Violence breaks out in Nepal, 3 dead
ਨੇਪਾਲ ’ਚ ਭੜਕੀ ਹਿੰਸਾ, 3 ਦੀ ਮੌਤ
ਕਾਠਮੰਡੂ (ਆਵਾਜ਼ਿ ਕੌਮ ਬਿਊਰੋ)- ਨੇਪਾਲ ਦੇ ਦੱਖਣ-ਪੂਰਬੀ ਤਰਾਈ-ਮਧੇਸ਼ ਖੇਤਰਾਂ ਜਿਵੇਂ ਕੋਸ਼ੀ ਅਤੇ ਮਧੇਸ਼ ਸੂਬੇ ’ਚ 2 ਭਾਈਚਾਰਿਆਂ ਵਿਚਾਲੇ ਹੋਈ ਫਿਰਕੂ ਝੜਪ ਤੋਂ ਬਾਅਦ ਹਿੰਸਾ ਭੜਕ ਗਈ। ਇਹ ਖੇਤਰ ਭਾਰਤੀ ਸਰਹੱਦ ਦੇ ਨਾਲ ਲੱਗਦਾ ਹੈ ਅਤੇ ਪਿਛਲੇ ਕੁਝ ਸਾਲਾਂ ’ਚ ਇੱਥੇ ਜ਼ਬਰਦਸਤ ਤਰੀਕੇ ਨਾਲ ਡੈਮੋਗ੍ਰਾਫਿਕ ਬਦਲਾਅ ਹੋਏ ਹਨ। ਸੁਨਸਰੀ ਜ਼ਿਲੇ ਤੋਂ ਸ਼ੁਰੂ ਹੋਇਆ ਇਹ ਵਿਵਾਦ ਧਨੁਸ਼ਾ, ਸਿਰਾਹਾ ਅਤੇ ਸਪਤਰੀ ਵਰਗੇ ਜ਼ਿਲਿਆਂ ਤੱਕ ਪਹੁੰਚ ਗਿਆ ਹੈ ਜਿਸ ’ਚ ਪੁਲਸ ਫਾਇਰਿੰਗ ਅਤੇ ਹਿੰਸਕ ਝੜਪਾਂ ਦੌਰਾਨ ਹੁਣ ਤੱਕ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਈ ਲੋਕ ਜ਼ਖਮੀ ਹਨ। ਸਥਿਤੀ ’ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਨੇ ਕਈ ਸ਼ਹਿਰਾਂ ’ਚ ਅਣਮਿੱਥੇ ਸਮੇਂ ਲਈ ਕਰਫਿਊ ਲਾ ਦਿੱਤਾ ਹੈ। ਵੱਡੀ ਗਿਣਤੀ ’ਚ ਹਥਿਆਰਬੰਦ ਪੁਲਸ ਫੋਰਸ ਅਤੇ ਨੇਪਾਲੀ ਫੌਜ ਨੂੰ ਤਾਇਨਾਤ ਕੀਤਾ ਗਿਆ ਹੈ। ‘ਕਾਠਮੰਡੂ ਪੋਸਟ’ ਦੀ ਰਿਪੋਰਟ ਮੁਤਾਬਕ ਤਾਜ਼ਾ ਮੌਤ ਸਿਰਾਹਾ ਦੀ ਔਰਹੀ ਗ੍ਰਾਮੀਣ ਨਗਰਪਾਲਿਕਾ ਦੇ ਵਾਰਡ 2 ਦੇ ਰਹਿਣ ਵਾਲੇ 17 ਸਾਲਾ ਗਣੇਸ਼ ਯਾਦਵ ਦੀ ਹੋਈ, ਜਿਸ ਨੂੰ ਵੀਰਵਾਰ ਦੁਪਹਿਰ ਗੋਲਬਾਜ਼ਾਰ ’ਚ ਝੜਪ ਦੌਰਾਨ ਗੋਲੀ ਲੱਗੀ ਸੀ।

