Beware of online fraud during the festive season; do not fall for the lure of discounts on fake websites: Satinder Singh
ਤਿਉਹਾਰਾਂ ’ਤੇ ਆਨਲਾਈਨ ਠੱਗੀ ਤੋਂ ਰਹੋ ਸਾਵਧਾਨ, ਫਰਜ਼ੀ ਵੈੱਬਸਾਈਟਾਂ ਤੇ ਛੋਟ ਦੇ ਲਾਲਚ ’ਚ ਨਾ ਆਓ : ਸਤਿੰਦਰ ਸਿੰਘ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਦੀਵਾਲੀ ਅਤੇ ਦੁਸਹਿਰੇ ਦੇ ਤਿਉਹਾਰਾਂ ਦੌਰਾਨ ਆਨਲਾਈਨ ਖਰੀਦਦਾਰੀ ਵਿਚ ਵਧਦੀਆਂ ਸਰਗਰਮੀਆਂ ਨੂੰ ਦੇਖਦੇ ਹੋਏ ਜਲੰਧਰ ਪੁਲਸ ਕਮਿਸ਼ਨਰੇਟ ਨੇ ਲੋਕਾਂ ਨੂੰ ਸਾਈਬਰ ਠੱਗੀ ਤੋਂ ਬਚਣ ਲਈ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਪੁਲਸ ਕਮਿਸ਼ਨਰ ਸਤਿੰਦਰ ਸਿੰਘ ਦੀ ਅਗਵਾਈ ਵਿਚ ਪੁਲਸ ਕਮਿਸ਼ਨਰੇਟ ਜਲੰਧਰ ਨੇ ਨਾਗਰਿਕਾਂ ਨੂੰ ਸੁਚੇਤ ਕੀਤਾ ਹੈ ਕਿ ਤਿਉਹਾਰਾਂ ਦੌਰਾਨ ਸਾਈਬਰ ਅਪਰਾਧੀ ਆਕਰਸ਼ਕ ਆਫਰ, ਭਾਰੀ ਛੋਟ ਅਤੇ ਸਸਤੇ ਸਾਮਾਨ ਦਾ ਲਾਲਚ ਦੇ ਕੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਣ ਦੀ ਕੋਸ਼ਿਸ਼ ਕਰ ਸਕਦੇ ਹਨ। ਪੁਲਸ ਨੇ ਸਪੱਸ਼ਟ ਕੀਤਾ ਕਿ ਤਿਉਹਾਰਾਂ ਦੀਆਂ ਖੁਸ਼ੀਆਂ ਮਨਾਉਂਦੇ ਸਮੇਂ ਆਨਲਾਈਨ ਧੋਖਾਧੜੀ ਤੋਂ ਸਾਵਧਾਨ ਰਹਿਣਾ ਵੀ ਬਹੁਤ ਜ਼ਰੂਰੀ ਹੈ, ਤਾਂ ਜੋ ਲੋਕਾਂ ਦੀ ਮਿਹਨਤ ਦੀ ਕਮਾਈ ਅਤੇ ਬੈਂਕਿੰਗ ਸਬੰਧੀ ਜਾਣਕਾਰੀ ਸੁਰੱਖਿਅਤ ਰਹੇ। ਸੀ. ਪੀ. ਸਤਿੰਦਰ ਸਿੰਘ ਨੇ ਕਿਹਾ ਕਿ ਕਈ ਸਾਈਬਰ ਠੱਗ ਤਿਉਹਾਰਾਂ ਦੇ ਮੌਕੇ ’ਤੇ ਫਰਜ਼ੀ ਵੈੱਬਸਾਈਟਾਂ ਅਤੇ ਭਰਮਾਊ ਇਸ਼ਤਿਹਾਰ ਤਿਆਰ ਕਰਦੇ ਹਨ। ਇਨ੍ਹਾਂ ’ਤੇ ਮਹਿੰਗੇ ਸਾਮਾਨ ਨੂੰ ਬਹੁਤ ਘੱਟ ਕੀਮਤ ’ਤੇ ਉਪਲੱਬਧ ਕਰਵਾਉਣ ਜਾਂ ਅਵਿਸ਼ਵਾਸਯੋਗ ਛੋਟ ਦੇਣ ਦਾ ਦਾਅਵਾ ਕੀਤਾ ਜਾਂਦਾ ਹੈ। ਅਜਿਹੇ ਆਫਰ ਦੇਖ ਕੇ ਲੋਕ ਜਲਦਬਾਜ਼ੀ ਵਿਚ ਖਰੀਦਦਾਰੀ ਕਰ ਲੈਂਦੇ ਹਨ ਅਤੇ ਭੁਗਤਾਨ ਦੌਰਾਨ ਉਨ੍ਹਾਂ ਦੀ ਬੈਂਕਿੰਗ ਜਾਣਕਾਰੀ ਜਾਂ ਪੈਸੇ ਠੱਗਾਂ ਦੇ ਹੱਥ ਲੱਗ ਸਕਦੇ ਹਨ। ਕਈ ਵਾਰ ਸ਼ੱਕੀ ਲਿੰਕਾਂ ਜ਼ਰੀਏ ਲੋਕਾਂ ਨੂੰ ਅਜਿਹੀਆਂ ਵੈੱਬਸਾਈਟਾਂ ’ਤੇ ਪਹੁੰਚਾਇਆ ਜਾਂਦਾ ਹੈ, ਜਿੱਥੇ ਉਨ੍ਹਾਂ ਦੀ ਨਿੱਜੀ ਅਤੇ ਵਿੱਤੀ ਜਾਣਕਾਰੀ ਚੋਰੀ ਕਰਨ ਦਾ ਯਤਨ ਕੀਤਾ ਜਾਂਦਾ ਹੈ। ਇਸ ਲਈ ਪੁਲਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਕਿਸੇ ਵੀ ਆਕਰਸ਼ਕ ਆਫਰ ’ਤੇ ਭਰੋਸਾ ਕਰਨ ਤੋਂ ਪਹਿਲਾਂ ਉਸ ਦੀ ਸੱਚਾਈ ਦੀ ਜਾਂਚ ਜ਼ਰੂਰ ਕਰਨ। ਜਲੰਧਰ ਪੁਲਸ ਕਮਿਸ਼ਨਰੇਟ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ ਵਿਸ਼ਵਾਸਯੋਗ ਅਤੇ ਅਧਿਕਾਰਤ ਵੈੱਬਸਾਈਟਾਂ ਤੋਂ ਹੀ ਖਰੀਦਦਾਰੀ ਕਰਨ। ਭੁਗਤਾਨ ਕਰਨ ਤੋਂ ਪਹਿਲਾਂ ਵੈੱਬਸਾਈਟ ਦੇ ਯੂ. ਆਰ. ਐੱਲ. ਦੀ ਚੰਗੀ ਤਰ੍ਹਾਂ ਜਾਂਚ ਕਰਨ ਅਤੇ ਕਿਸੇ ਅਣਜਾਣ ਲਿੰਕ ’ਤੇ ਕਲਿੱਕ ਕਰਨ ਤੋਂ ਬਚਣ। ਪੁਲਸ ਨੇ ਵਿਸ਼ੇਸ਼ ਰੂਪ ਵਿਚ ਚਿਤਾਵਨੀ ਦਿੱਤੀ ਹੈ ਕਿ ਕਿਸੇ ਵੀ ਵਿਅਕਤੀ ਨਾਲ ਓ. ਟੀ. ਪੀ., ਸੀ. ਵੀ. ਵੀ., ਏ. ਟੀ. ਐੱਮ. ਜਾਂ ਬੈਂਕਿੰਗ ਪਿਨ ਅਤੇ ਖਾਤੇ ਨਾਲ ਜੁੜੀ ਗੁਪਤ ਜਾਣਕਾਰੀ ਸਾਂਝੀ ਨਾ ਕਰਨ। ਇਸ ਤੋਂ ਇਲਾਵਾ ਅਸਾਧਾਰਨ ਰੂਪ ਵਿਚ ਵੱਡੀ ਛੋਟ ਦੇਣ ਵਾਲੇ ਆਫਰਾਂ ਅਤੇ ਸ਼ੱਕੀ ਇਸ਼ਤਿਹਾਰਾਂ ਤੋਂ ਸਾਵਧਾਨ ਰਹਿਣ। ਪੁਲਸ ਦਾ ਕਹਿਣਾ ਹੈ ਕਿ ਥੋੜ੍ਹੀ ਜਿਹੀ ਸਾਵਧਾਨੀ ਲੋਕਾਂ ਨੂੰ ਆਰਥਿਕ ਨੁਕਸਾਨ ਤੋਂ ਬਚਾ ਸਕਦੀ ਹੈ। ਪੁਲਸ ਕਮਿਸ਼ਨਰੇਟ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਆਨਲਾਈਨ ਵਿੱਤੀ ਧੋਖਾਧੜੀ ਦਾ ਸ਼ਿਕਾਰ ਹੋ ਜਾਂਦਾ ਹੈ, ਤਾਂ ਉਸ ਨੂੰ ਬਿਨਾਂ ਦੇਰੀ ਕੀਤੇ ਸਾਈਬਰ ਅਪਰਾਧ ਹੈਲਪਲਾਈਨ ਨੰਬਰ 1930 ’ਤੇ ਸੰਪਰਕ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਰਾਸ਼ਟਰੀ ਸਾਈਬਰ ਅਪਰਾਧ ਰਿਪੋਰਟਿੰਗ ਪੋਰਟਲ ’ਤੇ ਵੀ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਸਮੇਂ ’ਤੇ ਸ਼ਿਕਾਇਤ ਕਰਨ ਨਾਲ ਸੰਬੰਧਤ ਲੈਣ-ਦੇਣ ਦੀ ਜਾਂਚ ਅਤੇ ਧਨਰਾਸ਼ੀ ਨੂੰ ਰੋਕਣ ਦੀਆਂ ਸੰਭਾਵਨਾਵਾਂ ਵਿਚ ਮਦਦ ਮਿਲ ਸਕਦੀ ਹੈ। ਐਮਰਜੈਂਸੀ ਪੁਲਸ ਸਹਾਇਤਾ ਲਈ ਨਾਗਰਿਕ 112 ਨੰਬਰ ’ਤੇ ਫੋਨ ਕਰ ਸਕਦੇ ਹਨ। ਪੁਲਸ ਕਮਿਸ਼ਨਰੇਟ ਜਲੰਧਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤਿਉਹਾਰਾਂ ਦੌਰਾਨ ਆਨਲਾਈਨ ਖਰੀਦਦਾਰੀ ਕਰਦੇ ਸਮੇਂ ਸਾਵਧਾਨੀ ਵਰਤਣ ਅਤੇ ਕਿਸੇ ਵੀ ਅਣਜਾਣ ਵਿਅਕਤੀ ਜਾਂ ਵੈੱਬਸਾਈਟ ’ਤੇ ਅੱਖਾਂ ਮੀਚ ਕੇ ਭਰੋਸਾ ਨਾ ਕਰਨ। ਪੁਲਸ ਨੇ ਸੰਦੇਸ਼ ਦਿੱਤਾ ਕਿ ਵੱਡੀ ਛੋਟ ਦੇ ਪਿੱਛੇ ਵੱਡਾ ਧੋਖਾ ਵੀ ਲੁਕਿਆ ਹੋ ਸਕਦਾ ਹੈ।

