Impact of PM Modi’s appeal: People have distanced themselves from gold; trade deficit has narrowed
PM ਮੋਦੀ ਦੀ ਅਪੀਲ ਦਾ ਅਸਰ, ਲੋਕਾਂ ਨੇ ਸੋਨੇ ਤੋਂ ਬਣਾਈ ਦੂਰੀ, ਵਪਾਰ ਘਾਟੇ ’ਚ ਆਈ ਕਮੀ
New Delhi, (ਆਵਾਜ਼ਿ ਕੌਮ ਬਿਊਰੋ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਾਲ ਹੀ ’ਚ ਡਾਲਰ ਬਚਾਉਣ ਲਈ ਦੇਸ਼ ਵਾਸੀਆਂ ਨੂੰ ਸੋਨਾ ਨਾ ਖਰੀਦਣ ਦੀ ਅਪੀਲ ਕੀਤੀ ਸੀ। ਲੱਗਦਾ ਹੈ ਉਸ ਦਾ ਅਸਰ ਦਿਖਾਈ ਦੇ ਰਿਹਾ ਹੈ ਕਿਉਂਕਿ ਲੋਕਾਂ ਨੇ ਸੋਨੇ ਤੋਂ ਦੂਰੀ ਬਣਾ ਲਈ ਹੈ। ਭਾਰਤ ਦੀ ਸੋਨੇ ਦੀ ਦਰਾਮਦ ਅਗਸਤ ’ਚ ਸਾਲਾਨਾ ਆਧਾਰ ’ਤੇ 57.7 ਫੀਸਦੀ ਘੱਟ ਕੇ 2.3 ਅਰਬ ਅਮਰੀਕੀ ਡਾਲਰ ਰਹਿ ਗਈ, ਜੋ ਅਗਸਤ, 2025 ’ਚ 5.4 ਅਰਬ ਡਾਲਰ ਸੀ। ਉੱਥੇ ਹੀ ਦੂਜੇ ਪਾਸੇ ਭਾਰਤ ਦੀ ਵਸਤੂ ਬਰਾਮਦ ਅਗਸਤ ’ਚ ਸਾਲਾਨਾ ਆਧਾਰ ’ਤੇ 26.1 ਫੀਸਦੀ ਵਧ ਕੇ 43.81 ਅਰਬ ਡਾਲਰ ਹੋ ਗਈ ਹੈ। ਇਹ ਬਰਾਮਦ ’ਚ ਦੇਸ਼ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਇਹ ਇਸ ਗੱਲ ਦੀ ਵੀ ਪੁਸ਼ਟੀ ਕਰਦਾ ਹੈ ਕਿ ਦੇਸ਼ ਦਾ ਬਰਾਮਦ ਖੇਤਰ ਲਗਾਤਾਰ ਮਜ਼ਬੂਤ ਪ੍ਰਦਰਸ਼ਨ ਕਰ ਰਿਹਾ ਹੈ। ਇਹ ਜਾਣਕਾਰੀ ਸਰਕਾਰ ਵੱਲੋਂ ਜਾਰੀ ਕੀਤੇ ਅੰਕੜਿਆਂ ਤੋਂ ਮਿਲਦੀ ਹੈ। ਵਣਜ ਸਕੱਤਰ ਰਾਜੇਸ਼ ਅਗਰਵਾਲ ਨੇ ਅੰਕੜਿਆਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਬਰਾਮਦ ਵਾਧੇ ਦੀ ਚੰਗੀ ਰਫਤਾਰ ਬਣੀ ਹੋਈ ਹੈ ਅਤੇ ਇਸ ’ਚ ਹੋਰ ਤੇਜ਼ੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਵਿੱਤੀ ਸਾਲ 2026-27 ਦੇ ਪਹਿਲੇ 5 ਮਹੀਨਿਆਂ ’ਚ ਦਰਾਮਦ ’ਚ ਵਾਧਾ ਮਜ਼ਬੂਤ ਘਰੇਲੂ ਆਰਥਿਕ ਵਿਸਥਾਰ, ਊਰਜਾ ਦੀਆਂ ਵਧਦੀਆਂ ਲੋੜਾਂ ਅਤੇ ਨਿਰਮਾਣ ਖੇਤਰ ਦੇ ਤੇਜ਼ ਵਾਧੇ ਨੂੰ ਬਣਾਏ ਰੱਖਣ ਲਈ ਜ਼ਰੂਰੀ ਮਹੱਤਵਪੂਰਨ ਕੱਚੇ ਮਾਲ ਅਤੇ ਹੋਰ ਵਸਤਾਂ ਦੀ ਮੰਗ ਕਾਰਨ ਹੋਇਆ ਹੈ। ਇਸ ਨਾਲ ਵਪਾਰ ਘਾਟਾ ਵੀ ਵਧਿਆ ਹੈ। ਇਸ ਦੌਰਾਨ ਦੇਸ਼ ਦੇ ਵਪਾਰ ਘਾਟੇ ’ਚ ਵੀ ਕਮੀ ਦੇਖਣ ਨੂੰ ਮਿਲੀ ਹੈ। ਦੇਸ਼ ’ਚ ਅਗਸਤ ’ਚ ਵਪਾਰ ਘਾਟਾ 26.86 ਅਰਬ ਡਾਲਰ ’ਤੇ ਰਿਹਾ, ਜੋ ਕਿ ਇਕ ਸਾਲ ਪਹਿਲਾਂ ਇਸੇ ਮਿਆਦ ’ਚ 27.22 ਅਰਬ ਡਾਲਰ ’ਤੇ ਸੀ। ਇਸ ਸਾਲ ਜੁਲਾਈ ’ਚ ਵਪਾਰ ਘਾਟਾ 32 ਅਰਬ ਡਾਲਰ ਸੀ। ਅਗਸਤ ’ਚ ਵਸਤੂ ਦਰਾਮਦ ਸਾਲਾਨਾ ਆਧਾਰ ’ਤੇ 26 ਫੀਸਦੀ ਵਧ ਕੇ 72.67 ਅਰਬ ਡਾਲਰ ’ਤੇ ਰਹੀ ਹੈ, ਜੋ ਕਿ ਇਸ ਸਾਲ ਜੁਲਾਈ ’ਚ 76.22 ਅਰਬ ਡਾਲਰ ਸੀ। ਮਹੀਨਾਵਾਰ ਆਧਾਰ ’ਤੇ ਅਗਸਤ ’ਚ ਬਰਾਮਦ ’ਚ ਵੀ ਕਮੀ ਦਰਜ ਕੀਤੀ ਗਈ ਹੈ, ਜੋ ਕਿ ਜੁਲਾਈ ’ਚ 44.24 ਅਰਬ ਡਾਲਰ ’ਤੇ ਸੀ। ਆਰ. ਬੀ. ਆਈ. ਦੇ ਇਸ ਮਹੀਨੇ ਦੀ ਸ਼ੁਰੂਆਤ ’ਚ ਜਾਰੀ ਅੰਕੜਿਆਂ ਅਨੁਸਾਰ ਚਾਲੂ ਵਿੱਤੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ ਭਾਰਤ ਦਾ ਚਾਲੂ ਖਾਤਾ ਘਾਟਾ (ਸੀ. ਏ. ਡੀ.) 4.2 ਅਰਬ ਡਾਲਰ ਰਿਹਾ। ਪੱਛਮੀ ਏਸ਼ੀਆ ਸੰਕਟ ਕਾਰਨ ਗਲੋਬਲ ਮਾਰਕੀਟ ’ਚ ਤੇਲ, ਐੱਲ. ਪੀ. ਜੀ. ਅਤੇ ਫਰਟੀਲਾਈਜ਼ਰ ਦੀਆਂ ਕੀਮਤਾਂ ਵਧਣ ਦੇ ਬਾਵਜੂਦ ਇਹ ਜੀ. ਡੀ. ਪੀ. ਦਾ 0.5 ਫੀਸਦੀ ਬਣਿਆ ਰਿਹਾ। ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਸੀ. ਏ. ਡੀ. ਦਾ ਅੰਦਾਜ਼ਾ ਜੀ. ਡੀ. ਪੀ. ਦਾ 0.4 ਫੀਸਦੀ ਸੀ।

