3 Indians abducted while attempting to enter the US via the ‘donkey’ route; ₹1 crore demanded for their release
ਡੌਂਕੀ ਲਾ ਕੇ US ਜਾ ਰਹੇ 3 ਭਾਰਤੀ ਹੋਏ ਅਗਵਾ ! ਰਿਹਾਈ ਬਦਲੇ ਮੰਗਿਆ 1 ਕਰੋੜ
Washington, (ਆਵਾਜ਼ਿ ਕੌਮ ਬਿਊਰੋ)-ਡੋਂਕੀ ਲਗਾ ਕੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਗੁਜਰਾਤ ਦੇ 3 ਨਾਗਰਿਕ ਇਥੋਪੀਆ ਪਹੁੰਚ ਕੇ ਲਾਪਤਾ ਹੋ ਗਏ ਹਨ, ਜਿਨ੍ਹਾਂ ਦੇ ਪਰਿਵਾਰਾਂ ਨੇ ਉਨ੍ਹਾਂ ਨੂੰ ਅਗਵਾ ਕੀਤੇ ਜਾਣ ਅਤੇ ਰਿਹਾਈ ਬਦਲੇ 1 ਕਰੋੜ ਰੁਪਏ ਦੀ ਫ਼ਿਰੌਤੀ ਮੰਗੇ ਜਾਣ ਦਾ ਦਾਅਵਾ ਕੀਤਾ ਹੈ। ਅਗਵਾ ਹੋਏ ਇਨ੍ਹਾਂ ਤਿੰਨਾਂ ਵਿਅਕਤੀਆਂ ਵਿੱਚ ਦੋ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹਨ, ਜੋ ਆਪਸ ਵਿੱਚ ਰਿਸ਼ਤੇਦਾਰ ਹਨ। ਰਿਸ਼ਤੇਦਾਰਾਂ ਅਨੁਸਾਰ ਉਹ ਮਹਿਸਾਨਾ ਜ਼ਿਲ੍ਹੇ ਦੇ ਇੱਕ ਏਜੰਟ ਦੀ ਮਦਦ ਨਾਲ 20 ਸਤੰਬਰ ਨੂੰ ਗੁਜਰਾਤ ਤੋਂ ਰਵਾਨਾ ਹੋਏ ਸਨ, ਜਿਸ ਨੇ ਉਨ੍ਹਾਂ ਨੂੰ ਵਡੋਦਰਾ ਦੇ ਇੱਕ ਹੋਰ ਏਜੰਟ ਨਾਲ ਜੋੜਿਆ ਸੀ। ਤਿੰਨੋਂ ਪਹਿਲੇ ਗੁਜਰਾਤ ਤੋਂ ਰਾਜਸਥਾਨ ਅਤੇ ਫਿਰ ਜੈਪੂਰ ਪਹੁੰਚੇ। ਇਸ ਮਗਰੋਂ ਏਤੀਹਾਦ ਏਅਰਵੇਜ਼ ਦੀ ਫਲਾਈਟ ਵਿਚ ਅਬੂਧਾਬੀ ਗਏਅਤੇ ਉੱਥੋਂ ਇਥੋਪੀਆ ਪਹੁੰਚੇ। ਉਨ੍ਹਾਂ ਕੋਲ 19 ਸਤੰਬਰ ਤੋਂ 19 ਅਕਤੂਬਹ ਤੱਕ ਦਾ ਵੈਧ ਇਥੋਪਾਆਈ ਵੀ-ਵੀਜ਼ਾ ਵੀ ਸੀ। ਪੁਲਿਸ ਮੁਤਾਬਕ 22 ਸਤੰਬਰ ਤੋਂ ਉਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪਤਾ ਹੋਏ ਵਿਅਕਤੀਆਂ ਦੀ ਪਛਾਣ ਮਹਿਸਾਨਾ ਦੇ ਵਡਸਮਾ ਪਿੰਡ ਦੇ ਰੁਤਵਿਕ ਜਾਨਸਾਰੀ, ਮਹਿਸਾਨਾ ਦੀ ਰਹਿਣ ਵਾਲੀ ਅਤੇ ਹੁਣ ਅਹਿਮਦਾਬਾਦ ‘ਚ ਰਹਿ ਰਹੀ ਮਮਤਾ ਚਾਵੜਾ ਅਤੇ ਗਾਂਧੀਨਗਰ ਦੀ ਮਯੂਰੀ ਵਜੋਂ ਹੋਈ ਹੈ। ਮਮਤਾ ਦੇ ਪਿਤਾ ਕਿਰੀਟਭਾਈ ਚੌਹਾਨ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਅਮਰੀਕਾ ਭੇਜਣ ਲਈ ਪ੍ਰਤੀ ਵਿਅਕਤੀ ਕਰੀਬ 70 ਤੋਂ 75 ਲੱਖ ਰੁਪਏ ਦਾ ਸੌਦਾ ਏਜੰਟ ਨਾਲ ਤੈਅ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਥੋਪੀਆ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਬੰਧਕ ਬਣਾ ਲਿਆ ਗਿਆ ਅਤੇ ਅਗਵਾਕਾਰਾਂ ਨੇ ਉਨ੍ਹਾਂ ਦੀ ਰਿਹਾਈ ਬਦਲੇ 1 ਕਰੋੜ ਰੁਪਏ ਦੀ ਮੰਗ ਕੀਤੀ ਹੈ। ਤਵਿਕ ਦੇ ਦਾਦਾ ਕਾਨੂਭਾਈ ਜਾਨਸਾਰੀ ਨੇ ਦਾਅਵਾ ਕੀਤਾ ਕਿ ਅਗਵਾਕਾਰਾਂ ਨੂੰ 60 ਲੱਖ ਰੁਪਏ ਪਹਿਲਾਂ ਹੀ ਅਦਾ ਕੀਤੇ ਜਾ ਚੁੱਕੇ ਹਨ। ਸਥਾਨਕ ਏਜੰਟ ਨੇ ਵੀ 1 ਕਰੋੜ ਰੁਪਏ ਦੀ ਫ਼ਿਰੌਤੀ ਮੰਗੇ ਜਾਣ ਦੀ ਪੁਸ਼ਟੀ ਕੀਤੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਆਪਣੀ ਸਾਰੀ ਜਮ੍ਹਾਂ ਪੂੰਜੀ ਲਗਾ ਚੁੱਕੇ ਹਨ ਅਤੇ ਹੁਣ ਬੇਵੱਸ ਹਨ, ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇ। ਘਣਜ ਪੁਲਿਸ ਥਾਣੇ ਦੇ ਇੰਸਪੈਕਟਰ ਏ. ਐੱਮ. ਗਹਿਲੋਤ ਨੇ ਦੱਸਿਆ ਕਿ ਮਮਤਾ ਦੇ ਪਿਤਾ ਨੇ ਮੰਗਲਵਾਰ ਨੂੰ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਮਮਤਾ ਦਾ ਪਤੀ ਚਿਰਾਗ ਕੁਮਾਰ ਲਗਭਗ ਛੇ ਮਹੀਨੇ ਪਹਿਲਾਂ ਸਟੂਡੈਂਟ ਵੀਜ਼ੇ ‘ਤੇ ਅਮਰੀਕਾ ਗਿਆ ਸੀ। ਮਮਤਾ ਨੇ ਕਈ ਵਾਰ ਅਮਰੀਕੀ ਵੀਜ਼ਾ ਹਾਸਲ ਕਰਨ ਦੀ ਅਸਫ਼ਲ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਗੈਰ-ਕਾਨੂੰਨੀ ਢੰਗ ਰਾਹੀਂ ਅਮਰੀਕਾ ਭੇਜਣ ਲਈ ਵਿਚੋਲਿਆਂ ਨਾਲ ਸੰਪਰਕ ਕੀਤਾ ਸੀ।

