SFJ’s big threat regarding BRICS summit, demands support for Khalistan from US
*ਬ੍ਰਿਕਸ ਸੰਮੇਲਨ ਨੂੰ ਲੈ ਕੇ ਐਸਐਫਜੇ ਦੀ ਵੱਡੀ ਧਮਕੀ, ਅਮਰੀਕਾ ਤੋਂ ਖ਼ਾਲਿਸਤਾਨ ਦੇ ਸਮਰਥਨ ਦੀ ਮੰਗ *“ਅਮਰੀਕਾ ਖ਼ਾਲਿਸਤਾਨ ਦਾ ਸਮਰਥਨ ਕਰੇ, ਅਸੀਂ ਬ੍ਰਿਕਸ ਨੂੰ ਇੱਟ-ਇੱਟ ਕਰਕੇ ਤੋੜ ਦਿਆਂਗੇ” – ਪੰਨੂ *ਦਿੱਲੀ ਦੇ ਸਿੰਘੂ ਬਾਰਡਰ ਸਮੇਤ ਤਿੰਨ ਥਾਵਾਂ ’ਤੇ ਖ਼ਾਲਿਸਤਾਨੀ ਝੰਡੇ ਲਹਿਰਾਉਣ ਅਤੇ ਟਰੰਪ ਪੱਖੀ ਨਾਅਰੇ ਲਿਖਣ ਦਾ ਦਾਅਵਾ
ਲੰਡਨ – (ਸਰਬਜੀਤ ਸਿੰਘ ਬਨੂੜ/(ਆਵਾਜ਼ਿ ਕੌਮ ਬਿਊਰੋ)- ਅਮਰੀਕਾ ਆਧਾਰਤ ਸਿੱਖਸ ਫਾਰ ਜਸਟਿਸ (ਐਸਐਫਜੇ) ਦੇ ਜਨਰਲ ਕੌਂਸਲ ਗੁਰਪਤਵੰਤ ਸਿੰਘ ਪੰਨੂੰ ਨੇ ਆਗਾਮੀ ਬ੍ਰਿਕਸ ਸੰਮੇਲਨ ਨੂੰ ਨਿਸ਼ਾਨਾ ਬਣਾਉਂਦਿਆਂ ਇੱਕ ਵਿਵਾਦਪੂਰਨ ਬਿਆਨ ਜਾਰੀ ਕੀਤਾ ਹੈ। ਪੰਨੂ ਨੇ ਬ੍ਰਿਕਸ ਗਠਜੋੜ ਨੂੰ ਅਮਰੀਕੀ ਸਰਵਉੱਚਤਾ ਲਈ ਚੁਣੌਤੀ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਅਮਰੀਕਾ ਆਜ਼ਾਦ ਖ਼ਾਲਿਸਤਾਨ ਦਾ ਸਮਰਥਨ ਕਰਦਾ ਹੈ ਤਾਂ ਖ਼ਾਲਿਸਤਾਨ ਸਮਰਥਕ ਤਾਕਤਾਂ ਬ੍ਰਿਕਸ ਨੂੰ “ਇੱਟ-ਇੱਟ ਕਰਕੇ ਤੋੜਨ” ਲਈ ਤਿਆਰ ਹਨ।
ਐਸਐਫਜੇ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ, ਜਥੇਬੰਦੀ ਦੇ ਵਿੰਗ ‘ਸਿੱਖ ਹੋਮਲੈਂਡ ਸਿਕਿਓਰਿਟੀ’ (ਐਸਐਚਐਸ) ਦੇ ਸਮਰਥਕਾਂ ਨੇ ਦਿੱਲੀ ਦੇ ਸਿੰਘੂ ਬਾਰਡਰ, ਰਾਜੀਵ ਗਾਂਧੀ ਸਪੋਰਟਸ ਕੰਪਲੈਕਸ ਅਤੇ ਗੁਰੂ ਤੇਗ ਬਹਾਦਰ ਮੈਮੋਰੀਅਲ ਕੰਪਲੈਕਸ ਵਿਖੇ ਖ਼ਾਲਿਸਤਾਨੀ ਝੰਡੇ ਲਹਿਰਾਏ ਅਤੇ ਟਰੰਪ ਤੇ ਅਮਰੀਕਾ ਦੇ ਸਮਰਥਨ ਵਿੱਚ ਨਾਅਰੇ ਲਿਖੇ। ਜਥੇਬੰਦੀ ਨੇ “ਮੋਦੀ ਦਾ ਬ੍ਰਿਕਸ ਟਰੰਪ ਅਤੇ ਅਮਰੀਕਾ ਵਿਰੋਧੀ ਹੈ” ਅਤੇ “ਮੋਦੀ ਦੇ ਬ੍ਰਿਕਸ ਨੂੰ ਖ਼ਤਮ ਕਰੋ” ਵਰਗੇ ਨਾਅਰੇ ਲਿਖਣ ਦਾ ਵੀ ਦਾਅਵਾ ਕੀਤਾ ਹੈ।
ਪੰਨੂੰ ਨੇ 12 ਅਤੇ 13 ਸਤੰਬਰ ਨੂੰ ਹੋਣ ਵਾਲੇ ਬ੍ਰਿਕਸ ਸੰਮੇਲਨ ਦੀਆਂ ਮੁੱਖ ਗਤੀਵਿਧੀਆਂ ਵਿੱਚ ਵਿਘਨ ਪਾਉਣ ਦੀ ਧਮਕੀ ਦਿੰਦਿਆਂ ਕਿਹਾ ਕਿ ਖ਼ਾਲਿਸਤਾਨ ਸਮਰਥਕ ਸਿੱਖ ਇਸ ਲਈ ਪੂਰੀ ਤਰ੍ਹਾਂ ਲਾਮਬੰਦ ਹਨ। ਉਨ੍ਹਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦੇਸ਼ ਨੀਤੀ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਭਾਰਤ ਅਮਰੀਕਾ ਨਾਲ ਸਬੰਧ ਰੱਖਦਿਆਂ ਉਸ ਦੇ ਵਿਰੋਧੀ ਦੇਸ਼ਾਂ ਨਾਲ ਵੀ ਨੇੜਤਾ ਵਧਾ ਰਿਹਾ ਹੈ।
ਟਰੰਪ ਪ੍ਰਸ਼ਾਸਨ ਅੱਗੇ ਰੱਖੀ ਰਣਨੀਤਕ ਪੇਸ਼ਕਸ਼
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸਿੱਧਾ ਸੰਬੋਧਨ ਕਰਦਿਆਂ ਪੰਨੂੰ ਨੇ ਕਿਹਾ ਕਿ ਜੇਕਰ ਅਮਰੀਕਾ ‘ਅਮਰੀਕਾ ਫਸਟ’ ਨੀਤੀ ਨੂੰ ਸੁਰੱਖਿਅਤ ਰੱਖਣਾ, ਡਾਲਰ ਨੂੰ ਬ੍ਰਿਕਸ ਨਾਲ ਜੁੜੀਆਂ ਵਿੱਤੀ ਚੁਣੌਤੀਆਂ ਤੋਂ ਬਚਾਉਣਾ ਅਤੇ ਚੀਨ, ਰੂਸ ਤੇ ਇਰਾਨ ਦੇ ਮੁਕਾਬਲੇ ਦੱਖਣੀ ਏਸ਼ੀਆ ਵਿੱਚ ਜ਼ਮੀਨੀ ਸਮਰਥਨ ਹਾਸਲ ਕਰਨਾ ਚਾਹੁੰਦਾ ਹੈ ਤਾਂ ਟਰੰਪ ਪ੍ਰਸ਼ਾਸਨ ਨੂੰ ਇੱਕ ਪ੍ਰਭੂਸੱਤਾ ਸੰਪੰਨ ਸਿੱਖ ਰਾਜ ਦਾ ਸਮਰਥਨ ਕਰਨਾ ਚਾਹੀਦਾ ਹੈ।
ਪੰਨੂੰ ਨੇ ਦਾਅਵਾ ਕੀਤਾ ਕਿ ‘ਸਿੱਖ ਹੋਮਲੈਂਡ ਸਿਕਿਓਰਿਟੀ’ ਦੱਖਣੀ ਏਸ਼ੀਆ ਵਿੱਚ ਅਮਰੀਕਾ ਦੇ ਸਭ ਤੋਂ ਵਫ਼ਾਦਾਰ ਸਹਿਯੋਗੀ ਵਜੋਂ ਕੰਮ ਕਰ ਸਕਦੀ ਹੈ। ਉਨ੍ਹਾਂ ਨੇ ਖ਼ਾਲਿਸਤਾਨ ਦੀ ਸਥਾਪਨਾ ਨੂੰ ਅਮਰੀਕਾ ਲਈ ਇੱਕ ਰਣਨੀਤਕ ਸੰਪਤੀ ਵਜੋਂ ਪੇਸ਼ ਕਰਦਿਆਂ ਬ੍ਰਿਕਸ ਨੂੰ ਕਮਜ਼ੋਰ ਕਰਨ, ਭਾਰਤ ਨੂੰ ਅਲੱਗ-ਥਲੱਗ ਕਰਨ ਅਤੇ ਚੀਨ ਤੇ ਰੂਸ ਦੇ ਪ੍ਰਭਾਵ ਨੂੰ ਸੀਮਤ ਕਰਨ ਦੀ ਗੱਲ ਕੀਤੀ।
ਰੈਫਰੈਂਡਮ ਦੇ ਨਾਲ ਹਥਿਆਰਾਂ ਸਬੰਧੀ ਵਿਵਾਦਪੂਰਨ ਬਿਆਨ
ਪੰਨੂੰ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਇਸ ਸਮੇਂ ਗਲੋਬਲ ਖ਼ਾਲਿਸਤਾਨ ਰੈਫਰੈਂਡਮ ਰਾਹੀਂ ਲੋਕਤੰਤਰਿਕ ਢੰਗ ਨਾਲ ਪੰਜਾਬ ਦੀ ਆਜ਼ਾਦੀ ਲਈ ਮੁਹਿੰਮ ਚਲਾ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਭਾਰਤੀ ਰਾਜ ਨੂੰ ਤੋੜਨ ਲਈ ਅਮਰੀਕਾ ਦੀ ਪਸੰਦ ਦੇ “ਹਥਿਆਰ” ਦੀ ਵਰਤੋਂ ਕਰਨ ਲਈ ਤਿਆਰ ਹੋਣ ਦਾ ਵਿਵਾਦਪੂਰਨ ਬਿਆਨ ਵੀ ਦਿੱਤਾ।
ਆਪਣੀ ਜਾਨ ਨੂੰ ਖ਼ਤਰੇ ਬਾਰੇ ਪੰਨੂ ਨੇ ਕਿਹਾ, “ਮੈਂ ਮੌਤ ਤੋਂ ਨਹੀਂ ਡਰਦਾ ਅਤੇ ਨਾ ਹੀ ਭਾਰਤ ਦੀਆਂ ਗੋਲੀਆਂ ਤੋਂ ਡਰਦਾ ਹਾਂ। ਮੈਂ ਪੰਜਾਬ ਦੀ ਆਜ਼ਾਦੀ ਲਈ ਮਰਨ ਨੂੰ ਤਿਆਰ ਹਾਂ ਅਤੇ ਅਮਰੀਕਾ ਦੀ ਸਰਵਉੱਚਤਾ ਕਾਇਮ ਰੱਖਣ ਲਈ ਵੀ ਮਰਨ ਨੂੰ ਤਿਆਰ ਹਾਂ।”


