂ ਫੌਜ ਵੱਲੋਂ ਅਜੇ ਤੱਕ ਇਸ ਹਮਲੇ ਦੀ ਅਧਿਕਾਰਤ ਪੁਸ਼ਟੀ ਜਾਂ ਜ਼ਿੰਮੇਵਾਰੀ ਨਹੀਂ ਲਈ ਗਈ ਹੈ, ਪਰ ਇਸ ਹਮਲੇ ਕਾਰਨ ਖੇਤਰ ‘ਚ ਤਣਾਅ ਹੋਰ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

