Jalandhar sanitaryware businessman receives threat call from abroad; threatened with being shot if money is not paid
ਜਲੰਧਰ ਦੇ ਸੈਨੇਟਰੀ ਕਾਰੋਬਾਰੀ ਨੂੰ ਵਿਦੇਸ਼ ਤੋਂ ਆਈ ਥ੍ਰੈੱਟ ਕਾਲ, ਪੈਸੇ ਨਾ ਦੇਣ ’ਤੇ ਗੋਲੀਆਂ ਮਾਰਨ ਦੀ ਦਿੱਤੀ ਧਮਕੀ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਸ਼ਹਿਰ ਦੇ ਕਾਫ਼ੀ ਪੁਰਾਣੇ ਸੈਨੇਟਰੀ ਕਾਰੋਬਾਰੀ ਨੂੰ ਐਤਵਾਰ ਨੂੰ ਵਿਦੇਸ਼ੀ ਨੰਬਰ ਤੋਂ ਥ੍ਰੈੱਟ ਕਾਲ ਆਈ। ਕਾਲ ਕਰਨ ਵਾਲੇ ਵਿਅਕਤੀ ਨੇ ਕਾਰੋਬਾਰੀ ਤੋਂ ਬਾਅਦ ਉਸ ਦੇ ਬੇਟੇ ਨੂੰ ਫੋਨ ਕਰਕੇ ਪੈਸਿਆਂ ਦੀ ਮੰਗ ਕੀਤੀ ਅਤੇ ਨਾ ਦੇਣ ’ਤੇ ਗੋਲੀਆਂ ਮਾਰਨ ਦੀ ਧਮਕੀ ਦਿੱਤੀ। ਧਮਕਾਉਣ ਵਾਲੇ ਵਿਅਕਤੀ ਨੇ ਇਹ ਵੀ ਦੱਸਿਆ ਕਿ ਉਸ ਨੂੰ ਉਨ੍ਹਾਂ ਦੇ ਘਰ ਅਤੇ ਦੁਕਾਨ ’ਚ ਆਉਣ-ਜਾਣ ਦੀ ਸਾਰੀ ਟਾਈਮਿੰਗ ਪਤਾ ਹੈ। ਇਸ ਸਬੰਧੀ ਥਾਣਾ ਅੱਠ ਦੀ ਪੁਲਸ ਨੂੰ ਸ਼ਿਕਾਇਤ ਸੌਂਪੀ ਗਈ ਹੈ, ਜਿਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਸੈਨੇਟਰੀ ਕਾਰੋਬਾਰੀ ਨੇ ਦੱਸਿਆ ਕਿ ਐਤਵਾਰ ਸਵੇਰੇ 9.12 ਵਜੇ ਉਸ ਨੂੰ ਵ੍ਹਟਸਐਪ ’ਤੇ ਕੈਨੇਡਾ ਦੇ ਨੰਬਰ ਤੋਂ ਕਾਲ ਆਈ। ਕਾਲ ਕਰਨ ਵਾਲੇ ਨੇ ਖ਼ੁਦ ਦਾ ਨਾਂ ਤਾਂ ਨਹੀਂ ਦੱਸਿਆ ਪਰ ਨਵੀਂ ਲਈ ਲਗਜ਼ਰੀ ਗੱਡੀ ਦੀ ਜਾਣਕਾਰੀ ਦਿੰਦਿਆਂ ਪੈਸਿਆਂ ਦੀ ਮੰਗ ਕੀਤੀ। ਕਾਰੋਬਾਰੀ ਨੇ ਤੁਰੰਤ ਕਾਲ ਕੱਟ ਦਿੱਤੀ ਅਤੇ ਨੰਬਰ ਬਲਾਕ ਕਰ ਦਿੱਤਾ। ਬਾਅਦ ’ਚ ਉਸ ਨੂੰ ਦੂਜੇ ਨੰਬਰ ਤੋਂ ਕਾਲ ਆਈ ਅਤੇ ਉਸ ਨੂੰ ਵੀ ਬਲਾਕ ’ਚ ਪਾ ਦਿੱਤਾ, ਜਿਸ ਤੋਂ ਬਾਅਦ 9.27 ਵਜੇ ਉਕਤ ਵਿਅਕਤੀ ਨੇ ਕਾਰੋਬਾਰੀ ਦੇ ਬੇਟੇ ਨੂੰ ਕਾਲ ਕੀਤੀ। ਕਾਲ ਕਰਨ ਵਾਲੇ ਨੇ ਕਾਰੋਬਾਰੀ ਦੇ ਬੇਟੇ ਨੂੰ ਕਿਹਾ ਕਿ ਉਸ ਦਾ ਪਿਤਾ ਨੰਬਰ ਬਲਾਕ ’ਚ ਪਾ ਰਿਹਾ ਹੈ ਪਰ ਉਹ ਅਜਿਹੀ ਗਲਤੀ ਨਾ ਕਰੇ। ਉਸ ਨੂੰ ਉਨ੍ਹਾਂ ਦੇ ਘਰ ਅਤੇ ਦੁਕਾਨ ’ਚ ਆਉਣ-ਜਾਣ ਦੀ ਸਾਰੀ ਟਾਈਮਿੰਗ ਪਤਾ ਹੈ। ਜੇਕਰ ਉਸ ਨੂੰ ਪੈਸੇ ਨਹੀਂ ਮਿਲੇ ਤਾਂ ਗੋਲੀਆਂ ਖਾਣ ਲਈ ਤਿਆਰ ਰਹਿਣ। ਉਸ ਤੋਂ ਬਾਅਦ ਉਕਤ ਵਿਅਕਤੀ ਨੇ ਕਾਰੋਬਾਰੀ ਦੇ ਬੇਟੇ ਦੇ ਨੰਬਰ ’ਤੇ ਆਡੀਓ ਮੈਸੇਜ ਭੇਜ ਕੇ ਵੀ ਧਮਕਾਇਆ ਅਤੇ ਪੈਸਿਆਂ ਦੀ ਮੰਗ ਕੀਤੀ। ਉਕਤ ਵਿਅਕਤੀ ਨੇ ਇਹ ਵੀ ਗੱਲ ਕੀਤੀ ਕਿ ਉਹ ਪਹਿਲਾਂ ਵੀ ਜਲੰਧਰ ਤੋਂ ਕਈ ਲੋਕਾਂ ਤੋਂ ਇਸੇ ਤਰ੍ਹਾਂ ਪੈਸੇ ਲੈ ਚੁੱਕੇ ਹਨ। ਇਸ ਘਟਨਾ ਤੋਂ ਬਾਅਦ ਕਾਰੋਬਾਰੀ ਪਰਿਵਾਰ ਦਹਿਸ਼ਤ ’ਚ ਆ ਗਿਆ। ਉਹ ਤੁਰੰਤ ਥਾਣਾ ਡਵੀਜ਼ਨ ਨੰਬਰ ਅੱਠ ’ਚ ਪਹੁੰਚੇ ਅਤੇ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਤੁਰੰਤ ਐਕਸ਼ਨ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ।

