New revelation in the LPU case! Viral individual who climbed the MiG-23 arrested; links to the DC office uncovered
LPU ਮਾਮਲੇ ‘ਚ ਨਵਾਂ ਖ਼ੁਲਾਸਾ! ਮਿੱਗ-23 ‘ਤੇ ਚੜ੍ਹਨ ਵਾਲਾ ਵਾਇਰਲ ਸ਼ਖ਼ਸ ਗ੍ਰਿਫ਼ਤਾਰ, DC ਦਫ਼ਤਰ ਨਾਲ ਜੁੜੇ ਤਾਰ
ਫਗਵਾੜਾ (ਆਵਾਜ਼ਿ ਕੌਮ ਬਿਊਰੋ)-ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਚ ਹੋਈ ਹਿੰਸਾ ਦੇ ਮਾਮਲੇ ਵਿਚ ਨਵੀਂ ਅਪਡੇਟ ਸਾਹਮਣੇ ਆਈ ਹੈ। ਦਰਅਸਲ ਐੱਲ. ਪੀ. ਯੂ. ਕੈਂਪਸ ਬਾਹਰ ਲਗਾਏ ਗਏ ਮਿਗ-23 UM ਫਾਈਟਰ ਜੈੱਟ ‘ਤੇ ਚੜ੍ਹਨ ਵਾਲੇ ਸ਼ਖ਼ਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ CCTV ਫੁਟੇਜ ਦੀ ਜਾਂਚ ਕਰਕੇ ਉਸ ਦੀ ਪਛਾਣ ਕੀਤੀ, ਫਿਰ ਉਸ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਦੀ ਗ੍ਰਿਫ਼ਤਾਰੀ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਤੋਂ ਹੋਈ ਹੈ। ਉਕਤ ਮੁਲਜ਼ਮ ਨਾਬਾਲਗ ਹੈ ਅਤੇ ਯੂਨੀਵਰਸਿਟੀ ਦਾ ਹੀ ਵਿਦਿਆਰਥੀ ਹੈ ਅਤੇ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਮੁਲਜ਼ਮ ਦੇ ਪਿਤਾ ਮੰਡੀ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ‘ਚ ਇਕ ਅਧਿਕਾਰੀ ਵਜੋਂ ਤਾਇਨਾਤ ਹਨ। ਇਥੇ ਦੱਸ ਦੇਈਏ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ‘ਚ ਹੋਈ ਹਿੰਸਾ ਦੌਰਾਨ ਉਸ ਨਾਬਾਲਗ ਲੜਕੇ ਨੂੰ ਸੋਸ਼ਲ ਮੀਡੀਆ ‘ਤੇ ਹੀਰੋ ਵਾਂਗ ਪੇਸ਼ ਕੀਤਾ ਗਿਆ। ਉਸ ਦੀ ਇਕ ਤਸਵੀਰ ਕਾਫ਼ੀ ਵਾਇਰਲ ਹੋਈ ਹੈ, ਜਿਸ ‘ਚ ਉਹ ਫਾਈਟਰ ਜੈੱਟ ‘ਤੇ ਖੜ੍ਹਾ ਨਜ਼ਰ ਆ ਰਿਹਾ ਹੈ ਅਤੇ ਬੈਕਗ੍ਰਾਊਂਡ ‘ਚ ਅੱਗ ਲੱਗੀ ਹੋਈ ਹੈ। ਉਥੇ ਹੀ ਇਸ ਘਟਨਾ ਨੂੰ ਲੈ ਕੇ ਯੂਨੀਵਰਸਿਟੀ ਦੇ ਚਾਂਸਲਰ ਅਤੇ ਭਾਜਪਾ ਦੇ ਰਾਜ ਸਭਾ ਸੰਸਦ ਮੈਂਬਰ ਅਸ਼ੋਕ ਮਿੱਤਲ ਨੇ ਕਿਹਾ ਕਿ ਯੂਨੀਵਰਸਿਟੀ ਕੈਂਪਸ ਦੇ ਬਾਹਰ ਮਿਗ-23 ਅਤੇ 1971 ਦੀ ਜੰਗ ‘ਚ ਵਰਤਿਆ ਗਿਆ ਟੈਂਕ ਲਗਾਇਆ ਗਿਆ ਹੈ। ਇਹ ਫ਼ੌਜ ਦਾ ਹੌਸਲਾ ਵਧਾਉਂਦੇ ਹਨ ਅਤੇ ਨੌਜਵਾਨਾਂ ਨੂੰ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ‘ਤੇ ਚੜ੍ਹ ਕੇ ਪ੍ਰਦਰਸ਼ਨਕਾਰੀਆਂ ਨੇ ਬੇਇੱਜ਼ਤੀ ਕੀਤੀ ਗਈ ਹੈ। ਯੂਨੀਵਰਸਿਟੀ ‘ਚ ਹਿੰਸਾ ਦੌਰਾਨ ਐਂਟਰੀ ‘ਤੇ ਲੱਗੇ ਮਿੱਗ ਫਾਈਟਰ ਜੈੱਟ ‘ਤੇ ਇਕ ਲੜਕਾ ਚੜ੍ਹ ਗਿਆ ਸੀ। ਉਸ ਦੀ ਤਸਵੀਰ ਆਕਰਸ਼ਕ ਲੱਗਣ ਅਤੇ ਵਾਇਰਲ ਹੋਣ ਕਾਰਨ ਉਹ ਰਾਤੋ-ਰਾਤ ਸੋਸ਼ਲ ਮੀਡੀਆ ‘ਤੇ ਸਟਾਰ ਬਣ ਗਿਆ ਪਰ ਕੋਈ ਵੀ ਉਸ ਦੀ ਪਛਾਣ ਨਹੀਂ ਕਰ ਪਾ ਰਿਹਾ ਸੀ। ਇਸ ਦੌਰਾਨ ਪੁਲਸ ਦੀ ਇਕ ਟੀਮ ਸਿਰਫ਼ ਸੀ. ਸੀ. ਟੀ. ਵੀ. ਕੈਮਰਿਆਂ ਦੀ ਭਾਲ ‘ਚ ਲੱਗੀ ਹੋਈ ਸੀ। ਐਂਟਰੀ ‘ਤੇ ਲੱਗੇ ਕੈਮਰੇ ‘ਚ ਉਸ ਲੜਕੇ ਦੀ ਤਸਵੀਰ ਸਾਫ਼ ਨਜ਼ਰ ਆਈ। ਇਸ ਤੋਂ ਬਾਅਦ ਪੁਲਸ ਨੇ ਯੂਨੀਵਰਸਿਟੀ ਦੇ ਡਾਟਾ ਨਾਲ ਉਸ ਦੀ ਜਾਣਕਾਰੀ ਮਿਲਾਈ ਤਾਂ ਪਤਾ ਲੱਗਾ ਕਿ ਉਹ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ ਬੀ-ਟੈੱਕ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਹੈ। ਉੱਥੇ ਹੀ ਪੁਲਸ ਨੇ ਐੱਲ. ਪੀ. ਯੂ. ਹਿੰਸਾ ਮਾਮਲੇ ‘ਚ ਹੁਣ ਤੱਕ ਕੁੱਲ੍ਹ 4 ਮਾਮਲੇ ਦਰਜ ਕੀਤੇ ਹਨ। ਇਨ੍ਹਾਂ ‘ਚੋਂ 3 ਮਾਮਲੇ ਹਾਈਵੇਅ ਜਾਮ ਕਰਨ, ਪੁਲਸ ਦੀ ਗੱਡੀ ਨੂੰ ਅੱਗ ਲਗਾਉਣ ਅਤੇ ਯੂਨੀਵਰਸਿਟੀ ‘ਚ ਭੰਨਤੋੜ ਕਰਨ ਨਾਲ ਸਬੰਧਤ ਹਨ। ਇਨ੍ਹਾਂ ਮਾਮਲਿਆਂ ‘ਚ ਹੁਣ ਤੱਕ ਕੁੱਲ੍ਹ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ‘ਚ 2 ਪਿੱਜ਼ਾ ਡਿਲਿਵਰੀ ਬੁਆਏ ਅਤੇ 2 ਯੂਨੀਵਰਸਿਟੀ ਦੇ ਹੀ ਵਿਦਿਆਰਥੀ ਸ਼ਾਮਲ ਹਨ। ਪੁਲਸ ਨੇ ਮਿਗ-23 ਫਾਈਟਰ ਜੈੱਟ ‘ਤੇ ਚੜ੍ਹੇ ਨਾਬਾਲਗ ਤੋਂ ਇਲਾਵਾ ਹਰਿਆਣਾ ਦੇ ਸੋਨੀਪਤ ਸ਼ਹਿਰ ਦੀ ਸ਼ਿਵ ਕਾਲੋਨੀ ‘ਚ ਰਹਿਣ ਵਾਲੇ ਜੇਮਸ ਦਹੀਆ, ਫਗਵਾੜਾ ਵਾਸੀ ਗਗਨਦੀਪ ਉਰਫ਼ ਕੋਠਾ ਅਤੇ ਫਗਵਾੜਾ ਦੇ ਹੀ ਸਵਾਮੀ ਪਰਮ ਨਗਰ ਵਾਸੀ ਜਸਮੀਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪਛਾਣ ਹੋਣ ਮਗਰੋਂ ਮੁਲਜ਼ਮ ਦੇ ਘਰ ‘ਤੇ ਪੁਲਸ ਨੇ ਛਾਪਾ ਮਾਰਿਆ ਤਾਂ ਵਿਦਿਆਰਥੀ ਘਰ ‘ਚ ਹੀ ਆਰਾਮ ਨਾਲ ਬੈਠਾ ਮਿਲਿਆ। ਉਸ ਨੇ ਆਪਣੀ ਵਾਇਰਲ ਤਸਵੀਰ ਨੂੰ ਮੋਬਾਇਲ ਦੇ ਵਾਲਪੇਪਰ ਵਜੋਂ ਲਗਾਇਆ ਹੋਇਆ ਸੀ। ਪੁਲਸ ਨੇ ਉਸ ਨੂੰ ਪਬਲਿਕ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ MacBook M5 ਅਤੇ iPhone 14 Pro ਵੀ ਬਰਾਮਦ ਕੀਤੇ ਗਏ ਹਨ। ਪੁਲਸ ਨੇ ਮਾਮਲੇ ‘ਚ ਵੀਰਵਾਰ ਨੂੰ ਫਗਵਾੜਾ ਵਾਸੀ ਗਗਨਦੀਪ ਅਤੇ ਜਸਮੀਤ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਜਾਂਚ ਦੌਰਾਨ ਦੋਵਾਂ ਨੂੰ ਟ੍ਰੇਸ ਕੀਤਾ ਸੀ। ਜਾਂਚ ‘ਚ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਡੋਮੀਨੋਜ਼ ‘ਚ ਪਿੱਜ਼ਾ ਡਿਲਿਵਰੀ ਬੁਆਏ ਵਜੋਂ ਕੰਮ ਕਰਦੇ ਹਨ। ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਯੂਨੀਵਰਸਿਟੀ ‘ਚ ਹਿੰਸਾ ਹੋਈ ਹੈ। ਇਸ ਤੋਂ ਬਾਅਦ ਦੋਵੇਂ ਲੁੱਟ ਦੇ ਇਰਾਦੇ ਨਾਲ ਉੱਥੇ ਪਹੁੰਚੇ ਸਨ। ਪੁਲਸ ਨੇ ਕੈਮਰਿਆਂ ਦੇ ਆਧਾਰ ‘ਤੇ ਦੋਵਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮ ਗਗਨਦੀਪ ਦੇ ਮਾਮੇ ਨੇ ਦੱਸਿਆ ਕਿ ਗਗਨ ਡੋਮੀਨੋਜ਼ ‘ਚ ਪਿੱਜ਼ਾ ਡਿਲਿਵਰੀ ਦਾ ਕੰਮ ਕਰਦਾ ਹੈ ਅਤੇ ਡੇਢ ਮਹੀਨਾ ਪਹਿਲਾਂ ਹੀ ਉਸ ਦੀ ਨੌਕਰੀ ਲੱਗੀ ਸੀ।

