Two planes collide in mid-air! 4 pilots lose their lives at Manila Airbase
ਹਵਾ ਵਿਚਾਲੇ 2 ਜਹਾਜ਼ਾਂ ਦੀ ਹੋ ਗਈ ਟੱਕਰ ! ਮਨੀਲਾ ਏਅਰਬੇਸ ‘ਤੇ 4 ਪਾਇਲਟਾਂ ਦੀ ਗਈ ਜਾਨ
Manila, (ਆਵਾਜ਼ਿ ਕੌਮ ਬਿਊਰੋ)-ਦੱਖਣ-ਪੂਰਬੀ ਏਸ਼ੀਆਈ ਦੇਸ਼ ਫਿਲੀਪੀਨਜ਼ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਹਵਾ ਵਿਚਾਲੇ 2 ਜਹਾਜ਼ਾਂ ਦੀ ਆਪਸ ‘ਚ ਭਿਆਨਕ ਟੱਕਰ ਹੋ ਗਈ। ਇਸ ਟੱਕਰ ‘ਚ ਦੋਵਾਂ ਜਹਾਜ਼ਾਂ ‘ਚ ਸਵਾਰ 4 ਪਾਇਲਟਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਇਹ ਹਾਦਸਾ ਮਨੀਲਾ ਤੋਂ ਦੱਖਣ ਵੱਲ ਸਥਿਤ ‘ਫਰਨਾਂਡੋ ਏਅਰ ਬੇਸ’ ‘ਚ ਆਰਮੀ ਟ੍ਰੇਨਿੰਗ ਦੌਰਾਨ ਵਾਪਰਿਆ, ਜਦੋਂ ਫਿਲੀਪੀਨ ਏਅਰ ਫੋਰਸ ਦੇ 2 ਟ੍ਰੇਨੀ ਜਹਾਜ਼ SF-260 ਹਵਾ ਵਿਚਾਲੇ ਹੀ ਆਪਸ ‘ਚ ਟਕਰਾ ਕੇ ਕ੍ਰੈਸ਼ ਹੋ ਗਏ। ਫਿਲੀਪੀਨ ਏਅਰ ਫੋਰਸ ਦੇ ਬੁਲਾਰੇ ਕਰਨਲ ਐਲਵਿਨ ਕਾਪਿੰਗੂਈਅਨ ਨੇ ਸ਼ਨੀਵਾਰ ਨੂੰ ਇਸ ਹਾਦਸੇ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਦੁਪਹਿਰ ਨੂੰ ਉਸ ਸਮੇਂ ਵਾਪਰਿਆ, ਜਦੋਂ ਦੋਵੇਂ ‘SF-260’ ਸਿੰਗਲ ਪ੍ਰੋਪੈਲਰ ਜਹਾਜ਼ ਟ੍ਰੇਨੀ ਫਲਾਈਟ ‘ਤੇ ਸਨ। ਇਸੇ ਦੌਰਾਨ ਹਵਾ ਵਿਚਾਲੇ ਦੋਵਾਂ ਜਹਾਜ਼ਾਂ ਦੀ ਟੱਕਰ ਹੋ ਗਈ, ਜਿਸ ਮਗਰੋਂ ਦੋਵੇਂ ਜਹਾਜ਼ ਏਅਰ ਬੇਸ ਦੀ ਚਾਰਦੀਵਾਰੀ ਦੇ ਅੰਦਰ ਹੀ ਕ੍ਰੈਸ਼ ਹੋ ਕੇ ਜਾ ਡਿੱਗੇ। ਇਸ ਹਾਦਸੇ ‘ਚ 4 ਪਾਇਲਟਾਂ ਦੀ ਮੌਤ ਹੋ ਗਈ ਹੈ, ਹਾਲਾਂਕਿ ਕਿਸੇ ਹੋਰ ਆਮ ਨਾਗਰਿਕ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ। ਫਿਲਹਾਲ ਏਅਰ ਫੋਰਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਫਿਲੀਪੀਨਜ਼ ਏਅਰ ਫੋਰਸ ਨੇ ਆਪਣੇ SF-260 ਜਹਾਜ਼ਾਂ ਦੇ ਪੂਰੇ ਬੇੜੇ ਦੀਆਂ ਉਡਾਣਾਂ ‘ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਫਿਲੀਪੀਨਜ਼ ‘ਚ ਫੌਜੀ ਜਹਾਜ਼ਾਂ ਦੇ ਕ੍ਰੈਸ਼ ਹੋਣ ਦੀਆਂ ਘਟਨਾਵਾਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਮਈ ਮਹੀਨੇ ‘ਚ ਵੀ ਉੱਤਰੀ ਫਿਲੀਪੀਨਜ਼ ਦੇ ਬੇਂਗੁਏਟ ਸੂਬੇ ‘ਚ ਇੱਕ ਹੋਰ SF-260 ਜਹਾਜ਼ ਹਾਦਸਾਗ੍ਰਸਤ ਹੋਣ ਨਾਲ ਦੋ ਫੌਜੀ ਪਾਇਲਟਾਂ ਦੀ ਮੌਤ ਹੋ ਗਈ ਸੀ। ਅਜਿਹੇ ‘ਚ ਇਸ ਤਾਜ਼ਾ ਹਾਦਸੇ ਨੇ ਫਿਲੀਪੀਨਜ਼ ਏਅਰ ਫੋਰਸ ਲਈ ਗੰਭੀਰ ਚਿੰਤਾ ਖੜ੍ਹੀ ਕਰ ਦਿੱਤੀ ਹੈ।

