Man swindles €1,000 from Italian woman under the pretext of love; FIR registered
ਵਿਅਕਤੀ ਨੇ ਪਿਆਰ ਦਾ ਝਾਂਸਾ ਦੇ ਕੇ ਇਤਾਲਵੀ ਔਰਤ ਤੋਂ ਠੱਗੇ 1,000 ਯੂਰੋ, FIR ਦਰਜ
ਗੁਰੂਗ੍ਰਾਮ (ਆਵਾਜ਼ਿ ਕੌਮ ਬਿਊਰੋ)-ਇਟਲੀ ਦੀ ਇਕ ਔਰਤ ਨੇ ਗੁਰੂਗ੍ਰਾਮ ਸਾਈਬਰ ਪੁਲਸ ਨੂੰ ਸ਼ਿਕਾਇਤ ਕੀਤੀ ਹੈ ਕਿ ਗੁਰੂਗ੍ਰਾਮ ਦੇ ਇਕ ਵਿਅਕਤੀ ਨੇ ਪਿਆਰ ਦਾ ਝਾਂਸਾ ਦੇ ਕੇ ਉਸ ਤੋਂ 1,000 ਯੂਰੋ ਠੱਗ ਲਏ। ਇਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਔਰਤ ਨੇ ਦੋਸ਼ ਲਗਾਇਆ ਕਿ ਵਿਅਕਤੀ ਨੇ ਉਸ ਨਾਲ ਵਿਆਹ ਕਰਨ ਦਾ ਝੂਠਾ ਵਾਅਦਾ ਕੀਤਾ ਅਤੇ ਪੈਸੇ ਮਿਲਣ ਮਗਰੋਂ ਉਸ ਨਾਲ ਸਾਰੇ ਸੰਪਰਕ ਤੋੜ ਲਏ। ਅਧਿਕਾਰੀ ਨੇ ਦੱਸਿਆ ਕਿ ਇਟਲੀ ‘ਚ ਦਰਜ ਸ਼ਿਕਾਇਤ ‘ਤੇ ਸਮੇਂ ‘ਤੇ ਕਾਰਵਾਈ ਨਾ ਹੋਣ ਤੋਂ ਨਿਰਾਸ਼ ਔਰਤ ਪਾਓਲਾ ਬਰਟੋਲਿਨੀ ਦਿੱਲੀ ਦੇ ਇੰਦਰਾ ਗਾਂਧੀ ਏਅਰਪੋਰਟ ਪਹੁੰਚੀ ਅਤੇ ਗੁਰੂਗ੍ਰਾਮ ਸਾਈਬਰ ਪੁਲਸ ਨਾਲ ਸੰਪਰਕ ਕੀਤਾ। ਬਰਟੋਲਿਨੀ ਨੇ ਸਾਈਬਰ ਸਹਾਇਕ ਪੁਲਸ ਕਮਿਸ਼ਨਰ (ਏਸੀਪੀ) ਗੌਰਵ ਫੋਗਾਟ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਆਪਣੀ ਆਪਬੀਤੀ ਦੱਸੀ, ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਨੇ ਗੁਰੂਗ੍ਰਾਮ ਪੁਲਸ ਦੇ ਅਧਿਕਾਰਤ ਸੋਸ਼ਲ ਮੀਡੀਆ ਪੇਜ਼ ‘ਤੇ ਪੁਲਸ ਅਧਿਕਾਰੀਆਂ ਨਾਲ ਮੁਲਾਕਾਤ ਦਾ ਵੇਰਵਾ ਵੀ ਸਾਂਝਾ ਕੀਤਾ। ਉਨ੍ਹਾਂ ਲਿਖਿਆ,”ਮੈਂ ਇਕ ਅੰਤਰਰਾਸ਼ਟਰੀ ਧੋਖਾਧੜੀ ਦੀ ਸ਼ਿਕਾਇਤ ਕਰਨ ਇਟਲੀ ਤੋਂ ਆਈ ਹਾਂ। ਸ਼ਿਕਾਇਤ ‘ਚ ਇਕ ਐੱਨਆਰਆਈ ਖਾਤੇ ਨਾਲ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਰਮਾ) ਦੀ ਉਲੰਘਣਾ, ਪ੍ਰੇਮ ਸੰਬੰਧ ਦਾ ਝਾਂਸਾ ਦੇ ਕੇ ਠੱਗੀ ਕਰਨਾ, ਇੰਸਟਾਗ੍ਰਾਮ ‘ਤੇ ਨਸ਼ੀਲੇ ਪਦਾਰਥਾਂ ਦਾ ਪ੍ਰਚਾਰ ਅਤੇ ਫਰਜ਼ੀ ਈ-ਮੇਲ ਦਾ ਇਸਤੇਮਾਲ ਕਰ ਕੇ ਲੋਕਾਂ ਦੇ ਬੈਂਕ ਖਾਤਿਆਂ ਨੂੰ ਖਾਲੀ ਕਰਨ ਦਾ ਦੋਸ਼ ਸ਼ਾਮਲ ਹੈ। ਔਰਤ ਨੇ ਦਾਅਵਾ ਕੀਤਾ ਕਿ ਵਿਅਕਤੀ ਗੁਰੂਗ੍ਰਾਮ ‘ਚ ਹੀ ਰਹਿੰਦਾ ਹੈ।” ਪੁਲਸ ਅਧਿਕਾਰੀ ਦਾ ਧੰਨਵਾਦ ਕਰਦੇ ਹੋਏ ਉਸ ਨੇ ਕਿਹਾ ਕਿ ਉਹ ਦੋਸ਼ੀ ਦੇ ਫੜੇ ਜਾਣ ਦਾ ਇੰਤਜ਼ਾਰ ਕਰ ਰਹੀ ਹੈ ਅਤੇ ਜਾਂਚ ‘ਚ ਪੂਰਾ ਸਹਿਯੋਗ ਕਰੇਗੀ। ਏਸੀਪੀ ਫੋਗਾਟ ਨੇ ਕਿਹਾ,”ਤਕਨੀਕੀ ਨਿਗਰਾਨੀ ਅਤੇ ਬੈਂਕ ਖਾਤਿਆਂ ਦੇ ਵੇਰਵੇ ਦੇ ਆਧਾਰ ‘ਤੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਦੋਸ਼ੀ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।”

