Entry-Exit system to be changed in Taj Mahal! This is how the crowd of tourists will be controlled
ਤਾਜ ਮਹਿਲ ‘ਚ ਬਦਲੇਗਾ Entry-Exit ਦਾ ਸਿਸਟਮ ! ਇਸ ਤਰ੍ਹਾਂ ਕਾਬੂ ਕੀਤੀ ਜਾਵੇਗੀ ਸੈਲਾਨੀਆਂ ਦੀ ਭੀੜ
ਆਗਰਾ (ਆਵਾਜ਼ਿ ਕੌਮ ਬਿਊਰੋ)- ਦੁਨੀਆ ਦੇ 7 ਅਜੂਬਿਆਂ ’ਚ ਸ਼ਾਮਲ ਤਾਜ ਮਹਿਲ ਨੂੰ ਸੈਲਾਨੀਆਂ ਦੀ ਵਧਦੀ ਭੀੜ ਦੇ ਦਬਾਅ ਤੋਂ ਬਚਾਉਣ ਲਈ ਹੁਣ ਦਾਖਲੇ ਅਤੇ ਨਿਕਾਸ ਦੀ ਵਿਵਸਥਾ ’ਚ ਵੱਡਾ ਬਦਲਾਅ ਕਰਨ ਦੀ ਤਿਆਰੀ ਹੈ। ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਨੇ ਤਾਜ ਮਹਿਲ ਦੀ ‘ਕੈਰੀਇੰਗ ਕੈਪੈਸਿਟੀ’ (ਭਾਵ ਇਕ ਸਮੇਂ ’ਚ ਯਾਦਗਾਰ ’ਚ ਸੁਰੱਖਿਅਤ ਢੰਗ ਨਾਲ ਮੌਜੂਦ ਰਹਿ ਸਕਣ ਵਾਲੇ ਸੈਲਾਨੀਆਂ ਦੀ ਵੱਧ ਤੋਂ ਵੱਧ ਗਿਣਤੀ) ਨਿਰਧਾਰਿਤ ਕਰਨ ਦੀ ਜ਼ਿੰਮੇਵਾਰੀ ਆਈ. ਆਈ. ਟੀ. ਦਿੱਲੀ ਨੂੰ ਸੌਂਪੀ ਹੈ। ਅਧਿਐਨ ਦੇ ਆਧਾਰ ’ਤੇ ਤੈਅ ਹੋਵੇਗਾ ਕਿ ਇਕ ਸਮੇਂ ’ਚ ਤਾਜ ਮਹਿਲ ਕੰਪਲੈਕਸ ਅਤੇ ਮੁੱਖ ਮਕਬਰੇ ’ਚ ਕਿੰਨੇ ਸੈਲਾਨੀਆਂ ਨੂੰ ਦਾਖਲਾ ਦਿੱਤਾ ਜਾ ਸਕਦਾ ਹੈ। ਆਈ. ਆਈ. ਟੀ. ਦਿੱਲੀ ਦੀ ਟੀਮ ਤਾਜ ਮਹਿਲ ’ਚ ਸੈਲਾਨੀਆਂ ਦੀ ਆਵਾਜਾਈ ਦਾ ਵਿਸਥਾਰਤ ਅਧਿਐਨ ਕਰੇਗੀ। ਇਸ ’ਚ ਦਾਖਲਾ ਅਤੇ ਨਿਕਾਸ ਮਾਰਗ, ਟਿਕਟਿੰਗ ਵਿਵਸਥਾ, ਸੁਰੱਖਿਆ ਜਾਂਚ ਅਤੇ ਵੱਖ-ਵੱਖ ਥਾਵਾਂ ’ਚ ਭੀੜ ਦੇ ਦਬਾਅ ਨੂੰ ਦੇਖਿਆ ਜਾਵੇਗਾ। ਪ੍ਰਤੀ ਘੰਟਾ ਕਿੰਨੇ ਸੈਲਾਨੀਆਂ ਨੂੰ ਦਾਖਲਾ ਦਿੱਤਾ ਜਾਵੇ ਅਤੇ ਮੁੱਖ ਮਕਬਰੇ ’ਚ ਸੈਲਾਨੀਆਂ ਦੇ ਠਹਿਰਨ ਦੀ ਵੱਧ ਤੋਂ ਵੱਧ ਮਿਆਦ ਕਿੰਨੀ ਹੋਵੇ, ਇਸ ਦੀ ਵੀ ਵਿਗਿਆਨਕ ਸਮੀਖਿਆ ਕੀਤੀ ਜਾਵੇਗੀ। ਇਸ ਤੋਂ ਇਲਾਵਾ ਪੀਕ ਸੀਜ਼ਨ, ਐਤਵਾਰ ਅਤੇ ਜਨਤਕ ਛੁੱਟੀਆਂ ਦੇ ਦਿਨਾਂ ‘ਚ ਭੀੜ ਨੂੰ ਕੰਟਰੋਲ ਕਰਨ ਲਈ ਵੱਖ-ਵੱਖ ਸਮੇਂ ਦੇ ਸਲਾਟ ਜਾਂ ਚਰਨਬੱਧ ਟਿਕਟ ਵਿਵਸਥਾ ਲਾਗੂ ਕਰਨ ਦੀ ਲੋੜ ਦਾ ਵੀ ਅਧਿਐਨ ਹੋਵੇਗਾ। ਅਧਿਐਨ ਸਿਰਫ਼ ਸੈਲਾਨੀਆਂ ਦੀ ਗਿਣਤੀ ਤੱਕ ਸੀਮਿਤ ਨਹੀਂ ਰਹੇਗਾ। ਤਾਜ ਮਹਿਲ ਦੇ ਸੰਗਮਰਮਰ, ਪੱਥਰਾਂ ਅਤੇ ਜੜਾਊ ਕੰਮ ’ਤੇ ਵਧਦੀ ਭੀੜ ਦੇ ਪ੍ਰਭਾਵ ਦੀ ਵੀ ਸਮੀਖਿਆ ਕੀਤੀ ਜਾਵੇਗੀ। ਸੈਲਾਨੀਆਂ ਦੀ ਗਿਣਤੀ ਵਧਣ ਨਾਲ ਪੈਦਾ ਹੋਣ ਵਾਲੀ ਨਮੀ ਅਤੇ ਵਾਤਾਵਰਣਕ ਬਦਲਾਅ ਯਾਦਗਾਰ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰ ਰਹੇ ਹਨ, ਇਸ ਨੂੰ ਵੀ ਅਧਿਐਨ ਰਿਪੋਰਟ ’ਚ ਸ਼ਾਮਲ ਕੀਤਾ ਜਾਵੇਗਾ। ਏ. ਐੱਸ. ਆਈ. ਦੀ ਸੁਪਰਡੈਂਟ ਪੁਰਾਤੱਤਵ-ਵਿਗਿਆਨੀ ਡਾ. ਸਮਿਥਾ ਐੱਸ. ਕੁਮਾਰ ਅਨੁਸਾਰ ਆਈ. ਆਈ. ਟੀ. ਦਿੱਲੀ ਤੋਂ ਕੈਰੀਇੰਗ ਕੈਪੈਸਿਟੀ ਦਾ ਅਧਿਐਨ ਕਰਵਾਉਣ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ ਅਤੇ ਬਜਟ ਅਲਾਟਮੈਂਟ ਲਈ ਭੇਜਿਆ ਗਿਆ ਹੈ। ਟੀਮ ਜਲਦੀ ਹੀ ਅਧਿਐਨ ਸ਼ੁਰੂ ਕਰੇਗੀ। ਰਿਪੋਰਟ ਮਿਲਣ ਤੋਂ ਬਾਅਦ ਲਗਭਗ 6 ਮਹੀਨਿਆਂ ਅੰਦਰ ਨਵੀਂ ਵਿਵਸਥਾ ਲਾਗੂ ਕਰਨ ਦੀ ਤਿਆਰੀ ਹੈ। ਤਾਜ ਮਹਿਲ ਦੀ ਕੈਰੀਇੰਗ ਕੈਪੈਸਿਟੀ ਅਤੇ ਭੀੜ ਪ੍ਰਬੰਧਨ ਨੂੰ ਲੈ ਕੇ ਸਾਲ 2015 ’ਚ ਨੈਸ਼ਨਲ ਐਨਵਾਇਰਮੈਂਟਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ (ਐੱਨ. ਈ. ਈ. ਆਰ. ਆਈ.) ਵੀ ਅਧਿਐਨ ਕਰ ਚੁੱਕਾ ਹੈ। ਉਸ ਸਮੇਂ ਇਕ ਨਾਲ ਲਗਭਗ 9,000 ਸੈਲਾਨੀਆਂ ਦੀ ਹੱਦ ਅਤੇ ਪ੍ਰਤੀ ਘੰਟਾ ਵੱਧ ਤੋਂ ਵੱਧ 6,000 ਸੈਲਾਨੀਆਂ ਦੇ ਦਾਖਲੇ ਦਾ ਸੁਝਾਅ ਦਿੱਤਾ ਗਿਆ ਸੀ। ਐੱਨ. ਈ. ਈ. ਆਰ. ਆਈ. ਨੇ ਭੀੜ ਕੰਟਰੋਲ ਕਰਨ ਲਈ ਡਿਜੀਟਲ ਡਿਸਪਲੇਅ ਅਤੇ ਚਰਨਬੱਧ ਟਿਕਟਿੰਗ ਵਿਵਸਥਾ ਦੀ ਸਿਫਾਰਸ਼ ਵੀ ਕੀਤੀ ਸੀ। ਹਾਲਾਂਕਿ ਹੁਣ ਲਗਭਗ ਇਕ ਦਹਾਕੇ ਬਾਅਦ ਸੈਲਾਨੀਆਂ ਦੀ ਗਿਣਤੀ, ਸੁਰੱਖਿਆ ਵਿਵਸਥਾ ਅਤੇ ਯਾਦਗਾਰ ’ਤੇ ਵਧਦੇ ਦਬਾਅ ਨੂੰ ਦੇਖਦੇ ਹੋਏ ਨਵੇਂ ਸਿਰੇ ਤੋਂ ਮਾਪਦੰਡ ਤੈਅ ਕੀਤੇ ਜਾਣਗੇ। ਆਈ. ਆਈ. ਟੀ. ਦਿੱਲੀ ਦੀ ਰਿਪੋਰਟ ਆਉਣ ਤੋਂ ਬਾਅਦ ਤਾਜ ਮਹਿਲ ’ਚ ਸੈਲਾਨੀਆਂ ਦੀ ਗਿਣਤੀ ਨੂੰ ਵਿਗਿਆਨਕ ਆਧਾਰ ’ਤੇ ਕੰਟਰੋਲ ਕਰਨ ਦੀ ਵਿਵਸਥਾ ਤਿਆਰ ਹੋਵੇਗੀ। ਇਸ ਦਾ ਮਕਸਦ ਸੈਲਾਨੀਆਂ ਨੂੰ ਬਿਹਤਰ ਅਨੁਭਵ ਦੇਣ ਦੇ ਨਾਲ-ਨਾਲ ਇਤਿਹਾਸਕ ਯਾਦਗਾਰ ਦੇ ਢਾਂਚੇ ਨੂੰ ਬਹੁਤ ਜ਼ਿਆਦਾ ਭੀੜ ਦੇ ਸੰਭਾਵੀ ਨੁਕਸਾਨ ਤੋਂ ਬਚਾਉਣਾ ਹੈ। ਨਵੀਂ ਵਿਵਸਥਾ ਲਾਗੂ ਹੋਣ ’ਤੇ ਦਾਖਲੇ, ਮੁੱਖ ਮਕਬਰੇ ’ਚ ਠਹਿਰਾਅ ਅਤੇ ਨਿਕਾਸ ਤਿੰਨੋਂ ਪੱਧਰਾਂ ’ਚ ਭੀੜ ਦਾ ਦਬਾਅ ਕੰਟਰੋਲ ਕੀਤਾ ਜਾ ਸਕੇਗਾ।

