Protest march for the release of imprisoned Sikhs begins from Fatehgarh Sahib to Takht Sri Damdama Sahib
ਬੰਦੀ ਸਿੰਘਾਂ ਦੀ ਰਿਹਾਈ ਲਈ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਰੋਸ ਮਾਰਚ ਸ਼ੁਰੂ
ਸ੍ਰੀ ਫ਼ਤਹਿਗੜ੍ਹ ਸਾਹਿਬ, 2 ਅਕਤੂਬਰ (ਆਵਾਜ਼ਿ ਕੌਮ ਬਿਊਰੋ)-ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਨਜ਼ਰਬੰਦ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ 2 ਅਕਤੂਬਰ 2026 ਨੂੰ ਪਾਵਨ ਪਵਿੱਤਰ ਸ਼ਹੀਦਾਂ ਦੇ ਅਸਥਾਨ ਗੁਰਦੁਆਰਾ ਫਤਿਹਗੜ ਸਾਹਿਬ ਸਰਹੰਦ ਤੋਂ ‘‘ਬੰਦੀ ਸਿੰਘ ਰਿਹਾਈ ਚੇਤਨਾ ਮਾਰਚ’’ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛੱਤਰ ਛਾਇਆ ਅਤੇ ਪੰਜ ਪਿਆਰੇ ਸਾਹਿਬਾਨਾਂ ਦੀ ਅਗਵਾਈ ਵਿੱਚ ’ਕੌਮੀ ਇਨਸਾਫ ਮੋਰਚੇ’ ਵੱਲੋਂ ਕੀਤਾ ਗਿਆ ਜਿਸ ਵਿੱਚ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਪੰਥਕ,ਕਿਸਾਨ,ਸਮਾਜਿਕ,ਇਨਸਾਫ਼ ਪਸੰਦ ਜਥੇਬੰਦੀਆਂ ਸਿੱਖ ਅਤੇ ਗੈਰ ਸਿੱਖ ਇਨਸਾਫ ਪਸੰਦ ਲੋਕਾਂ ਵੱਲੋਂ ਵੱਡੀ ਗਿਣਤੀ ਚ ਹਾਜ਼ਰੀ ਭਰੀ ਗਈ ਅਤੇ ਇਸ ਮਸਲੇ ਤੇ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਇਹ ਮਾਰਚ 3 ਅਕਤੂਬਰ ਸ਼ਾਮ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸਮਾਪਤ ਹੋਵੇਗਾ।
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕੌਮੀ ਇਨਸਾਫ ਮੋਰਚਾ ਵੱਲੋਂ ਸ਼ੁੱਕਰਵਾਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਤੱਕ ਦੋ ਰੋਜ਼ਾ ਰੋਸ ਮਾਰਚ ਸ਼ੁਰੂ ਹੋਇਆ। ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਰੋਸ ਮਾਰਚ ਰਵਾਨਾ ਹੋਇਆ। ਇਸ ਮੌਕੇ ਵੱਖ-ਵੱਖ ਸਿਆਸੀ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ। ਰੋਸ ਮਾਰਚ ਵਿੱਚ ਕੌਮੀ ਇਨਸਾਫ ਮੋਰਚਾ ਦੇ ਬਾਪੂ ਗੁਰਚਰਨ ਸਿੰਘ, ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਅਤੇ ਸਾਬਕਾ ਸੰਸਦ ਮੈਂਬਰ ਅੰਮਿ੍ਰਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਖਾਲਸਾ, ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਸਮੇਤ ਕਈ ਆਗੂ ਪਹੁੰਚੇ। ਆਗੂਆਂ ਨੇ ਕਿਹਾ ਕਿ ਮਾਰਚ ਦਾ ਮਕਸਦ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦੇ ਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਸਰਕਾਰਾਂ ਤੱਕ ਆਪਣੀ ਮੰਗ ਪਹੁੰਚਾਉਣਾ ਹੈ।

