BJP MLA’s Kurdam conducted 25 marriages, MLA Sahab himself filed a case
BJP ਵਿਧਾਇਕ ਦੇ ਕੁੜਮ ਨੇ ਕਰਵਾਏ 25 ਵਿਆਹ, ਖੁਦ MLA ਸਾਬ੍ਹ ਨੇ ਕਰਵਾਇਆ ਪਰਚਾ ਦਰਜ
ਸੀਤਾਪੁਰ (ਆਵਾਜ਼ਿ ਕੌਮ ਬਿਊਰੋ)- ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਦੇ ਸੇਵਤਾ ਵਿਧਾਨ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਗਿਆਨ ਤਿਵਾੜੀ ਨੇ ਆਪਣੇ ਕੁੜਮ ਅਨੁਜ ਤ੍ਰਿਵੇਦੀ ਵਿਰੁੱਧ ਧੋਖਾਧੜੀ ਅਤੇ ਤੱਥਾਂ ਨੂੰ ਲੁਕਾਉਣ ਦੇ ਦੋਸ਼ਾਂ ‘ਚ ਰੀਊਸਾ ਥਾਣੇ ‘ਚ ਐੱਫਆਈਆਰ ਦਰਜ ਕਰਵਾਈ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਵਿਧਾਇਕ ਦੀ ਧੀ ਪ੍ਰਗਿਆ ਤਿਵਾੜੀ ਦਾ ਵਿਆਹ ਸਾਲ 2024 ‘ਚ ਮਿਸਰਿਖ ਖੇਤਰ ਦੇ ਚੰਦਰਵਾਲ ਦੇ ਰਹਿਣ ਵਾਲੇ ਅਨੁਜ ਤ੍ਰਿਵੇਦੀ ਦੇ ਪੁੱਤਰ ਪ੍ਰਖਰ ਤ੍ਰਿਵੇਦੀ ਨਾਲ ਹੋਇਆ ਸੀ। ਵਿਧਾਇਕ ਵਲੋਂ ਦਰਜ ਐੱਫਆਈਆਰ ਦੇ ਅਨੁਸਾਰ, ਵਿਆਹ ਦੇ ਸਮੇਂ ਦੋਸ਼ੀ ਧਿਰ ਨੇ ਮੁੰਬਈ ‘ਚ ਇਕ ਪ੍ਰਮੁੱਖ ਰੀਅਲ ਅਸਟੇਟ ਕਾਰੋਬਾਰੀ ਹੋਣ ਦਾ ਦਾਅਵਾ ਕੀਤਾ ਸੀ ਅਤੇ ਵਿਆਹ ਸਥਾਨਕ ਜਾਂਚ ਅਤੇ ਪ੍ਰਮੁੱਖ ਲੋਕਾਂ ਤੋਂ ਸਕਾਰਾਤਮਕ ਫੀਡਬੈਕ ਤੋਂ ਬਾਅਦ ਕੀਤਾ ਗਿਆ ਸੀ। ਪੁਲਸ ਦੇ ਅਨੁਸਾਰ, ਅਨੁਜ ਤ੍ਰਿਵੇਦੀ ਵਿਰੁੱਧ ਕਥਿਤ ਧੋਖਾਧੜੀ ਦੇ ਦੋਸ਼ ਵਿਆਹ ਤੋਂ ਲਗਭਗ 2 ਸਾਲ ਬਾਅਦ ਸੋਸ਼ਲ ਮੀਡੀਆ ਅਤੇ ਹੋਰ ਸਰੋਤਾਂ ਰਾਹੀਂ ਸਾਹਮਣੇ ਆਏ। ਪੁਲਸ ਨੇ ਦੱਸਿਆ ਕਿ ਜਾਂਚ ‘ਚ ਮਹਾਰਾਸ਼ਟਰ ਸਮੇਤ ਦੇਸ਼ ਭਰ ਦੇ ਕਈ ਰਾਜਾਂ ‘ਚ ਔਰਤਾਂ ਨੂੰ ਪ੍ਰੇਮ ਜਾਲ ‘ਚ ਫਸਾ ਕੇ ਉਨ੍ਹਾਂ ਨਾਲ ਧੋਖਾਧੜੀ ਕਰਨ ਦੇ ਦੋਸ਼ ਸਾਹਮਣੇ ਆਏ। ਪੁਲਸ ਦੇ ਅਨੁਸਾਰ, ਅਨੁਜ ਤ੍ਰਿਵੇਦੀ ‘ਤੇ ਜਾਅਲੀ ਪਛਾਣ ਦੇ ਆਧਾਰ ‘ਤੇ ਲਗਭਗ 25 ਵਿਆਹ ਕਰਨ ਅਤੇ ਧੋਖਾਧੜੀ ਕਰਨ ਦਾ ਦੋਸ਼ ਹੈ। ਪੁਲਸ ਨੇ ਦੱਸਿਆ ਕਿ ਇਨ੍ਹਾਂ ਦੋਸ਼ਾਂ ਅਤੇ ਪੀੜਤ ਔਰਤਾਂ ਦੀਆਂ ਸ਼ਿਕਾਇਤਾਂ ਦੇ ਆਧਾਰ ‘ਤੇ, ਅਨੁਜ ਤ੍ਰਿਵੇਦੀ ਅਤੇ ਉਸ ਦੇ ਪੁੱਤਰ ਪ੍ਰਖਰ ਤ੍ਰਿਵੇਦੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਧਾਇਕ ਗਿਆਨ ਤਿਵਾੜੀ ਨੇ ਅਨੁਜ ਤ੍ਰਿਵੇਦੀ ਅਤੇ ਉਸ ਦੇ ਪਰਿਵਾਰ ਨਾਲ ਸਾਰੇ ਸੰਬੰਧ ਖਤਮ ਕਰਨ ਦਾ ਐਲਾਨ ਕੀਤਾ ਹੈ। ਰੇਉਸਾ ਥਾਣੇ ‘ਚ ਦਿੱਤੀ ਗਈ ਸ਼ਿਕਾਇਤ ‘ਚ ਵਿਧਾਇਕ ਨੇ ਦੋਸ਼ ਲਗਾਇਆ ਹੈ ਕਿ ਅਨੁਜ ਤ੍ਰਿਵੇਦੀ ਨੇ ਆਪਣੇ ਅਪਰਾਧਿਕ ਇਤਿਹਾਸ ਅਤੇ ਪਿਛਲੇ ਮਾਮਲਿਆਂ ਬਾਰੇ ਜਾਣਕਾਰੀ ਲੁਕਾ ਕੇ ਉਸ ਦੇ ਪਰਿਵਾਰ ਨੂੰ ਧੋਖਾ ਦਿੱਤਾ ਅਤੇ ਇਸੇ ਆਧਾਰ ‘ਤੇ ਵਿਆਹ ਦਾ ਰਿਸ਼ਤਾ ਤੈਅ ਹੋਇਆ। ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਉਸ ਦੇ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਾਇਆ ਹੈ ਅਤੇ ਇਕ ਜਨਤਕ ਪ੍ਰਤੀਨਿਧੀ ਵਜੋਂ ਉਸ ਦੀ ਸਮਾਜਿਕ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ। ਅਨੁਜ ਤ੍ਰਿਵੇਦੀ ਵਿਰੁੱਧ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 318(4) ਦੇ ਤਹਿਤ ਰੇਉਸਾ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ।

