Major incident in Punjab! ASI Iqbal Singh shot dead in broad daylight
ਪੰਜਾਬ ‘ਚ ਵੱਡੀ ਵਾਰਦਾਤ ! ASI ਇਕਬਾਲ ਸਿੰਘ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ
ਤਰਨਤਾਰਨ, (ਆਵਾਜ਼ਿ ਕੌਮ ਬਿਊਰੋ)-ਜ਼ਿਲ੍ਹੇ ਦੇ ਨੌਸ਼ਹਿਰਾ ਪੰਨੂਆਂ ਤੋਂ ਲੌਹਕਾ ਰੋਡ ਉੱਪਰ ਐਤਵਾਰ ਸ਼ਾਮ ਕਰੀਬ 6.30 ਵਜੇ ਅਣਪਛਾਤੇ ਹਮਲਾਵਰਾਂ ਵੱਲੋਂ ਕਾਊਂਟਰ ਇੰਟੈਲੀਜੈਂਸ ਫਿਰੋਜ਼ਪੁਰ ਵਿਖੇ ਤਾਇਨਾਤ ਏ.ਐੱਸ.ਆਈ. ਇਕਬਾਲ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਨੌਸ਼ਹਿਰਾ ਪੰਨੂਆਂ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਜਦੋਂ ਏਐੱਸਆਈ ਇਕਬਾਲ ਸਿੰਘ ਲਿੰਕ ਰੋਡ ਉੱਪਰ ਜਾ ਰਹੇ ਸਨ ਤਾਂ ਰਸਤੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ਉੱਪਰ ਗੋਲੀਆਂ ਚਲਾ ਦਿੱਤੀਆਂ। ਗੰਭੀਰ ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਵਾਰਦਾਤ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਇਸ ਘਟਨਾ ਕਾਰਨ ਇਲਾਕੇ ਵਿੱਚ ਭਾਰੀ ਸਹਿਮ ਅਤੇ ਪੁਲਿਸ ਮੁਲਾਜ਼ਮਾਂ ਵਿੱਚ ਗਮਗੀਨ ਮਾਹੌਲ ਪਾਇਆ ਜਾ ਰਿਹਾ ਹੈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਆਪਣਾ ਮੋਟਰਸਾਈਕਲ ਪਿੰਡ ਲੌਹਕਾ ਵਿਖੇ ਸੜਕ ਕਿਨਾਰੇ ਸੁੱਟ ਫਰਾਰ ਹੋ ਗਏ। ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਜ਼ਿਕਰਯੋਗ ਹੈ ਕਿ ਮ੍ਰਿਤਕ ਇਕਬਾਲ ਸਿੰਘ ਬੀਤੇ ਦਿਨੀਂ ਨੌਸ਼ਹਿਰਾ ਪੰਨੂਆਂ ਅੱਡੇ ਉੱਪਰ ਕਤਲ ਕੀਤੇ ਗਏ ਅਜਮੀਤ ਸਿੰਘ ਦਾ ਚਾਚਾ ਸੀ। ਇਸ ਤੋਂ ਇਲਾਵਾ ਮ੍ਰਿਤਕ ਦਾ ਸਕਾ ਭਰਾ ਵੀ ਪੁਲਿਸ ਜ਼ਿਲ੍ਹਾ ਤਰਨਤਾਰਨ ਵਿੱਚ ਬਤੌਰ ਏਐੱਸਆਈ ਤਾਇਨਾਤ ਹੈ, ਜਿਸ ਦੀ ਡਿਊਟੀ ਐੱਸਐੱਸਪੀ ਦਫ਼ਤਰ ਵਿਖੇ ਹੈ।ਦੇਰ ਸ਼ਾਮ ਤੱਕ ਕਤਲ ਦੇ ਅਸਲ ਕਾਰਨਾਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆ ਸਕੀ। ਹਾਲਾਂਕਿ ਸੂਤਰਾਂ ਅਨੁਸਾਰ ਇਸ ਵਾਰਦਾਤ ਦੇ ਤਾਰ ਗੈਂਗਸਟਰਾਂ ਨਾਲ ਜੁੜੇ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਜਿਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਪਰ ਸੋਸ਼ਲ ਮੀਡੀਆ ਉਪਰ ਡੋਨੀ ਬੱਲ, ਪ੍ਰਭ ਦਾਸੂਵਾਲ, ਮੁਹੱਬਤ ਰੰਧਾਵਾ, ਅਫਰੀਦੀ ਤੂਤ, ਅਮਰ ਖੱਬੇ ਤੇ ਸ਼ਗਨਪ੍ਰੀਤ ਗਰੁੱਪ ਵੱਲੋਂ ਨਾਲ ਸੰਬੰਧਿਤ ਗੋਪੀ ਗਣ ਸ਼ਾਮਪੁਰੀਆ ਗਰੁੱਪ ਵੱਲੋਂ ਇਸ ਕਤਲ ਦੀ ਜਿੰਮੇਵਾਰੀ ਲਈ ਗਈ ਹੈ। ਜਿਸ ਦੀ ਕਿਸੇ ਵੀ ਪੁਲਸ ਅਧਿਕਾਰੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ। ਇਸ ਸਬੰਧੀ ਮੌਕੇ ਦਾ ਜਾਇਜ਼ਾ ਲੈਣ ਪੁੱਜੇ ਡੀਆਈਜੀ ਫਿਰੋਜ਼ਪੁਰ ਰੇਂਜ ਸਨੇਹਦੀਪ ਸ਼ਰਮਾ ਅਤੇ ਜ਼ਿਲੇ ਦੇ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਵੱਲੋਂ ਕਤਲ ਮਾਮਲੇ ਦੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਦੱਸਿਆ ਕਿ ਏਐਸਆਈ ਇਕਬਾਲ ਸਿੰਘ ਜੋ ਡਿਊਟੀ ਤੋਂ ਆਪਣੇ ਘਰ ਪਿੰਡ ਨੁਸ਼ਹਿਰਾ ਪੰਨੂਆ ਵਿਖੇ ਜਾ ਰਹੇ ਸਨ। ਤਾਂ ਰਸਤੇ ਵਿੱਚ ਦੋ ਮੁਲਜ਼ਮਾਂ ਵੱਲੋਂ ਏਐਸਆਈ ਉੱਪਰ ਫਾਇਰਿੰਗ ਕੀਤੀ ਗਈ। ਜਿਸ ਦੇ ਚਲਦਿਆਂ ਦੋ ਗੋਲੀਆਂ ਲੱਗਣ ਨਾਲ ਉਹਨਾਂ ਦੀ ਮੌਤ ਹੋ ਗਈ। ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਲਈ ਪੁਲਿਸ ਟੀਮਾਂ ਕਾਰਵਾਈ ਵਿੱਚ ਜੁਟੀਆਂ ਹੋਈਆਂ ਹਨ ਅਤੇ ਜ਼ਿਲ੍ਹੇ ਵਿੱਚ ਹਾਈ ਅਲਰਟ ਜਾਰੀ ਕਰਕੇ ਹਮਲਾਵਰਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

