Punjabi youths to face jail in America! You will be shocked to learn what they did
ਅਮਰੀਕਾ ‘ਚ ਪੰਜਾਬੀ ਨੌਜਵਾਨਾਂ ਨੂੰ ਹੋਵੇਗੀ ਜੇਲ੍ਹ !
California, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਅਦਾਲਤ ‘ਚ ਕੈਲੀਫੋਰਨੀਆ ਦੀ ਜਿਊਰੀ ਵੱਲੋਂ ਲਗਭਗ 2 ਮਿਲੀਅਨ ਡਾਲਰ (ਕਰੀਬ 19.19 ਕਰੋੜ ਰੁਪਏ) ਦੀ ਠੱਗੀ ਅਤੇ ਚੋਰੀ ਦੇ ਮਾਮਲੇ ਵਿੱਚ ਦੋ ਪੰਜਾਬੀਆਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਯੂ.ਐੱਸ. ਅਟਾਰਨੀ ਆਫ਼ਿਸ ਅਨੁਸਾਰ, ਦੋਸ਼ੀਆਂ ਨੇ ਫਰਜ਼ੀ ਦਸਤਾਵੇਜ਼ਾਂ ਅਤੇ ਟਰੱਕਿੰਗ ਕੰਪਨੀਆਂ ਰਾਹੀਂ ਸ਼ਿਪਿੰਗ ਕਾਂਟਰੈਕਟ ਲਏ, ਪਰ ਕਰੋੜਾਂ ਰੁਪਏ ਦਾ ਸਾਮਾਨ ਤੈਅ ਟਿਕਾਣਿਆਂ ‘ਤੇ ਪਹੁੰਚਾਉਣ ਦੀ ਬਜਾਏ ਰਸਤੇ ‘ਚ ਹੀ ਚੋਰੀ ਕਰ ਲਿਆ। ਇਸ ਮਾਮਲੇ ‘ਚ 7 ਦਿਨਾਂ ਤੱਕ ਅਦਾਲਤੀ ਸੁਣਵਾਈ ਚੱਲੀ, ਜਿਸ ਮਗਰੋਂ ਜਿਊਰੀ ਨੇ ਸੈਕਰੋਮੈਂਟੋ ਦੇ ਰਹਿਣ ਵਾਲੇ ਅਰਸ਼ਪ੍ਰੀਤ ਸਿੰਘ (28 ਸਾਲ) ਨੂੰ ਇੰਟਰਸਟੇਟ ਕਾਰਗੋ ਚੋਰੀ ਦੀ ਸਾਜ਼ਿਸ਼ ਦੇ ਮਾਮਲੇ ‘ਚ ਦੋਸ਼ੀ ਪਾਇਆ ਗਿਆ ਹੈ। ਇਸ ਮਾਮਲੇ ‘ਚ ਉਸ ਨੂੰ ਫੈਡਰਲ ਜੇਲ੍ਹ ‘ਚ 20 ਸਾਲ ਤੱਕ ਕੈਦ ਦੀ ਸਜ਼ਾ ਹੋ ਸਕਦੀ ਹੈ। ਦੂਜੇ ਮੁਲਜ਼ਮ ਫੋਂਟਾਨਾ ਦੇ ਰਹਿਣ ਵਾਲੇ ਵਿਕਰਮਜੀਤ ਸਿੰਘ (31 ਸਾਲ) ‘ਤੇ ਕਾਰਗੋ ਚੋਰੀ ਦੀ ਸਾਜ਼ਿਸ਼ ਰਚਣ ਦਾ ਦੋਸ਼ ਸਾਬਿਤ ਹੋਇਆ ਹੈ, ਜਦਕਿ ਆਨਲਾਈਨ ਠੱਗੀ (ਵਾਇਰ ਫ੍ਰੌਡ) ਦੇ ਦੋਸ਼ ਤੋਂ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ। ਉਸ ਨੂੰ ਇਸ ਮਾਮਲੇ ‘ਚ 5 ਸਾਲ ਤੱਕ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਅਮਰੀਕੀ ਜ਼ਿਲ੍ਹਾ ਜੱਜ ਐਨ ਹਵਾਂਗ ਵੱਲੋਂ ਦੋਵਾਂ ਦੋਸ਼ੀਆਂ ਦੀ ਸਜ਼ਾ ਦਾ ਐਲਾਨ 20 ਜਨਵਰੀ 2027 ਨੂੰ ਕੀਤਾ ਜਾਵੇਗਾ। ਇਹ ਗਿਰੋਹ ਮਾਰਚ 2024 ਤੋਂ ਜੂਨ 2025 ਦੇ ਵਿਚਕਾਰ ਦੱਖਣੀ ਕੈਲੀਫੋਰਨੀਆ ਅਤੇ ਟੈਕਸਾਸ ਦੇ ਲੌਜਿਸਟਿਕ ਹੱਬਾਂ ‘ਚ ਸਰਗਰਮ ਸੀ। ਅਰਸ਼ਪ੍ਰੀਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਬੋਲੀਆਂ ਲਗਾਉਣ ਲਈ ਪਹਿਲਾਂ ਤੋਂ ਸਥਾਪਿਤ ਟਰੱਕਿੰਗ ਕੰਪਨੀਆਂ ਜਿਵੇਂ Z&F Transportation LLC ਅਤੇ Skyways Trucking LLC ਨੂੰ ਫਰਜ਼ੀ ਤਰੀਕੇ ਨਾਲ ਵਰਤਿਆ ਸੀ। ‘ਉਬਰ ਫ੍ਰੇਟ’ ਵਰਗੇ ਬ੍ਰੋਕਰਾਂ ਰਾਹੀਂ ਮਾਲ ਚੁੱਕਣ ਤੋਂ ਬਾਅਦ, ਉਹ ਉਸ ਮਾਲ ਨੂੰ ਗਾਹਕਾਂ ਤੱਕ ਨਹੀਂ ਪਹੁੰਚਾਉਂਦੇ ਸੀ, ਸਗੋਂ ਉਸ ਨੂੰ ਰਸਤੇ ‘ਚ ਹੀ ਚੋਰੀ ਕਰ ਲੈਂਦੇ ਸੀ। ਚੋਰੀ ਕੀਤੇ ਸਾਮਾਨ ‘ਚ ਮੁੱਖ ਤੌਰ ‘ਤੇ ਟੀ.ਵੀ., ਲੈਪਟਾਪ, ਸੋਲਰ ਪੈਨਲ, ਘਰੇਲੂ ਇਲੈਕਟ੍ਰਿਕ ਉਪਕਰਨ, ਵੈਕਿਊਮ ਕਲੀਨਰ, ਜੁੱਤੀਆਂ ਅਤੇ ਟਾਇਰ ਵਰਗੀਆਂ ਮਹਿੰਗੀਆਂ ਚੀਜ਼ਾਂ ਸ਼ਾਮਲ ਸਨ। ਇਸ ਵੱਡੇ ਨੈੱਟਵਰਕ ਦਾ ਪਰਦਾਫਾਸ਼ FBI ਦੀ ‘ਇਨਲੈਂਡ ਵਾਇਲੈਂਟ ਕ੍ਰਾਈਮ ਸਪ੍ਰੈਸ਼ਨ ਟਾਸਕ ਫੋਰਸ’, IRS ਕ੍ਰਿਮੀਨਲ ਇਨਵੈਸਟੀਗੇਸ਼ਨ, ਫੋਂਟਾਨਾ ਪੁਲਸ ਡਿਪਾਰਟਮੈਂਟ ਅਤੇ ਲੌਸ ਐਂਜਲਿਸ ਕਾਊਂਟੀ ਸ਼ੈਰਿਫ਼ ਡਿਪਾਰਟਮੈਂਟ ਸਣੇ ਕਈ ਅਮਰੀਕੀ ਸਕਿਓਰਿਟੀ ਏਜੰਸੀਆਂ ਦੀ ਸਾਂਝੀ ਜਾਂਚ ਤੋਂ ਬਾਅਦ ਹੋਇਆ ਹੈ।

