The Gurdwara tradition should not be used for political purposes: Phoolka
ਗੁਰਦੁਆਰੇ ਦੀ ਪਰੰਪਰਾ ਦਾ ਸਿਆਸੀ ਇਸਤੇਮਾਲ ਨਹੀਂ ਹੋਣਾ ਚਾਹੀਦਾ : ਫੂਲਕਾ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਸਾਬਕਾ ਵਿਧਾਇਕ ਅਤੇ ਸੀਨੀਅਰ ਭਾਜਪਾ ਨੇਤਾ ਐੱਚ. ਐੱਸ. ਫੂਲਕਾ ਨੇ ਆਮ ਆਦਮੀ ਪਾਰਟੀ ’ਤੇ ਗੁਰਦੁਆਰਾ ਬੰਗਲਾ ਸਾਹਿਬ ਨੂੰ ਸਿਆਸੀ ਧਰਨਾ ਕੇਂਦਰ ਵਜੋਂ ਵਰਤਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਜੰਤਰ-ਮੰਤਰ ’ਤੇ ਪ੍ਰਦਰਸ਼ਨ ਕਰਨ ਆਉਣ ਵਾਲੇ ਲੋਕਾਂ ਨੂੰ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਲੰਗਰ ਅਤੇ ਠਹਿਰਨ ਦੀ ਸਹੂਲਤ ਮਿਲਦੀ ਰਹੀ ਹੈ ਪਰ ਇਸ ਪਰੰਪਰਾ ਦੀ ਆੜ ’ਚ ਸਿਆਸੀ ਗਤੀਵਿਧੀਆਂ ਕਰਨਾ ਅਣਉਚਿਤ ਹੈ। ਫੂਲਕਾ ਦੇ ਅਨੁਸਾਰ ਹਾਲ ਹੀ ’ਚ ‘ਆਪ’ ਵਰਕਰ ਗੁਰਦੁਆਰਾ ਸਾਹਿਬ ਦੇ ਅੰਦਰ ਬੈਨਰ ਲੈ ਕੇ ਪਹੁੰਚੇ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਇਕ ਵਿਅਕਤੀ ਨੇ ਭਾਸ਼ਣ ਦੇਣਾ ਵੀ ਸ਼ੁਰੂ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਇਸ ਤੋਂ ਬਾਅਦ ‘ਆਪ’ ਨੇ ਭਰਮਾਊ ਵੀਡੀਓ ਪ੍ਰਸਾਰਿਤ ਕਰ ਕੇ ਪੁਲਸ ’ਤੇ ਗੁਰਦੁਆਰਾ ਸਾਹਿਬ ਦੇ ਅੰਦਰ ਜੁੱਤੀਆਂ ਪਾ ਕੇ ਦਾਖਲ ਹੋਣ ਅਤੇ ਸਿਰ ਨਾ ਢੱਕਣ ਦੇ ਦੋਸ਼ ਲਾਏ। ਫੂਲਕਾ ਨੇ ਦਾਅਵਾ ਕੀਤਾ ਕਿ ਸ਼ਨੀਵਾਰ ਸਵੇਰੇ ਲੱਗਭਗ 11 ਵਜੇ ਪੁਲਸ ਦੇ 13-14 ਜਵਾਨ ਅਸ਼ੋਕਾ ਰੋਡ ਵਾਲੇ ਪਾਸੇ ਸਥਿਤ ਗੇਟ ਤੋਂ ਕੰਪਲੈਕਸ ’ਚ ਦਾਖਲ ਹੋਏ ਅਤੇ ਦੂਜੇ ਗੇਟ ਤੋਂ 2-3 ਮਿੰਟਾਂ ’ਚ ਬਾਹਰ ਨਿਕਲ ਗਏ। ਉਨ੍ਹਾਂ ਮੁਤਾਬਕ, ਸਬੰਧਤ ਹਿੱਸੇ ’ਚ ਜੁੱਤੀਆਂ ਪਾ ਕੇ ਆਉਣ-ਜਾਣ ਦੀ ਇਜਾਜ਼ਤ ਹੈ ਅਤੇ ਉੱਥੇ ਸਿਰ ਢੱਕਣਾ ਲਾਜ਼ਮੀ ਨਹੀਂ ਹੈ। ਫੂਲਕਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਨੇਤਾਵਾਂ ’ਤੇ ਵੀ ਤੱਥਾਂ ਦੀ ਜਾਣਕਾਰੀ ਹੋਣ ਦੇ ਬਾਵਜੂਦ ਭਰਮਾਊ ਪ੍ਰਚਾਰ ਕਰਨ ਦਾ ਦੋਸ਼ ਲਾਇਆ।

