A conflict is set to erupt again! Mossad chief arrives in the US to ‘persuade’ Trump
ਮੁੜ ਲੱਗਣ ਜਾ ਰਹੀ ਜੰਗ ! ਟਰੰਪ ਨੂੰ ‘ਮਨਾਉਣ’ ਲਈ ਅਮਰੀਕਾ ਪਹੁੰਚਿਆ ਮੋਸਾਦ ਦਾ ਚੀਫ਼
Washington, (ਆਵਾਜ਼ਿ ਕੌਮ ਬਿਊਰੋ)-ਪਿਛਲੇ ਕੁਝ ਸਮੇਂ ਤੋਂ ਮੱਠੀ ਪਈ ਅਮਰੀਕਾ-ਇਰਾਨ ਦੀ ਜੰਗ ਦੇ ਇਕ ਵਾਰ ਫ਼ਿਰ ਤੋਂ ਭਿਆਨਕ ਰੂਪ ਧਾਰਨ ਕਰਨ ਦੇ ਸੰਕੇਤ ਮਿਲ ਰਹੇ ਹਨ। ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਵੱਲੋਂ ਇਰਾਨ ਖ਼ਿਲਾਫ਼ ਫ਼ੌਜੀ ਕਾਰਵਾਈ ਮੁੜ ਸ਼ੁਰੂ ਕਰਨ ਲਈ ਅਮਰੀਕੀ ਪ੍ਰਸ਼ਾਸਨ ‘ਤੇ ਪਾਏ ਜਾ ਰਹੇ ਦਬਾਅ ਦਰਮਿਆਨ ਇਜ਼ਰਾਈਲੀ ਖੁਫ਼ੀਆ ਏਜੰਸੀ ‘ਮੋਸਾਦ’ ਦੇ ਇੱਕ ਸੀਨੀਅਰ ਅਧਿਕਾਰੀ ਉੱਚ-ਪੱਧਰੀ ਗੱਲਬਾਤ ਲਈ ਵਾਸ਼ਿੰਗਟਨ ਅਤੇ ਮਿਆਮੀ ਪਹੁੰਚ ਗਏ ਹਨ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਊਦੀ ਅਰਬ, ਕਤਰ ਅਤੇ ਯੂ.ਏ.ਈ. ਸਮੇਤ ਖਾੜੀ ਦੇਸ਼ਾਂ ਦੀ ਅਪੀਲ ‘ਤੇ ਫਿਲਹਾਲ ਸਿੱਧੇ ਫ਼ੌਜੀ ਹਮਲੇ ਦੀ ਬਜਾਏ ਸਮੁੰਦਰੀ ਨਾਕਾਬੰਦੀ ਅਤੇ ਆਰਥਿਕ ਦਬਾਅ ਜਾਰੀ ਰੱਖਣ ਦਾ ਰਾਹ ਚੁਣਿਆ ਹੈ। ਨੇਤਨਯਾਹੂ ਦੇ ਬੇਹੱਦ ਕਰੀਬੀ ਅਤੇ ਮੋਸਾਦ ਦੇ ਡਾਇਰੈਕਟਰ ਰੋਮਨ ਗੋਫਮੈਨ ਨੇ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਵਿਖੇ CIA ਡਾਇਰੈਕਟਰ ਜੌਨ ਰੈਟਕਲਿਫ਼ ਅਤੇ ਵ੍ਹਾਈਟ ਹਾਊਸ ਦੇ ਵਿਸ਼ੇਸ਼ ਦੂਤ ਸਟੀਵ ਵਿਟਕਾਫ਼ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਟਰੰਪ ਨੇ ਸਪੱਸ਼ਟ ਕੀਤਾ ਕਿ ਉਹ ਇਰਾਨ ‘ਤੇ ਤੁਰੰਤ ਹਮਲਾ ਕਰ ਸਕਦੇ ਹਨ, ਪਰ ਸਾਊਦੀ ਅਰਬ, ਕਤਰ, ਕੁਵੈਤ, ਯੂ.ਏ.ਈ. ਅਤੇ ਬਹਿਰੀਨ ਦੀ ਅਪੀਲ ‘ਤੇ ਉਹ ਫਿਲਹਾਲ ਇੰਤਜ਼ਾਰ ਕਰ ਰਹੇ ਹਨ, ਕਿਉਂਕਿ ਆਰਥਿਕ ਦਬਾਅ ਕਾਰਨ ਇਰਾਨ ਅੰਦਰੋਂ ਕਮਜ਼ੋਰ ਹੋ ਰਿਹਾ ਹੈ ਅਤੇ ਇਸ ਦੌਰਾਨ ਸਮਝੌਤੇ ਦੀਆਂ ਸੰਭਾਵਨਾਵਾਂ ਵੀ ਤਲਾਸ਼ੀਆਂ ਜਾ ਰਹੀਆਂ ਹਨ। ਹਾਲਾਂਕਿ ਇਰਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਇਸਮਾਈਲ ਬਘੇਈ ਨੇ X ‘ਤੇ ਇਕ ਪੋਸਟ ਸ਼ੇਅਰ ਕਰ ਕੇ ਦੂਜੇ ਦੇਸ਼ਾਂ ਨੂੰ ਅਮਰੀਕਾ-ਇਜ਼ਰਾਈਲ ਦੀ ਫ਼ੌਜੀ ਮੁਹਿੰਮ ਵਿੱਚ ਕਿਸੇ ਵੀ ਤਰ੍ਹਾਂ ਦੀ ਫ਼ੌਜੀ, ਜਲ ਸੈਨਾ ਜਾਂ ਲੌਜਿਸਟਿਕ ਮਦਦ ਦੇਣ ਖ਼ਿਲਾਫ਼ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਜਿਹੀ ਕਿਸੇ ਵੀ ਮਦਦ ਨੂੰ ਇਰਾਨ ਖ਼ਿਲਾਫ਼ ਸਿੱਧੀ ਦੁਸ਼ਮਣੀ ਦਾ ਐਲਾਨ ਮੰਨਿਆ ਜਾਵੇਗਾ, ਜਿਸ ਦੇ ਨਤੀਜੇ ਉਨ੍ਹਾਂ ਦੇਸ਼ਾਂ ਨੂੰ ਭੁਗਤਣੇ ਪੈਣਗੇ। ਜ਼ਿਕਰਯੋਗ ਹੈ ਕਿ ਇਹ ਘਟਨਾਕ੍ਰਮ ਅਜਿਹੇ ਸਮੇਂ ਵਾਪਰ ਰਿਹਾ ਹੈ ਜਦੋਂ 27 ਅਕਤੂਬਰ ਦੀਆਂ ਆਮ ਚੋਣਾਂ ‘ਚ ਨੇਤਨਯਾਹੂ ਨੂੰ ਸਪੱਸ਼ਟ ਬਹੁਮਤ ਨਹੀਂ ਮਿਲਿਆ। ਸਭ ਤੋਂ ਵੱਧ ਸੀਟਾਂ ਜਿੱਤਣ ਵਾਲੇ ਆਗੂ ਗਾਦੀ ਆਈਜ਼ਨਕੋਟ ਨੂੰ ਰਾਸ਼ਟਰਪਤੀ ਇਸਾਕ ਹਰਜ਼ੋਗ ਨੇ ਅਗਲੀ ਸਰਕਾਰ ਬਣਾਉਣ ਦਾ ਸੱਦਾ ਦਿੱਤਾ ਹੈ, ਜਿਸ ਕਾਰਨ ਇਜ਼ਰਾਈਲ ਦੀ ਸਿਆਸਤ ਵਿੱਚ ਭਾਰੀ ਹਲਚਲ ਮਚੀ ਹੋਈ ਹੈ। ਅਜਿਹੇ ‘ਚ ਇਰਾਨ ‘ਤੇ ਤਾਜ਼ਾ ਹਮਲੇ ਮਿਡਲ ਈਸਟ ਸਣੇ ਇਜ਼ਰਾਈਲ ਦੀ ਸਿਆਸਤ ਨੂੰ ਵੀ ਵੱਡੇ ਪੱਧਰ ‘ਤੇ ਪ੍ਰਭਾਵਿਤ ਕਰਨਗੇ।

