Massive fire breaks out at a three-story clothing showroom! Flames rose high into the air
ਤਿੰਨ ਮੰਜ਼ਿਲਾਂ ਕੱਪੜਿਆਂ ਦੇ ਸ਼ੋਅਰੂਮ ‘ਚ ਲੱਗੀ ਭਿਆਨਕ ਅੱਗ! ਦੂਰ ਤੱਕ ਉੱਠੀਆਂ ਲਪਟਾਂ
ਖੰਨਾ (ਆਵਾਜ਼ਿ ਕੌਮ ਬਿਊਰੋ)-ਖੰਨਾ ਦੇ ਮੁੱਖ ਬਾਜ਼ਾਰ ‘ਚ ਧੋਬੀਆਂ ਵਾਲੀ ਗਲੀ ਸਥਿਤ ਕੱਪੜਿਆਂ ਦੇ ਇਕ ਨਾਮਵਰ ਸ਼ੋਅਰੂਮ ਦੇਵ ਕਲੈਕਸਨ ‘ਚ ਵੀਰਵਾਰ ਸਵੇਰੇ ਭਿਆਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਤਿੰਨ ਮੰਜ਼ਿਲਾ ਸ਼ੋਅਰੂਮ ਦੀਆਂ ਦੋ ਮੰਜ਼ਿਲਾਂ ਅੱਗ ਦੀ ਲਪੇਟ ‘ਚ ਆ ਗਈਆਂ। ਸ਼ੋਅਰੂਮ ‘ਚ ਪਿਆ ਵੱਡੀ ਮਾਤਰਾ ‘ਚ ਕੱਪੜਿਆਂ ਦਾ ਸਟਾਕ ਸੜ ਕੇ ਸੁਆਹ ਹੋ ਗਿਆ, ਜਿਸ ਕਾਰਨ ਲੱਖਾਂ ਰੁਪਏ ਦੇ ਨੁਕਸਾਨ ਦਾ ਖ਼ਦਸ਼ਾ ਹੈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਕਾਫ਼ੀ ਜੱਦੋ-ਜ਼ਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਫਾਇਰ ਕਰਮਚਾਰੀਆਂ ਨੇ ਅੱਗ ਨੂੰ ਨਾਲ ਲੱਗਦੀਆਂ ਦੁਕਾਨਾਂ ਅਤੇ ਇਮਾਰਤਾਂ ਤੱਕ ਫੈਲਣ ਤੋਂ ਰੋਕਿਆ। ਹਾਲਾਂਕਿ ਤੰਗ ਬਾਜ਼ਾਰ ਹੋਣ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਮੌਕੇ ਤੱਕ ਪਹੁੰਚਣ ਅਤੇ ਅੱਗ ’ਤੇ ਕਾਬੂ ਪਾਉਣ ‘ਚ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਫਾਇਰ ਅਫ਼ਸਰ ਦਿਲਸ਼ਾਦ ਖਾਨ ਨੇ ਦੱਸਿਆ ਕਿ ਬਾਜ਼ਾਰ ਦੀਆਂ ਤੰਗ ਗਲੀਆਂ ਕਾਰਨ ਰਾਹਤ ਕਾਰਜ ਚਲਾਉਣਾ ਆਸਾਨ ਨਹੀਂ ਸੀ। ਅੱਗ ’ਤੇ ਕਾਬੂ ਪਾਉਣ ਲਈ ਲਗਭਗ 400 ਫੁੱਟ ਤੱਕ ਪਾਈਪ ਵਿਛਾ ਕੇ ਪਾਣੀ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਸ਼ੋਅਰੂਮ ਦੇ ਅੰਦਰ ਫਾਇਰ ਸੇਫਟੀ ਪ੍ਰਬੰਧਾਂ ਨੂੰ ਲੈ ਕੇ ਗੰਭੀਰ ਕਮੀਆਂ ਸਾਹਮਣੇ ਆਈਆਂ ਹਨ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਤਿੰਨ ਮੰਜ਼ਿਲਾ ਅਤੇ ਵੱਡੇ ਪੱਧਰ ’ਤੇ ਕੱਪੜਿਆਂ ਦਾ ਕਾਰੋਬਾਰ ਕਰਨ ਵਾਲੇ ਸ਼ੋਅਰੂਮ ‘ਚ ਇਕ ਵੀ ਅੱਗ ਬੁਝਾਊ ਯੰਤਰ ਮੌਜੂਦ ਨਹੀਂ ਸੀ। ਫਾਇਰ ਅਧਿਕਾਰੀ ਮੁਤਾਬਕ ਸ਼ੋਅਰੂਮ ਕੋਲ ਫਾਇਰ NOC ਵੀ ਨਹੀਂ ਸੀ। ਕੱਪੜਿਆਂ ਵਰਗੇ ਆਸਾਨੀ ਨਾਲ ਅੱਗ ਫੜਨ ਵਾਲੇ ਸਮਾਨ ਨਾਲ ਭਰੀ ਇੰਨੀ ਵੱਡੀ ਇਮਾਰਤ ਵਿੱਚ ਮੁੱਢਲੇ ਅੱਗ ਬੁਝਾਊ ਪ੍ਰਬੰਧ ਨਾ ਹੋਣਾ ਫਾਇਰ ਸੇਫਟੀ ਨਿਯਮਾਂ ਦੀ ਪਾਲਣਾ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਇਹ ਘਟਨਾ ਸਿਰਫ਼ ਇਕ ਸ਼ੋਅਰੂਮ ਤੱਕ ਸੀਮਿਤ ਨਹੀਂ ਰਹੀ, ਸਗੋਂ ਇਸ ਨੇ ਖੰਨਾ ਦੇ ਭੀੜ-ਭਾੜ ਵਾਲੇ ਮੁੱਖ ਬਾਜ਼ਾਰਾਂ ‘ਚ ਫਾਇਰ ਸੇਫਟੀ ਪ੍ਰਬੰਧਾਂ ਦੀ ਹਕੀਕਤ ਵੀ ਸਾਹਮਣੇ ਲਿਆ ਦਿੱਤੀ ਹੈ। ਜੇਕਰ ਅੱਗ ’ਤੇ ਸਮੇਂ ਸਿਰ ਕਾਬੂ ਨਾ ਪਾਇਆ ਜਾਂਦਾ ਤਾਂ ਤੰਗ ਗਲੀਆਂ ਅਤੇ ਨਾਲ ਲੱਗਦੀਆਂ ਦੁਕਾਨਾਂ ਕਾਰਨ ਅੱਗ ਹੋਰ ਵੀ ਵੱਡਾ ਰੂਪ ਧਾਰ ਸਕਦੀ ਸੀ। ਹੁਣ ਸਵਾਲ ਇਹ ਵੀ ਹੈ ਕਿ ਬਿਨਾਂ ਫਾਇਰ NOC ਅਤੇ ਲੋੜੀਂਦੇ ਅੱਗ ਬੁਝਾਊ ਪ੍ਰਬੰਧਾਂ ਦੇ ਇੰਨੇ ਵੱਡੇ ਸ਼ੋਅਰੂਮ ਨੂੰ ਕਾਰੋਬਾਰ ਚਲਾਉਣ ਦੀ ਇਜਾਜ਼ਤ ਕਿਵੇਂ ਮਿਲੀ ਅਤੇ ਸਬੰਧਤ ਵਿਭਾਗਾਂ ਵੱਲੋਂ ਸਮੇਂ-ਸਮੇਂ ’ਤੇ ਜਾਂਚ ਕਿਉਂ ਨਹੀਂ ਕੀਤੀ ਗਈ? ਮਾਮਲੇ ‘ਚ ਪ੍ਰਸ਼ਾਸਨ ਵੱਲੋਂ ਜਾਂਚ ਕਰਕੇ ਜ਼ਿੰਮੇਵਾਰੀ ਤੈਅ ਕਰਨ ਦੀ ਲੋੜ ਹੈ।

