Hindu temple vandalized in Pakistan; one person arrested
ਪਾਕਿਸਤਾਨ ‘ਚ ਹਿੰਦੂ ਮੰਦਰ ਦੀ ਭੰਨ-ਤੋੜ; ਇੱਕ ਵਿਅਕਤੀ ਗ੍ਰਿਫ਼ਤਾਰ
ਕਰਾਚੀ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਦੇ ਨਗਰਪਾਰਕਰ ਇਲਾਕੇ ਦੇ ਰਾਠੀ ਪਿੰਡ ਵਿੱਚ ਇੱਕ ਹਿੰਦੂ ਮੰਦਰ ਦੀ ਭੰਨ-ਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਹਮਲਾ ਕਰਨ ਦੇ ਸ਼ੱਕ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਇੱਕ ਸਥਾਨਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ‘ਮਾਤਾ ਜੋਗ ਮਾਇਆ ਮੰਦਰ’ ਦੇ ਕੁਝ ਹਿੱਸਿਆਂ ਦੀ ਭੰਨ-ਤੋੜ ਕੀਤੇ ਜਾਣ ਦਾ ਪਤਾ ਲੱਗਣ ਤੋਂ ਬਾਅਦ ਉਕਤ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ। ਪਾਕਿਸਤਾਨ ਦਰਾਵਰ ਇਤਹਾਦ ਐਨਜੀਓ (NGO) ਦੇ ਚੇਅਰਮੈਨ ਸ਼ਿਵਾ ਕਾਚੀ ਨੇ ਕਿਹਾ, “ਜਦੋਂ ਅੱਜ ਸਵੇਰੇ ਮੰਦਰ ਦੀ ਦੇਖ-ਰੇਖ ਕਰਨ ਵਾਲਾ ਵਿਅਕਤੀ ਉੱਠਿਆ, ਤਾਂ ਉਸਨੇ ਦੇਖਿਆ ਕਿ ਕੁਝ ਮੂਰਤੀਆਂ ਤੋੜੀਆਂ-ਫੋੜੀਆਂ ਗਈਆਂ ਸਨ ਅਤੇ ਉਸਨੇ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।” ਕਾਚੀ ਨੇ ਦੱਸਿਆ ਕਿ ਪੁਲਿਸ ਨੇ ਇਸ ਘਟਨਾ ਦੇ ਮੁੱਖ ਸ਼ੱਕੀ ਵਜੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਹਾਲਾਂਕਿ ਮੁਲਜ਼ਮ ਬਾਰੇ ਕੋਈ ਹੋਰ ਵੇਰਵਾ ਤੁਰੰਤ ਉਪਲਬਧ ਨਹੀਂ ਸੀ। ਕਾਚੀ ਨੇ ਕਿਹਾ, “ਇਹ ਇੱਕ ਛੋਟਾ ਜਿਹਾ ਮੰਦਰ ਹੈ, ਪਰ ਕਿਉਂਕਿ ਨਗਰਪਾਰਕਰ ਵਿੱਚ ਹਿੰਦੂ ਭਾਈਚਾਰੇ ਦੀ ਵੱਡੀ ਆਬਾਦੀ ਹੈ, ਇਸ ਲਈ ਹਰ ਪਿੰਡ ਵਿੱਚ ਹਿੰਦੂਆਂ ਦੇ ਪੂਜਾ-ਪਾਠ ਲਈ ਇੱਕ ਛੋਟਾ ਮੰਦਰ ਹੋਣਾ ਆਮ ਗੱਲ ਨਹੀਂ ਹੈ।” ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਕੀ ਇਸ ਘਟਨਾ ਵਿੱਚ ਇੱਕ ਤੋਂ ਵੱਧ ਵਿਅਕਤੀ ਸ਼ਾਮਲ ਸਨ। ਉਨ੍ਹਾਂ ਨੇ ਪੁਸ਼ਟੀ ਕੀਤੀ ਕਿ ਪੂਜਾ ਸਥਾਨ ਦੇ ਕੁਝ ਹਿੱਸਿਆਂ ਦੀ ਭੰਨ-ਤੋੜ ਕੀਤੀ ਗਈ ਸੀ। ਅਤੀਤ ਵਿੱਚ ਸਿੰਧ ਦੇ ਵੱਖ-ਵੱਖ ਹਿੱਸਿਆਂ ਵਿੱਚ ਹਿੰਦੂ ਮੰਦਰਾਂ ਵਿੱਚ ਭੰਨ-ਤੋੜ ਦੀਆਂ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਅਪ੍ਰੈਲ ਵਿੱਚ, ਸ਼ਹਿਰ ਦੇ ਫਤਿਹ ਚੌਕ ਇਲਾਕੇ ਵਿੱਚ ਕਾਲੀ ਮਾਤਾ ਮੰਦਰ ਵਿੱਚ ਭੰਨ-ਤੋੜ ਤੋਂ ਬਾਅਦ ਤਣਾਅ ਵਧਣ ‘ਤੇ ਹੈਦਰਾਬਾਦ ਵਿੱਚ ਪਾਕਿਸਤਾਨੀ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੇ ਸੜਕਾਂ ‘ਤੇ ਪ੍ਰਦਰਸ਼ਨ ਕੀਤਾ ਅਤੇ ਰਸਤੇ ਜਾਮ ਕੀਤੇ ਸਨ।

