Sheikh Hasina’s daughter Saima resigns as WHO regional head, big decision amid allegations of scam
ਸ਼ੇਖ ਹਸੀਨਾ ਦੀ ਧੀ ਸਾਇਮਾ ਨੇ WHO ਦੇ ਖੇਤਰੀ ਮੁਖੀ ਅਹੁਦੇ ਤੋਂ ਦਿੱਤਾ ਅਸਤੀਫ਼ਾ, ਘਪਲੇ ਦੇ ਦੋਸ਼ਾਂ ਵਿਚਾਲੇ ਵੱਡਾ ਫ਼ੈਸਲਾ
ਢਾਕਾ (ਆਵਾਜ਼ਿ ਕੌਮ ਬਿਊਰੋ)- ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੀ ਧੀ ਸਾਇਮਾ ਵਾਜੇਦ ਨੇ ਵਿਸ਼ਵ ਸਿਹਤ ਸੰਗਠਨ (WHO) ਦੇ ਦੱਖਣ-ਪੂਰਬੀ ਏਸ਼ੀਆ ਖੇਤਰ ਦੀ ਖੇਤਰੀ ਡਾਇਰੈਕਟਰ (ਮੁਖੀ) ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਆਪਣਾ ਅਸਤੀਫ਼ਾ ਸੌਂਪਿਆ, ਜੋ ਕਿ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਹੈ। ਸਾਇਮਾ ਵਾਜੇਦ ਵਿਰੁੱਧ ਵਿੱਤੀ ਧੋਖਾਧੜੀ ਅਤੇ ਫਰਜ਼ੀਵਾੜੇ ਦੇ ਦੋਸ਼ਾਂ ਤਹਿਤ ਜਾਂਚ ਚੱਲ ਰਹੀ ਸੀ। ਸਾਇਮਾ ਵਾਜੇਦ ਨੇ ਸਾਲ 2024 ਦੀ ਸ਼ੁਰੂਆਤ ਵਿੱਚ 5 ਸਾਲਾਂ ਦੇ ਕਾਰਜਕਾਲ ਲਈ WHO ਦੇ ਦੱਖਣ-ਪੂਰਬੀ ਏਸ਼ੀਆ ਖੇਤਰ ਦੇ ਰੀਜਨਲ ਡਾਇਰੈਕਟਰ ਦਾ ਪਦ ਸੰਭਾਲਿਆ ਸੀ। ਹਾਲਾਂਕਿ, ਮਾਰਚ 2025 ਵਿੱਚ ਬੰਗਲਾਦੇਸ਼ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨੇ ਉਨ੍ਹਾਂ ਵਿਰੁੱਧ ਧੋਖਾਧੜੀ ਦੇ ਦੋਸ਼ ਲਗਾਏ ਸਨ। ਇਸ ਤੋਂ ਬਾਅਦ ਜੁਲਾਈ 2025 ਵਿੱਚ WHO ਨੇ ਉਨ੍ਹਾਂ ਨੂੰ ਬਿਨਾਂ ਤਨਖਾਹ ਪ੍ਰਸ਼ਾਸਕੀ ਛੁੱਟੀ ‘ਤੇ ਭੇਜ ਦਿੱਤਾ ਸੀ। WHO ਵੱਲੋਂ ਉਨ੍ਹਾਂ ‘ਤੇ ਚੀਨ ਯਾਤਰਾ ਦੇ ਖਰਚਿਆਂ ਵਿੱਚ ਵਿੱਤੀ ਧੋਖਾਧੜੀ ਕਰਨ ਅਤੇ ਉਨ੍ਹਾਂ ਦੀ ਵਿਦਿਅਕ ਯੋਗਤਾ ‘ਤੇ ਸਵਾਲ ਚੁੱਕੇ ਗਏ ਸਨ। ਇਸ ਤੋਂ ਇਲਾਵਾ ਉਨ੍ਹਾਂ ‘ਤੇ ਬੰਗਲਾਦੇਸ਼ ਵਿੱਚ ਗਲਤ ਤਰੀਕੇ ਨਾਲ ਜ਼ਮੀਨ ਦਾ ਪਲਾਟ ਹਾਸਲ ਕਰਨ ਦਾ ਵੀ ਦੋਸ਼ ਲਗਾਇਆ ਗਿਆ ਸੀ। ਸਾਇਮਾ ਵਾਜੇਦ ਅਤੇ ਉਨ੍ਹਾਂ ਦੇ ਵਕੀਲਾਂ ਨੇ ਇਹਨਾਂ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ। ਜ਼ਮੀਨ ਦੇ ਮਾਮਲੇ ‘ਤੇ ਸਪੱਸ਼ਟੀਕਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਜ਼ਮੀਨ ਉਨ੍ਹਾਂ ਨੇ WHO ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਦੇਸ਼ ਦੇ ਸੁਤੰਤਰਤਾ ਅੰਦੋਲਨ ਦੇ ਨੇਤਾ ਸ਼ੇਖ ਮੁਜੀਬੁਰ ਰਹਿਮਾਨ ਦੇ ਪਰਿਵਾਰ ਨਾਲ ਜੁੜੇ ਕਾਨੂੰਨ ਤਹਿਤ ਹਾਸਲ ਕੀਤੀ ਸੀ। ਸਾਇਮਾ ਵਾਜੇਦ ਦਾ ਇਹ ਅਸਤੀਫ਼ਾ ਬੰਗਲਾਦੇਸ਼ ਵਿੱਚ 2024 ਦੇ ਮੱਧ ਵਿੱਚ ਹੋਏ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸ਼ੇਖ ਹਸੀਨਾ ਦੇ ਸੱਤਾ ਤੋਂ ਹਟਣ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਵਧਦੇ ਰਾਜਨੀਤਿਕ ਦਬਾਅ ਦੇ ਵਿਚਕਾਰ ਆਇਆ ਹੈ। ਫਿਲਹਾਲ ਸ਼ੇਖ ਹਸੀਨਾ ਭਾਰਤ ਵਿੱਚ ਰਹਿ ਰਹੀ ਹਨ। ਸਾਇਮਾ ਵਾਜੇਦ ਦੇ ਅਸਤੀਫ਼ੇ ਤੋਂ ਬਾਅਦ WHO ਹੁਣ ਅਗਲੇ ਮਹੀਨੇ ਨਵੇਂ ਖੇਤਰੀ ਮੁਖੀ ਦੀ ਚੋਣ ਪ੍ਰਕਿਰਿਆ ਸ਼ੁਰੂ ਕਰੇਗਾ।

