Youth enters school, shoots and kills female teacher, then…
ਸਕੂਲ ‘ਚ ਵੜ ਕੇ ਨੌਜਵਾਨ ਨੇ ਮਹਿਲਾ ਟੀਚਰ ਦਾ ਗੋਲ਼ੀ ਮਾਰ ਕਰ’ਤਾ ਕਤਲ, ਮਗਰੋਂ ਖ਼ੁਦ…
ਲਖੀਮਪੁਰ ਖੀਰੀ (ਆਵਾਜ਼ਿ ਕੌਮ ਬਿਊਰੋ)-ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਇਕ ਨੌਜਵਾਨ ਨੇ ਬ੍ਰੇਕਅੱਪ ਤੋਂ ਨਾਰਾਜ਼ ਹੋ ਕੇ ਇਕ ਸਕੂਲ ਅੰਦਰ ਮਹਿਲਾ ਅਧਿਆਪਕਾ ਨੂੰ ਗੋਲੀ ਮਾਰ ਦਿੱਤੀ। ਫਿਰ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ। ਇਸ ਘਟਨਾ ’ਚ ਦੋਵਾਂ ਦੀ ਮੌਤ ਹੋ ਗਈ। ਫਾਇਰਿੰਗ ਕਾਰਨ ਸਕੂਲ ’ਚ ਦਹਿਸ਼ਤ ਫੈਲ ਗਈ ਤੇ ਬੱਚੇ ਡਰ ਗਏ। ਸ਼ੁਰੂਆਤੀ ਜਾਣਕਾਰੀ ਅਨੁਸਾਰ, ਨਿਸ਼ਾਤ ਫਾਤਿਮਾ ਦਾ ਸਾਊਦ ਅੰਸਾਰੀ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਹਾਲ ਹੀ ‘ਚ ਟੀਚਰ ਨੇ ਸਾਊਦ ਨਾਲ ਬ੍ਰੇਕਅੱਪ ਕਰ ਲਿਆ ਸੀ। ਇਸ ਗੱਲ ਤੋਂ ਨਾਰਾਜ਼ ਹੋ ਕੇ ਦੋਸ਼ੀ ਵਾਰਦਾਤ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਬੰਦੂਕ ਲੈ ਕੇ ਸਕੂਲ ਕੰਪਲੈਕਸ ‘ਚ ਦਾਖ਼ਲ ਹੋਇਆ ਸੀ। ਪੁਲਸ ਅਨੁਸਾਰ ਲਗਭਗ 30 ਸਾਲ ਦਾ ਮੁਹੰਮਦ ਸਾਊਦ ਸਦਰ ਕੋਤਵਾਲੀ ਖੇਤਰ ਦੇ ਸ਼ਾਹਪੁਰਾ ਕੋਠੀ ’ਚ ਸਥਿਤ ਚਿਲਡਰਨ ਅਕੈਡਮੀ ਸਕੂਲ ‘ਚ ਪਿਸਤੌਲ ਲੈ ਕੇ ਪਹੁੰਚਿਆ। ਉਹ ਉੱਥੇ ਲਗਭਗ ਇਕ ਸਾਲ ਤੋਂ ਪੜ੍ਹਾ ਰਹੀ 28 ਸਾਲਾ ਅਧਿਆਪਕਾ ਨਿਸ਼ਾਤ ਫਾਤਿਮਾ ਨੂੰ ਮਿਲਿਆ। ਉਹ ਗੱਲਾਂ ਕਰਦੇ-ਕਰਦੇ ਸਕੂਲ ਦੀ ਦੂਜੀ ਮੰਜ਼ਿਲ ’ਤੇ ਪਹੁੰਚ ਗਏ। ਅਚਾਨਕ ਨੌਜਵਾਨ ਨੇ ਆਪਣੇ ਬੈਗ ’ਚੋਂ ਪਿਸਤੌਲ ਕੱਢਿਆ ਤੇ ਫਾਤਿਮਾ ਨੂੰ ਗੋਲੀ ਮਾਰ ਦਿੱਤੀ। ਫਿਰ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਗੋਲੀ ਦੀ ਆਵਾਜ਼ ਸੁਣ ਕੇ ਅਧਿਆਪਕ ਤੇ ਬੱਚੇ ਬਾਹਰ ਆਏ ਤੇ ਦੋਵਾਂ ਨੂੰ ਖੂਨ ਨਾਲ ਲੱਥਪੱਥ ਵੇਖਿਆ। ਪੁਲਸ ਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ। ਐੱਸ. ਪੀ. ਡਾ. ਖ਼ਿਆਤੀ ਗਰਗ ਨੇ ਦੱਸਿਆ ਕਿ ਇਹ ਘਟਨਾ ਸਵੇਰੇ 11:30 ਵਜੇ ਦੇ ਕਰੀਬ ਵਾਪਰੀ। ਪੁਲਸ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ। ਨਾਲ ਹੀ ਦੋਵਾਂ ਦੇ ਪਰਿਵਾਰਾਂ ਤੋਂ ਜਾਣਕਾਰੀ ਇਕੱਠੀ ਕਰ ਰਹੀ ਹੈ। ਇਕ ਫੋਰੈਂਸਿਕ ਟੀਮ ਨੇ ਘਟਨਾ ਵਾਲੀ ਥਾਂ ਤੋਂ ਸਬੂਤ ਇਕੱਠੇ ਕੀਤੇ।

