Babies being produced from Turkish donors instead of European ones! IVF scam exposed in UK
ਯੂਰਪ ਦੀ ਜਗ੍ਹਾ ਤੁਰਕੀ ਦੇ ਡੋਨਰਾਂ ਤੋਂ ਪੈਦਾ ਕਰਵਾਏ ਜਾ ਰਹੇ ਬੱਚੇ ! UK ‘ਚ IVF ਫਰਜ਼ੀਵਾੜੇ ਦਾ ਹੋਇਆ ਪਰਦਾਫਾਸ਼
London, (ਆਵਾਜ਼ਿ ਕੌਮ ਬਿਊਰੋ)-ਆਈ.ਵੀ.ਐੱਫ਼. ਤਕਨੀਕ, ਜਿਸ ਨੂੰ ਬੇਔਲਾਦ ਜੋੜਿਆਂ ਲਈ ਵਰਦਾਨ ਮੰਨਿਆ ਜਾਂਦਾ ਹੈ, ‘ਚ ਵੀ ਫਰਜ਼ੀਵਾੜਾ ਹੋਣ ਲੱਗ ਪਿਆ ਹੈ। UK ਤੋਂ ਅਜਿਹੀਆਂ ਹੈਰਾਨ ਕਰਨ ਵਾਲੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। UK ਦੇ ਕਈ ਪਰਿਵਾਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਉੱਤਰੀ ਸਾਈਪ੍ਰਸ ਦੇ ਫਰਟੀਲਿਟੀ ਕਲੀਨਿਕਾਂ ਵਿੱਚ ਇਲਾਜ ਦੌਰਾਨ ਉਨ੍ਹਾਂ ਦੀ ਚੋਣ ਦੇ ਉਲਟ ਗਲਤ ਡੋਨਰ ਸਪਰਮ ਜਾਂ ਐੱਗਜ਼ ਦੀ ਵਰਤੋਂ ਕੀਤੀ ਗਈ ਸੀ। ਤਾਜ਼ਾ ਰਿਪੋਰਟਾਂ ਅਨੁਸਾਰ, ਇੱਥੇ ਘੱਟੋ-ਘੱਟ 30 ਬੱਚੇ ਅਜਿਹੇ ਮਿਲੇ ਹਨ, ਜੋ ਡੋਨਰ ਦੀ ਬਜਾਏ ਗਲਤ ਡੋਨਰ ਗੈਮੇਟਸ ਨਾਲ ਪੈਦਾ ਹੋਏ ਮੰਨੇ ਜਾ ਰਹੇ ਹਨ। ਇਨ੍ਹਾਂ ‘ਚੋਂ 11 ਬੱਚਿਆਂ ਦਾ ਡੀ.ਐੱਨ.ਏ. ਟੈਸਟ ਵੀ ਮੈਚ ਨਹੀਂ ਹੋਇਆ। ਇਨ੍ਹਾਂ 30 ਮਾਮਲਿਆਂ ਵਿੱਚੋਂ ਅੱਧੇ ਤੋਂ ਵੱਧ ਮਾਮਲੇ Dogus IVF Centre ਨਾਲ ਸਬੰਧਤ ਹਨ। ਰੇਚਲ ਨਾਂ ਦੀ ਇਕ ਪੀੜਤ ਮਾਂ ਨੇ ਦੱਸਿਆ ਕਿ ਉਸ ਨੇ ਯੂਰਪ ਦੇ ਸਭ ਤੋਂ ਵੱਡੇ ਸਪਰਮ ਬੈਂਕ Cryos International ਤੋਂ ‘Ditto’ ਕੋਡ ਵਾਲੇ ਪੱਛਮੀ ਯੂਰਪੀਅਨ ਡੋਨਰ ਨੂੰ ਚੁਣਿਆ ਸੀ, ਪਰ DNA ਟੈਸਟ ਤੋਂ ਪਤਾ ਲੱਗਾ ਕਿ ਉਸ ਦੇ ਬੱਚੇ ਦੀ ਜੈਨੇਟਿਕ ਬ੍ਰੀਡ ਤੁਰਕੀ ਨਾਲ ਮੈਚ ਹੋ ਰਹੀ ਹੈ। Cryos ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ Dogus ਕਲੀਨਿਕ ਨਾਲ ਕੋਈ ਲੈਣ-ਦੇਣ ਨਹੀਂ ਹੈ। ‘Donor Conceived UK’ ਸੰਸਥਾ ਅਨੁਸਾਰ, ਇਹ ਮਾਮਲਾ ਬੱਚਿਆਂ ਦੇ ਆਪਣੇ ਜੈਨੇਟਿਕ ਮੂਲ ਅਤੇ ਬਾਇਓਲੌਜਿਕਲ ਪਛਾਣ ਜਾਣਨ ਦੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਯੂ.ਕੇ. ਦੇ ਵਿਦੇਸ਼, ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ (FCDO) ਨੇ ਆਪਣੀ ਟ੍ਰੈਵਲ ਐਡਵਾਇਜ਼ਰੀ ਅਪਡੇਟ ਕਰਕੇ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉੱਤਰੀ ਸਾਈਪ੍ਰਸ ‘ਚ ਫਰਟੀਲਿਟੀ ਇਲਾਜ ਕਰਵਾਉਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਜ਼ਿਕਰਯੋਗ ਹੈ ਕਿ ਯੂ.ਕੇ. ਦੀ ਲੰਬੀ NHS ਵੇਟਿੰਗ ਲਿਸਟ, ਘੱਟ ਖਰਚਾ ਅਤੇ ਲਿੰਗ ਚੋਣ ਵਰਗੀਆਂ ਸਹੂਲਤਾਂ ਕਾਰਨ ਬ੍ਰਿਟਿਸ਼ ਨਾਗਰਿਕ ਉੱਤਰੀ ਸਾਈਪ੍ਰਸ ਜਾਂਦੇ ਹਨ। ਹਾਲਾਂਕਿ, ਉੱਤਰੀ ਸਾਈਪ੍ਰਸ ਯੂਰਪੀਅਨ ਯੂਨੀਅਨ ਦੇ ਕਾਨੂੰਨਾਂ ਹੇਠ ਨਹੀਂ ਆਉਂਦਾ ਅਤੇ ਉੱਥੇ UK ਦੀ HFEA (Human Fertilisation and Embryology Authority) ਵਰਗੀ ਕੋਈ ਸੁਤੰਤਰ ਸੰਸਥਾ ਜਾਂ ਸਖ਼ਤ ਨਿਯਮ ਨਹੀਂ ਹਨ।

