Passenger boat sinks in Mississippi River after collision with oil tanker
ਤੇਲ ਨਾਲ ਭਰੇ ਟੈਂਕਰ ਨਾਲ ਟੱਕਰ ਮਗਰੋਂ ਮਿਸੀਸਿਪੀ ਨਦੀ ‘ਚ ਡੁੱਬੀ ਯਾਤਰੀਆਂ ਨਾਲ ਭਰੀ ਬੋਟ
New Delhi, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਨਿਊ ਓਰਲੀਨਜ਼ ਬੰਦਰਗਾਹ ਨੇੜੇ ਮਿਸੀਸਿਪੀ ਨਦੀ ‘ਚ ਸ਼ੁੱਕਰਵਾਰ ਨੂੰ ਇੱਕ ਤੇਲ ਟੈਂਕਰ ਦੀ ਯਾਤਰੀਆਂ ਨਾਲ ਭਰੀ ਬੋਟ ਨਾਲ ਟੱਕਰ ਹੋ ਗਈ। ਇਸ ਟੱਕਰ ਕਾਰਨ ਲਗਭਗ 130 ਯਾਤਰੀਆਂ ਨੂੰ ਲੈ ਕੇ ਜਾ ਰਹੀ ਰਿਵਰ ਕਰੂਜ਼ ਬੋਟ ਪਾਣੀ ‘ਚ ਡੁੱਬ ਗਈ। ਹਾਦਸੇ ਮਗਰੋਂ ਨਦੀ ਵਿੱਚ ਵੱਡੇ ਪੱਧਰ ‘ਤੇ ਰੈਸਕਿਊ ਆਪਰੇਸ਼ਨ ਸ਼ੁਰੂ ਕਰ ਦਿੱਤੇ ਗਏ ਹਨ। ਜਾਣਕਾਰੀ ਅਨੁਸਾਰ ‘ਅਟਲਾਂਟਿਕ ਐਸਫਾਲਟ’ ਨਾਂ ਦੇ ਟੈਂਕਰ ਨੇ ‘ਅਮਰੀਕਨ ਕਰੂਜ਼ ਲਾਈਨਜ਼’ ਵੱਲੋਂ ਚਲਾਏ ਜਾ ਰਹੇ ਪੈਡਲਵ੍ਹੀਲ ਕਰੂਜ਼ ਜਹਾਜ਼ ‘ਅਮਰੀਕਨ ਹੈਰੀਟੇਜ’ ਨੂੰ ਉਸ ਸਮੇਂ ਟੱਕਰ ਮਾਰ ਦਿੱਤੀ, ਜਦੋਂ ਇਹ ਬੰਦਰਗਾਹ ‘ਤੇ ਖੜ੍ਹਾ ਸੀ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਕਰੂਜ਼ ਬੋਟ ਇੱਕ ਪਾਸੇ ਝੁਕ ਗਈ ਅਤੇ ਇਸ ਦਾ ਕਰੀਬ ਅੱਧਾ ਹਿੱਸਾ ਪਾਣੀ ‘ਚ ਡੁੱਬ ਗਿਆ। ਇਸ ਹਾਦਸੇ ਦੀਆਂ ਕੁਝ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ‘ਚ ਇਹ ਬੋਟ ਪਾਣੀ ‘ਚ ਝੁਕੀ ਹੋਈ ਦਿਖਾਈ ਦੇ ਰਹੀ ਹੈ ਅਤੇ ਕੁਝ ਯਾਤਰੀ ਲਾਈਫ਼ ਜੈਕਟਾਂ ਪਹਿਨ ਕੇ ਪਾਣੀ ਵਿੱਚ ਉਤਰਦੇ ਨਜ਼ਰ ਆ ਰਹੇ ਹਨ। ਜਹਾਜ਼ ‘ਚੋਂ ਸੁਰੱਖਿਅਤ ਕੱਢੇ ਗਏ ਯਾਤਰੀਆਂ ਨੂੰ ਨਿਊ ਓਰਲੀਨਜ਼ ਪੋਰਟ ਪ੍ਰਸ਼ਾਸਨ ਦੀ ਇਮਾਰਤ ‘ਚ ਲਿਜਾਇਆ ਗਿਆ ਹੈ। ਹਾਦਸੇ ਮਗਰੋਂ ਯੂ.ਐੱਸ. ਕੋਸਟ ਗਾਰਡ, ਸਥਾਨਕ ਪੁਲਸ, ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਮੈਡੀਕਲ ਟੀਮਾਂ ਵੱਲੋਂ ਰੈਸਕਿਊ ਆਪਰੇਸ਼ਨ ਚਲਾਏ ਜਾ ਰਹੇ ਹਨ। ਜਾਂਚ ਅਤੇ ਬਚਾਅ ਕਾਰਜਾਂ ਦੇ ਮੱਦੇਨਜ਼ਰ ਮਿਸੀਸਿਪੀ ਨਦੀ ਦੇ ਮਾਈਲ ਮਾਰਕਰ 93 ਤੋਂ 96 ਵਿਚਾਲੇ ਹਰ ਤਰ੍ਹਾਂ ਦੀ ਜਹਾਜ਼ੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਹਾਲਾਂਕਿ ਗਨੀਮਤ ਰਹੀ ਕਿ ਇਸ ਹਾਦਸੇ ‘ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਹੈ। ਫਿਲਹਾਲ ਅਧਿਕਾਰੀ ਇਸ ਹਾਦਸੇ ਦੇ ਕਾਰਨਾਂ ਦੀ ਜਾਂਚ ‘ਚ ਜੁਟੇ ਹੋਏ ਹਨ।

