Major Cleanliness Drive of Empty Plots Turned Drug Dens in Jandiala Guru
ਸੰਤ ਬਾਬਾ ਬਿਬੇਕ ਸਿੰਘ ਜੰਡਿਆਲਾ ਗੁਰੂ ਵਾਲਿਆਂ ਵੱਲੋਂ ਨਸ਼ੇੜੀਆਂ ਦੇ ਅੱਡੇ ਬਣੇ ਖਾਲੀ ਪਲਾਟਾਂ ਦੀ ਵੱਡੀ ਸਫਾਈ ਮੁਹਿੰਮ

ਚੌਕ ਮਹਿਤਾ,3 ਅਕਤੂਬਰ (ਬਾਬਾ ਸੁਖਵੰਤ ਸਿੰਘ ਚੰਨਣਕੇ) ਸਮਾਜ ਸੇਵਾ ਦੇ ਖੇਤਰ ਵਿੱਚ ਹਮੇਸ਼ਾ ਮੋਹਰੀ ਰਹਿਣ ਵਾਲੇ ਸੰਤ ਬਾਬਾ ਬਿਬੇਕ ਸਿੰਘ ਜੀ (ਮੁੱਖ ਸੇਵਾਦਾਰ, ਅਕਾਲੀ ਦਲ ਵਾਰਿਸ ਪੰਜਾਬ) ਅਤੇ ਮੁੱਖੀ ਗੁਰਦੁਆਰਾ ਨਾਨਕਸਰ ਸਾਹਿਬ, ਨਗਰ ਨਾਨਕਸਰ ਜੰਡਿਆਲਾ ਗੁਰੂ ਵਾਲਿਆਂ ਵੱਲੋਂ ਹੁਣ ਸ਼ਹਿਰ ਜੰਡਿਆਲਾ ਗੁਰੂ ਦੀ ਨੁਹਾਰ ਬਦਲਣ ਅਤੇ ਨਸ਼ਿਆਂ ਖਿਲਾਫ ਇੱਕ ਸ਼ਲਾਘਾਯੋਗ ਬੀੜਾ ਚੁੱਕਿਆ ਗਿਆ ਹੈ। ਬਾਬਾ ਜੀ ਵੱਲੋਂ ਸ਼ਹਿਰ ਵਿੱਚ ਲੰਮੇ ਸਮੇਂ ਤੋਂ ਖਾਲੀ ਪਏ ਉਹਨਾਂ ਪਲਾਟਾਂ ਦੀ ਸਫਾਈ ਦਾ ਕੰਮ ਵੱਡੇ ਪੱਧਰ ‘ਤੇ ਸ਼ੁਰੂ ਕਰਵਾਇਆ ਗਿਆ ਹੈ, ਜੋ ਮੌਜੂਦਾ ਸਮੇਂ ਵਿੱਚ ਗੰਦਗੀ ਦੇ ਨਾਲ-ਨਾਲ ਨਸ਼ੇੜੀਆਂ ਅਤੇ ਅਪਰਾਧਿਕ ਅਨਸਰਾਂ ਦਾ ਗੜ੍ਹ (ਅੱਡਾ) ਬਣ ਚੁੱਕੇ ਸਨ। ਬਾਬਾ ਜੀ ਦੇ ਇਸ ਨੇਕ ਕਾਰਜ ਵਿੱਚ ‘ਆਕਾਸ਼ ਫਿਟਨੈੱਸ ਕਲੱਬ’ ਦੀ ਪੂਰੀ ਟੀਮ ਵੱਲੋਂ ਵੀ ਭਰਵਾਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇੱਥੇ ਇਹ ਦੱਸਣਯੋਗ ਹੈ ਕਿ ਸੰਤ ਬਾਬਾ ਬਿਬੇਕ ਸਿੰਘ ਜੀ ਹਰ ਨਿਰਸਵਾਰਥ ਸਮਾਜਿਕ ਕਾਰਜ ਵਿੱਚ ਸਭ ਤੋਂ ਅੱਗੇ ਹੋ ਕੇ ਹਿੱਸਾ ਲੈਂਦੇ ਹਨ। ਚਾਹੇ ਕਿਸੇ ਗਰੀਬ ਅਤੇ ਬੇਸਹਾਰਾ ਪਰਿਵਾਰ ਦੇ ਘਰ ਦੀ ਛੱਤ ਪਾ ਕੇ ਦੇਣੀ ਹੋਵੇ, ਜਾਂ ਕਿਸੇ ਲੋੜਵੰਦ ਦੇ ਘਰ ਤੱਕ ਰਾਸ਼ਨ ਪਹੁੰਚਾਉਣਾ ਹੋਵੇ, ਬਾਬਾ ਜੀ ਹਮੇਸ਼ਾ ਫਰਿਸ਼ਤਾ ਬਣ ਕੇ ਬਹੁੜਦੇ ਹਨ।ਇਸ ਤੋਂ ਇਲਾਵਾ, ਜਦੋਂ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਹੜ੍ਹ ਵਰਗੀ ਭਿਆਨਕ ਸਥਿਤੀ ਬਣੀ ਸੀ, ਉਦੋਂ ਵੀ ਬਾਬਾ ਜੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਦਿਨ-ਰਾਤ ਇੱਕ ਕਰਕੇ ਪੀੜਤਾਂ ਦੀ ਵੱਧ-ਚੜ੍ਹ ਕੇ ਸੇਵਾ ਕੀਤੀ ਗਈ ਸੀ ਅਤੇ ਰਾਹਤ ਸਮੱਗਰੀ ਪਹੁੰਚਾਈ ਗਈ ਸੀ।ਜੰਡਿਆਲਾ ਗੁਰੂ ਦੇ ਸ਼ਹਿਰ ਵਾਸਿਆਂ ਵੱਲੋਂ ਬਾਬਾ ਜੀ ਅਤੇ ਆਕਾਸ਼ ਫਿਟਨੈੱਸ ਕਲੱਬ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ, ਕਿਉਂਕਿ ਖਾਲੀ ਪਲਾਟਾਂ ਦੀ ਸਫਾਈ ਹੋਣ ਨਾਲ ਜਿੱਥੇ ਬਿਮਾਰੀਆਂ ਫੈਲਣ ਦਾ ਖਤਰਾ ਘਟੇਗਾ, ਉੱਥੇ ਹੀ ਨਸ਼ੇੜੀਆਂ ਦੇ ਅੱਡੇ ਵੀ ਖਤਮ ਹੋਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਸਥਾਨਕ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਇਸ ਵਧੀਆ ਉਪਰਾਲੇ ਲਈ ਬਾਬਾ ਜੀ ਦਾ ਕਿੰਨਾ ਕੁ ਸਾਥ ਦਿੰਦੇ ਹਨ ਅਤੇ ਕੀ ਸਰਕਾਰ ਵੱਲੋਂ ਇਸ ਮੁਹਿੰਮ ਨੂੰ ਅੱਗੇ ਵਧਾਉਣ ਲਈ ਕੋਈ ਮਦਦ ਮਿਲਦੀ ਹੈ ਜਾਂ ਨਹੀਂ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਉਨ੍ਹਾਂ ਨੇ ਮੌਜੂਦਾ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਕਾਰਜ਼ ਵਿਚ ਵੱਧ ਤੋਂ ਵੱਧ ਸਾਥ ਦਿੱਤਾ ਜਾਵੇ। ਜੰਡਿਆਲਾ ਗੁਰੂ ਦੀਆਂ ਜਿੰਨੀਆਂ ਵੀ ਧਾਰਮਿਕ, ਸਮਾਜ ਭਲਾਈ ਸੰਸਥਾਵਾਂ ਹਨ ਉਹ ਵੀ ਵੱਧ ਤੋਂ ਵੱਧ ਸਾਥ ਦੇਣ।
