Bullets rained down on singer as he left the gym, this gang took responsibility
ਜਿਮ ਤੋਂ ਬਾਹਰ ਨਿਕਲੇ ਗਾਇਕ ‘ਤੇ ਮੀਂਹ ਵਾਂਗ ਵਰ੍ਹਾ ਤੀਆਂ ਗੋਲੀਆਂ, ਇਸ ਗੈਂਗ ਨੇ ਲਈ ਜ਼ਿੰਮੇਵਾਰੀ
ਸ਼ਾਮਲੀ (ਆਵਾਜ਼ਿ ਕੌਮ ਬਿਊਰੋ)-ਉੱਤਰ ਪ੍ਰਦੇਸ਼ ਧੇ ਸ਼ਾਮਲੀ ਜ਼ਿਲ੍ਹੇ ਵਿੱਚ ਹਰਿਆਣਵੀ ਗਾਇਕ ਅਤੇ ਅਦਾਕਾਰ ਅੰਕਿਤ ਬਾਲਿਆਨ ਦਾ ਜਿਮ ਤੋਂ ਬਾਹਰ ਨਿਕਲਦੇ ਸਮੇਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਵਾਰਦਾਤ ਮਗਰੋਂ ਗੋਗੀ ਗੈਂਗ ਨਾਲ ਕਥਿਤ ਤੌਰ ‘ਤੇ ਜੁੜੀ ਇੱਕ ਪੋਸਟ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਸ਼ਾਮਲੀ ਪੁਲਸ ਇਸ ਵੇਲੇ ਇਸ ਵਾਇਰਲ ਸੋਸ਼ਲ ਮੀਡੀਆ ਪੋਸਟ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਵਾਇਰਲ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਅੰਕਿਤ ਨੇ ਇੱਕ ਅਜਿਹਾ ਗਾਣਾ ਬਣਾਇਆ ਸੀ, ਜਿਸ ਦਾ ਵਿਸ਼ਾ ਗੈਂਗਸਟਰ ਜਤਿੰਦਰ ਗੋਗੀ ਦੇ ਕਤਲ ਦੀ ਘਟਨਾ ਨਾਲ ਮਿਲਦਾ-ਜੁਲਦਾ ਸੀ, ਜਿਸਦਾ ਰੋਹਿਣੀ ਕੋਰਟ ਦੇ ਅੰਦਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਸ਼ਾਮਲੀ ਦੇ ਐੱਸਪੀ ਐਨ.ਪੀ. ਸਿੰਘ ਨੇ ਕਿਹਾ ਕਿ ਪੁਲਸ ਪੋਸਟ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਗੋਗੀ ਗੈਂਗ ਅਤੇ ਅੰਕਿਤ ਵਿਚਕਾਰ ਕੋਈ ਪੁਰਾਣਾ ਵਿਵਾਦ ਚੱਲ ਰਿਹਾ ਸੀ। ਪੁਲਸ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕਰ ਰਹੀ ਹੈ ਅਤੇ ਪੁਰਾਣੀਆਂ ਦੁਸ਼ਮਣੀਆਂ ਅਤੇ ਨਿੱਜੀ ਵਿਵਾਦਾਂ ਸਮੇਤ ਸਾਰੇ ਸੰਭਾਵਿਤ ਕੋਣਾਂ ਦੀ ਜਾਂਚ ਕਰ ਰਹੀ ਹੈ। ਇਸ ਟਾਰਗੇਟਡ ਕਤਲ ਦੇ ਪਿੱਛੇ ਦਾ ਸਹੀ ਉਦੇਸ਼ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਦੱਸ ਦੇਈਏ ਕਿ ਅੰਕਿਤ ਬੁੱਧਵਾਰ ਸ਼ਾਮ 6:45 ਵਜੇ ਜਿਮ ਤੋਂ ਬਾਹਰ ਨਿਕਲਿਆ ਹੀ ਸੀ, ਉਸੇ ਦੌਰਾਨ 2 ਵਾਹਨਾਂ ਵਿੱਚ ਸਵਾਰ ਹੋ ਕੇ ਆਏ 4 ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਮੌਕੇ ‘ਤੇ ਪਹੁੰਚੀ ਅਤੇ ਬਾਲਿਆਨ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

