Terrorists’ new ‘digital trick’! Attack instructions being sent through these apps, agencies are also surprised
ਅੱਤਵਾਦੀਆਂ ਦੀ ਨਵੀਂ ‘ਡਿਜੀਟਲ ਚਾਲ’ ! ਇਨ੍ਹਾਂ ਐਪਸ ਰਾਹੀਂ ਭੇਜ ਰਹੇ ਹਮਲੇ ਦੇ ਨਿਰਦੇਸ਼, ਏਜੰਸੀਆਂ ਵੀ ਹੈਰਾਨ
ਸ਼੍ਰੀਨਗਰ (ਆਵਾਜ਼ਿ ਕੌਮ ਬਿਊਰੋ)-ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਤੇ ਆਈ. ਐੱਸ. ਆਈ. ਨੇ ਇਕ ਨਵਾਂ ਰਸਤਾ ਅਪਣਾਇਆ ਹੈ। ਦੋਹਾਂ ਦੀ ਇਕ ਨਵੀਂ ਗੁਪਤ ਮੈਸੇਜਿੰਗ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਉਹ ਅਸ਼ਲੀਲ ਸਾਈਟਾਂ ਤੇ ਐਨਕ੍ਰਿਪਟਡ ਐਪਸ ਰਾਹੀਂ ਹਮਲੇ ਦੇ ਨਿਰਦੇਸ਼ ਭੇਜ ਜਾ ਰਹੇ ਹਨ। ਸੁਰੱਖਿਆ ਏਜੰਸੀਆਂ ਤੋਂ ਬਚਣ ਲਈ ਅੱਤਵਾਦੀ ਵ੍ਹਟਸਐਪ ਨੂੰ ਛੱਡ ਰਹੇ ਹਨ ਤੇ ਅਸ਼ਲੀਲ ਵੈੱਬਸਾਈਟਾਂ ਦੇ ਲਾਈਵ ਚੈਟ, ਸੀਕ੍ਰੇਟ ਡੇਟਿੰਗ ਤੇ ਟੋਰ-ਆਧਾਰਿਤ ਐਪਸ ਦੀ ਵਰਤੋਂ ਕਰ ਰਹੇ ਹਨ। ਇਸ ਚੁਣੌਤੀ ਦਾ ਸਾਹਮਣਾ ਕਰਨ ਲਈ ਸੁਰੱਖਿਆ ਏਜੰਸੀਆਂ ਇਨ੍ਹਾਂ ਗੁਪਤ ਚੈਨਲਾਂ ਦੀ ਮੈਪਿੰਗ ਕਰ ਰਹੀਆਂ ਹਨ। ਸੁਰੱਖਿਆ ਏਜੰਸੀਆਂ ਨੇ ਜੰਮੂ-ਕਸ਼ਮੀਰ ’ਚ ਸਰਗਰਮ ਅੱਤਵਾਦੀਆਂ ਤੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਵੱਲੋਂ ਇਕ ਕਥਿਤ ਨਵੀਂ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਸੁਰੱਖਿਆ ਅਧਿਕਾਰੀਆਂ ਅਨੁਸਾਰ ਆਨਲਾਈਨ ਗੇਮਿੰਗ ਪਲੇਟਫਾਰਮਾਂ ’ਤੇ ਵਧੀ ਹੋਈ ਨਿਗਰਾਨੀ ਤੋਂ ਬਾਅਦ ਅੱਤਵਾਦੀ ਕਥਿਤ ਤੌਰ ’ਤੇ ਗੁਪਤ ਮੈਸੇਜਿੰਗ ਲਈ ਟੋਰ ਨੈੱਟਵਰਕ ’ਤੇ ਚੱਲ ਰਹੀਆਂ ਅਸ਼ਲੀਲ ਵੈੱਬਸਾਈਟਾਂ, ਗੁਪਤ ਡੇਟਿੰਗ ਵਿਸ਼ੇਸ਼ਤਾਵਾਂ ਤੇ ਐਨਕ੍ਰਿਪਟਡ ਐਪਸ ਦੀ ਵਰਤੋਂ ਕਰ ਰਹੇ ਹਨ। ਸੁਰੱਖਿਆ ਅਧਿਕਾਰੀਆਂ ਅਨੁਸਾਰ ਅੱਤਵਾਦੀ ਹੁਣ ਵ੍ਹਟਸਐਪ, ਸਿਗਨਲ ਤੇ ਫੇਸਬੁੱਕ ਵਰਗੇ ਆਮ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਬਚ ਰਹੇ ਹਨ। ਇਸ ਦੀ ਬਜਾਏ ਅਸ਼ਲੀਲ ਪਲੇਟਫਾਰਮਾਂ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਨ੍ਹਾਂ ਰਾਹੀਂ ਨੇੜਲੇ ਲੋਕਾਂ ਨਾਲ ਜੁੜਨਾ ਸੌਖਾ ਹੁੰਦਾ ਹੈ। ਇਹ ਦੋਸ਼ ਲਾਇਆ ਜਾਂਦਾ ਹੈ ਕਿ ਪਾਕਿਸਤਾਨ ਸਥਿਤ ਹੈਂਡਲਰ ਇਨ੍ਹਾਂ ਚੈਟ ਰੂਮਾਂ ਰਾਹੀਂ ਵਾਦੀ ਦੇ ਨੌਜਵਾਨਾਂ ਨਾਲ ਸੰਪਰਕ ਕਰਦੇ ਹਨ। ਫਿਰ ਉਹ ਉਨ੍ਹਾਂ ਨੂੰ ਭੜਕਾਉਣ ਤੇ ਹਮਲਿਆਂ ਲਈ ਨਿਰਦੇਸ਼ ਦੇਣ ਦੀ ਕੋਸ਼ਿਸ਼ ਕਰਦੇ ਹਨ। ਜਾਂਚ ’ਚ ਇਹ ਖੁਲਾਸਾ ਵੀ ਹੋਇਆ ਹੈ ਕਿ ਅੱਤਵਾਦੀ ਆਪਣੀ ਪਛਾਣ ਲੁਕਾਉਣ ਲਈ ‘ਕੋਟੈਕਸ’ ਅਤੇ ‘ਕੋਨੀਅਨ’ ਵਰਗੇ ਟੋਰ-ਅਾਧਾਰਿਤ ਐਨਕ੍ਰਿਪਟਡ ਮੈਸੇਜਿੰਗ ਐਪਸ ਦੀ ਵਰਤੋਂ ਕਰ ਰਹੇ ਹਨ। ਭਾਰਤ ’ਚ ਪਾਬੰਦੀਸ਼ੁਦਾ ਹੋਣ ਦੇ ਬਾਵਜੂਦ ਇਹ ਐਪਸ ਕਥਿਤ ਤੌਰ ’ਤੇ ਵੀ. ਆਈ. ਐੱਨ. ਰਾਹੀਂ ਡਾਊਨਲੋਡ ਕੀਤੇ ਜਾ ਰਹੇ ਹਨ। ਫਰਾਂਸ, ਵੀਅਤਨਾਮ ਤੇ ਚੀਨ ਨਾਲ ਜੁੜੇ ਹੋਰ ਐਪਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ’ਚੋਂ ਕੁਝ ਐਪਸ ਆਪਣੇ ਯੂਜ਼ਰਜ਼ ਨੂੰ ਸਿਮ ਕਾਰਡ, ਫੋਨ ਨੰਬਰ ਜਾਂ ਈਮੇਲ ਪਤੇ ਤੋਂ ਬਿਨਾਂ ਖਾਤੇ ਬਣਾਉਣ ਦੀ ਆਗਿਆ ਦਿੰਦੇ ਹਨ। ਇਹ ਕਦਮ ਸੁਰੱਖਿਆ ਏਜੰਸੀਆਂ ਲਈ ਖਪਤਕਾਰਾਂ ਦੀ ਪਛਾਣ ਕਰਨ ਲਈ ਇਕ ਚੁਣੌਤੀ ਪੈਦਾ ਕਰ ਸਕਦਾ ਹੈ। ਸੁਰੱਖਿਆ ਅਧਿਕਾਰੀਆਂ ਅਨੁਸਾਰ ਇਨ੍ਹਾਂ ’ਚੋਂ ਬਹੁਤ ਸਾਰੀਆਂ ਐਪਸ ਹੌਲੀ ਰਫਤਾਰ ਨਾਲ 2ਜੀ ਤੇ ਐੱਜ ਨੈੱਟਵਰਕਾਂ ’ਤੇ ਵੀ ਕੰਮ ਕਰ ਸਕਦੀਆਂ ਹਨ। ਇਸ ਨਾਲ ਦੂਰ-ਦੁਰਾਡੇ ਤੇ ਪਹੁੰਚ ਤੋਂ ਬਾਹਰ ਵਾਲੇ ਖੇਤਰਾਂ ’ਚ ਲੁਕੇ ਅੱਤਵਾਦੀਆਂ ਲਈ ਸੰਪਰਕ ਬਣਾਈ ਰੱਖਣਾ ਸੌਖਾ ਹੋ ਜਾਂਦਾ ਹੈ। ਕੁਝ ਪਲੇਟਫਾਰਮਾਂ ’ਤੇ ਭੇਜੇ ਗਏ ਮੈਸੇਜ ਆਪਣੇ ਆਪ ਗਾਇਬ ਹੋ ਜਾਂਦੇ ਹਨ। ਕੁਝ ਐਪਸ ’ਚ ਡਾਟਾ ਨੂੰ ਸਿੱਧੇ ਖਪਤਕਾਰ ਦੇ ਡਿਵਾਈਸ ’ਤੇ ਪ੍ਰਾਸੈੱਸ ਕੀਤਾ ਜਾਂਦਾ ਹੈ। ਇਸ ਨਾਲ ਤੀਜੀ ਧਿਰ ਲਈ ਗੱਲਬਾਤ ਤੇ ਡਾਟਾ ਨੂੰ ਟਰੈਕ ਕਰਨਾ ਔਖਾ ਹੋ ਸਕਦਾ ਹੈ। ਅੱਤਵਾਦੀਆਂ ਦੀ ਇਸ ਰਣਨੀਤੀ ਨੂੰ ਇਕ ਨਵੀਂ ਤਕਨੀਕੀ ਚੁਣੌਤੀ ਵਜੋਂ ਦੇਖਿਆ ਜਾ ਰਿਹਾ ਹੈ ਜੋ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਉੱਭਰ ਕੇ ਸਾਹਮਣੇ ਆਈ। ਇਹ ‘ਵਰਚੁਅਲ ਢੰਗ ਨਾਲ ਸਿਮ’ ਦੀ ਵਰਤੋਂ ਹੈ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਨੇ ਅੱਤਵਾਦੀਆਂ ਦੀਆਂ ਡਿਜੀਟਲ ਸਰਗਰਮੀਆਂ ਦੀ ਨਿਗਰਾਨੀ ਕਰਨ ਲਈ ਆਪਣੀ ਸਾਈਬਰ ਨਿਗਰਾਨੀ ਪ੍ਰਣਾਲੀ ਨੂੰ ਮਜ਼ਬੂਤ ਕੀਤਾ। ਹੁਣ ਇਨ੍ਹਾਂ ਨਵੇਂ ਤੇ ਘੱਟ ਨਿਗਰਾਨੀ ਵਾਲੇ ਸੰਚਾਰ ਚੈਨਲਾਂ ਦੀ ਵਰਤੋਂ ਕਰਨ ਵਾਲੇ ਅੱਤਵਾਦੀਆਂ ਬਾਰੇ ਜਾਣਕਾਰੀ ਸਾਹਮਣੇ ਆਉਣ ਦੇ ਨਾਲ ਸੁਰੱਖਿਆ ਏਜੰਸੀਆਂ ਆਪਣੀ ਨਿਗਰਾਨੀ ਵਧਾ ਰਹੀਆਂ ਹਨ।

