US court upholds ban on immigration arrests at places of worship, major ruling
ਧਾਰਮਿਕ ਅਸਥਾਵਾਂ ’ਚ ਇਮੀਗ੍ਰੇਸ਼ਨ ਗ੍ਰਿਫ਼ਤਾਰੀਆਂ ’ਤੇ ਰੋਕ ਬਰਕਰਾਰ, ਅਮਰੀਕੀ ਅਦਾਲਤ ਦਾ ਵੱਡਾ ਫੈਸਲਾ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਦੀ ਸੰਘੀ ਅਪੀਲ ਅਦਾਲਤ ਨੇ ਸਿੱਖ, ਕਵੇਕਰ ਅਤੇ ਬੈਪਟਿਸਟ ਭਾਈਚਾਰਿਆਂ ਨਾਲ ਸਬੰਧਤ ਧਾਰਮਿਕ ਅਸਥਾਨਾਂ ਅੰਦਰ ਜਾਂ ਨੇੜੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਕੀਤੀਆਂ ਜਾਣ ਵਾਲੀਆਂ ਗ੍ਰਿਫ਼ਤਾਰੀਆਂ ’ਤੇ ਲਗਾਈ ਗਈ ਰੋਕ ਬਰਕਰਾਰ ਰੱਖੀ ਹੈ। ਇਸ ਮਾਮਲੇ ਦੇ ਸਬੰਧ ਵਿਚ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਕਿ ਧਾਰਮਿਕ ਅਸਥਾਨਾਂ ’ਤੇ ਕਾਰਵਾਈ ਦੇ ਡਰ ਕਾਰਨ ਪ੍ਰਵਾਸੀ ਸ਼ਰਧਾਲੂਆਂ ਦੀ ਹਾਜ਼ਰੀ ਲਗਾਤਾਰ ਘੱਟ ਰਹੀ ਹੈ, ਜਿਸ ਨਾਲ ਉਨ੍ਹਾਂ ਦੀ ਧਾਰਮਿਕ ਆਜ਼ਾਦੀ ਪ੍ਰਭਾਵਿਤ ਹੁੰਦੀ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਮਾਮਲਾ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬ ਵੈਸਟ ਸੈਕਰਾਮੈਂਟੋ, ਬੈਪਟਿਸਟ ਫੈਲੋਸ਼ਿਪ ਅਤੇ ਛੇ ਕਵੇਕਰ ਸੰਸਥਾਵਾਂ ਵੱਲੋਂ ਦਾਇਰ ਪਟੀਸ਼ਨ ਨਾਲ ਸਬੰਧਤ ਹੈ। ਇਸ ਸਬੰਧ ਵਿਚ ਅਦਾਲਤ ਨੇ ਇਸ ਮਾਮਲੇ ਦਾ ਅੰਤਿਮ ਫ਼ੈਸਲਾ ਹੋਣ ਤੱਕ ਇਨ੍ਹਾਂ ਧਾਰਮਿਕ ਅਸਥਾਨਾਂ ’ਤੇ ਪੁਰਾਣੀਆਂ ਸੁਰੱਖਿਆ ਹਦਾਇਤਾਂ ਲਾਗੂ ਰੱਖਣ ਦੇ ਆਦੇਸ਼ ਦਿੱਤੇ ਹਨ। ਸੰਘੀ ਅਪੀਲੀ ਅਤੇ ਜ਼ਿਲ੍ਹਾ ਅਦਾਲਤਾਂ ਨੇ ਸਪੱਸ਼ਟ ਕੀਤਾ ਹੈ ਕਿ ਟਰੰਪ ਪ੍ਰਸ਼ਾਸਨ ਦੀ ਉਸ ਨੀਤੀ ‘ਤੇ ਰੋਕ ਜਾਰੀ ਹੈ, ਜਿਸ ਵਿਚ ICE (ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ) ਏਜੰਟਾਂ ਨੂੰ ਬਿਨਾਂ ਕਿਸੇ ਉਚਿਤ ਵਾਰੰਟ ਦੇ ਪੂਜਾ ਸਥਾਨਾਂ ਦੇ ਅੰਦਰ ਜਾਂ ਉਸ ਦੇ ਨੇੜੇ ਕਾਰਵਾਈ ਕਰਨ ਦੀ ਛੂਟ ਦਿੰਦੀ ਸੀ। ਅਦਾਲਤ ਨੇ ਕਿਹਾ ਕਿ ਟਰੰਪ ਪ੍ਰਸ਼ਾਸਨ ਦੀ 2025 ਦੀ ਨੀਤੀ, ਜੋ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਪੂਜਾ ਸਥਾਨਾਂ ਦੇ ਨੇੜੇ ਕਾਰਵਾਈ ਕਰਨ ਦੀ ਖੁੱਲ੍ਹ ਦਿੰਦੀ ਹੈ, ਧਾਰਮਿਕ ਆਜ਼ਾਦੀ ਐਕਟ ਦੀ ਉਲੰਘਣਾ ਕਰਦੀ ਹੈ ਅਤੇ ਪੂਜਾ ਕਰਨ ਵਾਲਿਆਂ ਵਿੱਚ ਡਰ ਦਾ ਮਾਹੌਲ ਪੈਦਾ ਕਰਦੀ ਹੈ।

