Now Pakistan will open Hormuz! Munir and Naqvi reached Iran as ‘mediators’
ਹੁਣ ਹੋਰਮੁਜ਼ ਖੁਲ੍ਹਵਾਏਗਾ ਪਾਕਿਸਤਾਨ ! ਮੁਨੀਰ ਤੇ ਨਕਵੀ ‘ਵਿਚੋਲੇ’ ਬਣ ਪਹੁੰਚੇ ਇਰਾਨ
Tehran, (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨੀ ਫੌਜ ਦੇ ਚੀਫ਼ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਗ੍ਰਹਿ ਮੰਤਰੀ ਮੋਹਸਿਨ ਨਕਵੀ ਨੇ ਤਹਿਰਾਨ ਵਿਖੇ ਇਰਾਨੀ ਲੀਡਰਸ਼ਿਪ ਨਾਲ ਉੱਚ-ਪੱਧਰੀ ਮੁਲਾਕਾਤ ਕੀਤੀ। ਇਸ ਦੌਰੇ ਦਾ ਮੁੱਖ ਉਦੇਸ਼ ਅਮਰੀਕਾ-ਇਰਾਨ ਜੰਗ ਦੇ ਤਣਾਅ ਨੂੰ ਘਟਾਉਣਾ ਅਤੇ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਮਾਰਗ ‘ਹੋਰਮੁਜ਼’ ਨੂੰ ਦੁਬਾਰਾ ਖੋਲ੍ਹਣਾ ਹੈ। ਪਾਕਿਸਤਾਨੀ ਵਫ਼ਦ ਨੇ ਇਰਾਨੀ ਰਾਸ਼ਟਰਪਤੀ ਮਸੂਦ ਪਜ਼ੇਸ਼ਕੀਅਨ, ਵਿਦੇਸ਼ ਮੰਤਰੀ ਸੱਯਦ ਅੱਬਾਸ ਅਰਾਘਚੀ, ਸੰਸਦ ਦੇ ਸਪੀਕਰ ਮੁਹੰਮਦ ਬਾਗ਼ੇਰ ਗਾਲੀਬਾਫ਼ ਅਤੇ ਗ੍ਰਹਿ ਮੰਤਰੀ ਇਸਕੰਦਰ ਮੋਮੇਨੀ ਨਾਲ ਅਹਿਮ ਬੈਠਕਾਂ ਕੀਤੀਆਂ। ਪਾਕਿਸਤਾਨ, ਜੋ ਕਿ ਇਸ ਮੁੱਦੇ ‘ਚ ਅਮਰੀਕਾ-ਇਰਾਨ ਵਿਚਾਲੇ ਵਿਚੋਲੇ ਦੀ ਭੂਮਿਕਾ ਨਿਭਾ ਰਿਹਾ ਹੈ ਤੇ ਹੁਣ ਰੁਕੀ ਹੋਈ ਸ਼ਾਂਤੀ ਵਾਰਤਾ ਨੂੰ ਮੁੜ ਲੀਹ ‘ਤੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਅਪ੍ਰੈਲ ‘ਚ ਹੋਏ ਸੀਜ਼ਫਾਇਰ ਦੇ ਸਮਝੌਤੇ ਤੋਂ ਬਾਅਦ ਹਾਲ ਹੀ ‘ਚ ਦੋਵਾਂ ਦੇਸ਼ਾਂ ਵਿਚਾਲੇ ਹਮਲੇ ਦੁਬਾਰਾ ਸ਼ੁਰੂ ਹੋ ਗਏ ਸਨ, ਜਿਸ ਕਾਰਨ ਤੇਲ-ਗੈਸ ਸਪਲਾਈ ਦੀ ਰੁਕਾਵਟ ਕਾਰਨ ਕੀਮਤਾਂ ਮੁੜ ਤੇਜ਼ ਹੋ ਗਈਆਂ ਹਨ। ਪਾਕਿਸਤਾਨੀ ਅਧਿਕਾਰੀਆਂ ਦਾ ਇਹ ਇਰਾਨ ਦੌਰਾ ਅਜਿਹੇ ਸਮੇਂ ਹੋਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਇਰਾਨ ‘ਤੇ ਨਵੀਆਂ ਆਰਥਿਕ ਪਾਬੰਦੀਆਂ ਲਗਾਈਆਂ ਹਨ ਅਤੇ ਇਰਾਨ ਦੀ ਮਦਦ ਕਰਨ ਵਾਲੇ ਦੇਸ਼ਾਂ ਨੂੰ ਆਰਥਿਕ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਹੈ, ਜਦਕਿ ਇਰਾਨੀ ਲੀਡਰਸ਼ਿਪ ਨੇ ਖੇਤਰ ‘ਚ ਸ਼ਾਂਤੀ ਅਤੇ ਤਣਾਅ ਘਟਾਉਣ ਲਈ ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਵੱਲੋਂ ਨਿਭਾਈ ਜਾ ਰਹੀ ਵਿਚੋਲਗੀ ਦੀ ਸ਼ਲਾਘਾ ਕੀਤੀ ਹੈ। ਜ਼ਿਕਰਯੋਗ ਹੈ ਕਿ ਇਰਾਨ ਅਤੇ ਓਮਾਨ ਵਿਚਕਾਰ ਸਥਿਤ ਇਹ 55 ਕਿਲੋਮੀਟਰ ਚੌੜਾ ਸਮੁੰਦਰੀ ਰਸਤਾ ਪੂਰੀ ਦੁਨੀਆ ਦਾ ਕੁੱਲ 20 ਫ਼ੀਸਦੀ ਤੇਲ ਇਸੇ ਰਸਤਿਓਂ ਗੁਜ਼ਰਦਾ ਹੈ। 28 ਫਰਵਰੀ ਨੂੰ ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਸ਼ੁਰੂ ਹੋਈ ਜੰਗ ਤੋਂ ਬਾਅਦ ਇਹ ਰਸਤਾ ਬੰਦ ਹੈ, ਜਿਸ ਨਾਲ ਗਲੋਬਲ ਪੱਧਰ ‘ਤੇ ਤੇਲ ਦੀਆਂ ਕੀਮਤਾਂ ‘ਚ ਭਾਰੀ ਉਛਾਲ ਆਇਆ ਹੈ। ਹੁਣ ਜਦੋਂ ਪਾਕਿਸਤਾਨ ਸਣੇ ਦੁਨੀਆ ਦੇ ਕਈ ਦੇਸ਼ਾਂ ‘ਚ ਤੇਲ-ਗੈਸ ਦੀ ਸਪਲਾਈ ਪ੍ਰਭਾਵਿਤ ਹੋਣ ਕਾਰਨ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ ਤਾਂ ਪਾਕਿਸਤਾਨ ਇਰਾਨ ਅੱਗੇ ਹੋਰਮੁਜ਼ ਤੋਂ ਜਹਾਜ਼ਾਂ ਦੀ ਆਵਾਜਾਈ ਨੂੰ ਇਜਾਜ਼ਤ ਦੇਣ ਦੀ ਮੰਗ ਰੱਖ ਸਕਦਾ ਹੈ।

