SC stays execution of 2008 Ahmedabad serial blast convict! Notice issued to the government
2008 ਅਹਿਮਦਾਬਾਦ ਸੀਰੀਅਲ ਬਲਾਸਟ ਦੇ ਦੋਸ਼ੀ ਦੀ ਫਾਂਸੀ ‘ਤੇ SC ਨੇ ਲਾਈ ਰੋਕ ! ਸਰਕਾਰ ਨੂੰ ਨੋਟਿਸ ਜਾਰੀ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਸੁਪਰੀਮ ਕੋਰਟ ਨੇ 2008 ਦੇ ਅਹਿਮਦਾਬਾਦ ਲੜੀਵਾਰ ਬੰਬ ਧਮਾਕਿਆਂ ਦੇ ਮਾਮਲਿਆਂ ‘ਚ ਇੰਡੀਅਨ ਮੁਜਾਹੀਦੀਨ ਦੇ ਇਕ ਮੈਂਬਰ ਦੀ ਮੌਤ ਦੀ ਸਜ਼ਾ ਦੇ ਅਮਲ ‘ਤੇ ਵੀਰਵਾਰ ਨੂੰ ਰੋਕ ਲਗਾ ਦਿੱਤੀ। ਇਨ੍ਹਾਂ ਧਮਾਕਿਆਂ ‘ਚ 56 ਲੋਕਾਂ ਦੀ ਮੌਤ ਹੋ ਗਈ ਸੀ। ਜੱਜ ਵਿਕਰਮਨਾਥ, ਜੱਜ ਏ.ਜੀ. ਮਸੀਹ ਅਤੇ ਜੱਜ ਸੰਦੀਪ ਮੇਹਤਾ ਦੀ ਬੈਂਚ ਨੇ ਅਹਿਮਦ ਬਾਵਾ ਉਰਫ਼ ਅੱਬੂ ਅਬੂਬਕਰ ਬਰੇਲਵੀ ਦੀ ਪਟੀਸ਼ਨ ‘ਤੇ ਗੁਜਰਾਤ ਸਰਕਾਰ ਨੂੰ ਨੋਟਿਸ ਜਾਰੀ ਕੀਤਾ। ਬਰੇਲਵੀ ਨੇ ਆਪਣੀ ਪਟੀਸ਼ਨ ‘ਚ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਹੈ, ਜਿਸ ‘ਚ ਹੇਠਲੀ ਅਦਾਲਤ ਵਲੋਂ ਸੁਣਾਈ ਗਈ ਮੌਤ ਦੀ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਸੀ। ਸੁਪਰੀਮ ਕੋਰਟ ਨੇ ਮਾਮਲੇ ਨਾਲ ਸੰਬੰਧਤ ਹੇਠਲੀ ਅਦਾਲਤ ਦੇ ਰਿਕਾਰਡ ਤਲਬ ਕੀਤੇ ਅਤੇ ਫਾਂਸੀ ਦੀ ਸਜ਼ਾ ‘ਤੇ ਰੋਕ ਲਗਾ ਦਿੱਤੀ। ਮਾਮਲੇ ‘ਚ ਪੇਸ਼ ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਨੇ ਕਿਹਾ ਕਿ ਇਹ ਇਕ ਗੰਭੀਰ ਮਾਮਲਾ ਹੈ। ਹਾਈ ਕੋਰਟ ਨੇ 2008 ਦੇ ਅਹਿਮਦਾਬਾਦ ਲੜੀਵਾਰ ਬੰਬ ਧਮਾਕਾ ਮਾਮਲੇ ‘ਚ ਇੰਡੀਅਨ ਮੁਜਾਹੀਦੀਨ ਦੇ 38 ਦੋਸ਼ੀਆਂ ਦੀ ਮੌਤ ਦੀ ਸਜ਼ਾ 7 ਜੁਲਾਈ ਨੂੰ ਬਰਕਰਾਰ ਰੱਖੀ ਸੀ। ਅਦਾਲਤ ਨੇ ਵੱਡੀ ਗਿਣਤੀ ‘ਚ ਹੋਈਆਂ ਮੌਤਾਂ, ‘ਬਹੁਤ ਵੱਡੀ ਸਾਜਿਸ਼’ ਅਤੇ ਵਿਆਪਕ ਪੱਧਰ ‘ਤੇ ਅੱਤਵਾਦ ਫੈਲਾਉਣ ਦੀ ਮੰਸ਼ਾ ਨੂੰ ਸਜ਼ਾ ਬਰਕਰਾਰ ਰੱਖਣ ਦੇ ਮੁੱਖ ਕਾਰਨਾਂ ‘ਚ ਸ਼ਾਮਲ ਕੀਤਾ ਸੀ। ਉਸ ਨੇ 11 ਹੋਰ ਦੋਸ਼ੀਆਂ ਨੂੰ ਦਿੱਤੀ ਗਈ ਉਮਰ ਕੈਦ ਦੀ ਸਜ਼ਾ ਵੀ ਬਰਕਰਾਰ ਰੱਖੀ ਸੀ ਅਤੇ ਮੰਨਿਆ ਸੀ ਕਿ ਗੁਜਰਾਤ ਅਤੇ ਕੇਰਲ ‘ਚ ਅੱਤਵਾਦੀ ਸਿਖਲਾਈ ਕੈਂਪਾਂ ‘ਚ ਉਸ ਦੀ ਭੂਮਿਕਾ ਅਤੇ ਸਾਜਿਸ਼ ਲਈ ਰਸਦ ਸੰਬੰਧੀ ਮਦਦ ਉਪਲੱਬਧ ਕਰਵਾਉਣ ਦੀ ਗੱਲ ਇਸਤਗਾਸਾ ਪੱਖ ਨੇ ਸਾਬਿਤ ਕੀਤੀ ਸੀ। ਅਹਿਮਦਾਬਾਦ ਦੇ ਵੱਖ-ਵੱਖ ਇਲਾਕਿਆਂ ‘ਚ 26 ਜੁਲਾਈ 2008 ਨੂੰ ਕਰੀਬ 70 ਮਿੰਟਾਂ ਦੇ ਅੰਦਰ 21 ਲੜੀਵਾਰ ਬੰਬ ਧਮਾਕੇ ਹੋਏ ਸਨ। ਇਨ੍ਹਾਂ ‘ਚ 56 ਲੋਕਾਂ ਦੀ ਮੌਤ ਹੋਈ ਅਤੇ 200 ਤੋਂ ਵੱਧ ਲੋਕ ਜ਼ਖ਼ਮੀ ਹੋਏ ਸਨ।

