Punjab: Woman electrocuted to death alone at home
ਪੰਜਾਬ: ਘਰ ’ਚ ਇਕੱਲੀ ਔਰਤ ਦਾ ਕਰੰਟ ਲਗਾ ਕੇ ਕਤਲ
ਤਰਨਤਾਰਨ (ਆਵਾਜ਼ਿ ਕੌਮ ਬਿਊਰੋ)-ਨਜ਼ਦੀਕੀ ਪਿੰਡ ਮਲੀਆ ਖੁਰਦ ਵਿਖੇ ਘਰ ਵਿਚ ਮੌਜੂਦ ਇਕੱਲੀ ਔਰਤ ਦਾ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਘਰ ਅੰਦਰ ਦਾਖਲ ਹੋ ਕੇ ਕਰੰਟ ਲਗਾਉਂਦੇ ਹੋਏ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਦੋਵੇਂ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਆਸਾਨੀ ਨਾਲ ਫਰਾਰ ਹੋਣ ਵਿਚ ਕਾਮਯਾਬ ਹੋ ਗਏ। ਇਸ ਮਾਮਲੇ ਸਬੰਧੀ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵੱਲੋਂ ਜਿੱਥੇ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ, ਉਥੇ ਹੀ ਮੁਲਜ਼ਮਾਂ ਦੀ ਭਾਲ ਸਬੰਧੀ ਵੱਖ-ਵੱਖ ਟੀਮਾਂ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਵਾਰਦਾਤ ਤੋਂ ਬਾਅਦ ਪਿੰਡ ਵਿਚ ਲੋਕਾਂ ਅੰਦਰ ਸਹਿਮ ਭਰਿਆ ਮਾਹੌਲ ਪਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕੁਲਦੀਪ ਕੌਰ (38) ਪਤਨੀ ਲਖਵਿੰਦਰ ਸਿੰਘ ਵਾਸੀ ਮਲੀਆ ਖ਼ੁਰਦ ਜਦੋਂ ਬੀਤੇ ਕੱਲ੍ਹ ਆਪਣੇ ਘਰ ਵਿਚ ਦੁਪਹਿਰ ਸਮੇਂ ਇਕੱਲੀ ਮੌਜੂਦ ਸੀ ਤਾਂ ਇਸ ਦੌਰਾਨ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ਅੰਦਰ ਦਾਖਲ ਹੋ ਕੇ ਉਸਨੂੰ ਕਰੰਟ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਔਰਤ ਦੀ ਘਰ ਵਿਚ ਮੌਤ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਕੁਲਦੀਪ ਕੌਰ ਜੋ ਘਰੇਲੂ ਔਰਤ ਸੀ ਅਤੇ ਕਮੇਟੀਆਂ ਪਾਇਆ ਕਰਦੀ ਸੀ ਦਾ ਘਰ ਵਿਚ ਦਾਖਲ ਹੋਣ ਵਾਲੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਤਸੀਹੇ ਦੇ ਕੇ ਕਤਲ ਕਿਉਂ ਕੀਤਾ ਗਿਆ, ਇਸ ਨੂੰ ਲੈ ਕੇ ਜਿੱਥੇ ਪੁਲਸ ਵੱਖ-ਵੱਖਾਂ ਤੋਂ ਜਾਂਚ ਕਰ ਰਹੀ ਹੈ, ਉਥੇ ਹੀ ਲੋਕਾਂ ਵਿਚ ਸਹਿਮ ਭਰਿਆ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ। ਘਰ ਵਿਚ ਦਾਖਲ ਹੋਣ ਵਾਲੇ ਅਣਪਛਾਤੇ ਵਿਅਕਤੀ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਚੁੱਕੇ ਹਨ। ਇਹ ਵਾਰਦਾਤ ਉਸ ਵੇਲੇ ਵਾਪਰੀ ਜਦੋਂ ਕੁਲਦੀਪ ਕੌਰ ਦਾ 17 ਸਾਲਾ ਬੇਟਾ ਸਕੂਲ ਗਿਆ ਹੋਇਆ ਸੀ ਜਦਕਿ ਪਤੀ ਲਖਵਿੰਦਰ ਸਿੰਘ ਜੋ ਸਾਬਕਾ ਫੌਜੀ ਹੈ ਅਤੇ ਇਸ ਸਮੇਂ ਐੱਫ.ਸੀ.ਆਈ ਦੇ ਗੁਦਾਮ ਜੰਡਿਆਲਾ ਗੁਰੂ ਵਿਖੇ ਨੌਕਰੀ ਕਰਦਾ ਹੈ। ਪਤੀ ਲਖਵਿੰਦਰ ਸਿੰਘ ਅਤੇ ਬੇਟਾ ਜਦੋਂ ਸ਼ਾਮ ਸਮੇਂ ਘਰ ਅੰਦਰ ਪੁੱਜੇ ਤਾਂ ਕੁਲਦੀਪ ਕੌਰ ਦੀ ਮ੍ਰਿਤਕ ਦੇਹ ਨੂੰ ਵੇਖ ਕੇ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਇਸ ਖਬਰ ਦੀ ਸੂਚਨਾ ਤੁਰੰਤ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ਤੇ ਥਾਣਾ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਤੋਂ ਇਲਾਵਾ ਡੀ.ਐੱਸ.ਪੀ ਸਿਟੀ ਸੁਖਬੀਰ ਸਿੰਘ ਸਣੇ ਹੋਰ ਪੁਲਸ ਕਰਮਚਾਰੀ ਮੌਕੇ ’ਤੇ ਪੁੱਜੇ ਅਤੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈਂਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਮੁਖੀ ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਕੁਲਦੀਪ ਕੌਰ ਦੇ ਸਰੀਰ ਉਪਰ ਕਰੰਟ ਲਗਾਏ ਜਾਣ ਦੇ ਨਿਸ਼ਾਨ ਪਾਏ ਗਏ ਹਨ, ਜਿਸ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਸਿਵਲ ਹਸਪਤਾਲ ਤਰਨਤਾਰਨ ਤੋਂ ਸ਼ੁਕਰਵਾਰ ਕਰਵਾਇਆ ਜਾ ਰਿਹਾ ਹੈ ਜਦਕਿ ਇਸ ਸਬੰਧ ਵਿਚ ਪਤੀ ਲਖਵਿੰਦਰ ਸਿੰਘ ਦੇ ਬਿਆਨਾਂ ਹੇਠ ਅਣਪਛਾਤੇ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇੰਸਪੈਕਟਰ ਪਰਮਜੀਤ ਸਿੰਘ ਵਿਰਦੀ ਨੇ ਦੱਸਿਆ ਕਿ ਇਸ ਕਤਲ ਕੇਸ ਨੂੰ ਸੁਲਝਾਉਣ ਲਈ ਸੀ.ਆਈ.ਏ ਸਟਾਫ ਤੋਂ ਇਲਾਵਾ ਵੱਖ-ਵੱਖ ਟੀਮਾਂ ਵੱਲੋਂ ਆਪਣਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੇ ਚੱਲਦਿਆਂ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

