Big news regarding Aadhaar cards across Punjab! A new source of worry for the state’s residents
ਪੰਜਾਬ ਭਰ ‘ਚ ਆਧਾਰ ਕਾਰਡਾਂ ਨੂੰ ਲੈ ਕੇ ਵੱਡੀ ਖ਼ਬਰ! ਸੂਬਾ ਵਾਸੀਆਂ ਨੂੰ ਪਈ ਨਵੀਂ ਟੈਨਸ਼ਨ
ਜ਼ੀਰਕਪੁਰ (ਆਵਾਜ਼ਿ ਕੌਮ ਬਿਊਰੋ)-ਸੇਵਾ ਕੇਂਦਰਾਂ ਦੇ ਆਪਰੇਟਰਾਂ ਨੂੰ ਆਧਾਰ ਅਤੇ ਟੋਕਨ ਦੇ ਨਾਂ ’ਤੇ ਲੱਖਾਂ ਰੁਪਏ ਦੇ ਜੁਰਮਾਨੇ ਲਾਉਣ ਅਤੇ ਤਨਖ਼ਾਹਾਂ ’ਚੋਂ ਕਿਸ਼ਤਾਂ ਰਾਹੀਂ ਵਸੂਲੀ ਕਰਨ ਦੇ ਵਿਰੋਧ ’ਚ ਸੂਬੇ ਭਰ ’ਚ ਆਧਾਰ ਸਬੰਧੀ ਕੰਮ ਠੱਪ ਹੋ ਗਿਆ ਹੈ। ਸੇਵਾ ਕੇਂਦਰ ਮੁਲਾਜ਼ਮ ਯੂਨੀਅਨ ਪੰਜਾਬ ਨੇ 13 ਅਕਤੂਬਰ ਤੋਂ ਆਧਾਰ ਅਤੇ ਟੋਕਨ ਪ੍ਰਣਾਲੀ ਨਾਲ ਸਬੰਧਿਤ ਕੰਮ ਬੰਦ ਕਰਨ ਦਾ ਸੱਦਾ ਦਿੱਤਾ ਸੀ। ਆਪਰੇਟਰਾਂ ਦਾ ਕਹਿਣਾ ਹੈ ਕਿ ਮੰਗਾਂ ਮੰਨੇ ਜਾਣ ਤੱਕ ਕੰਮ ਬੰਦ ਰਹੇਗਾ। ਕੰਮ ਰੁਕਣ ਨਾਲ ਆਧਾਰ ਬਣਵਾਉਣ ਅਤੇ ਉਸ ’ਚ ਸੋਧ ਕਰਵਾਉਣ ਲਈ ਸੇਵਾ ਕੇਂਦਰਾਂ ’ਚ ਪਹੁੰਚ ਰਹੇ ਲੋਕਾਂ ਦੀ ਪਰੇਸ਼ਾਨੀ ਵੱਧ ਗਈ ਹੈ। ਸਮਾਂ ਕੱਢ ਕੇ ਆਉਣ ਦੇ ਬਾਵਜੂਦ ਉਨ੍ਹਾਂ ਨੂੰ ਕੰਮ ਕਰਵਾਏ ਬਿਨਾਂ ਪਰਤਣਾ ਪੈ ਰਿਹਾ ਹੈ। ਦਿਹਾੜੀਦਾਰਾਂ, ਨੌਕਰੀਪੇਸ਼ਾ ਲੋਕਾਂ ਅਤੇ ਬਜ਼ੁਰਗਾਂ ਲਈ ਵਾਰ-ਵਾਰ ਕੇਂਦਰ ਪਹੁੰਚਣਾ ਹੋਰ ਵੀ ਔਖਾ ਹੈ। ਸੇਵਾਵਾਂ ਬਹਾਲ ਹੋਣ ਦਾ ਸਮਾਂ ਸਪੱਸ਼ਟ ਨਾ ਹੋਣ ਕਾਰਨ ਲੋਕ ਦੁਚਿੱਤੀ ’ਚ ਹਨ ਕਿ ਉਹ ਆਪਣੇ ਕੰਮ ਲਈ ਮੁੜ ਕਦੋਂ ਆਉਣ। ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਮਾਝਾ ਅਤੇ ਜਨਰਲ ਸਕੱਤਰ ਗੁਰਸੇਵਕ ਸਿੰਘ ਚਹਿਲ ਵੱਲੋਂ 12 ਅਕਤੂਬਰ ਨੂੰ ਡਾਇਰੈਕਟਰ, ਪ੍ਰਸ਼ਾਸਨਿਕ ਸੁਧਾਰ ਵਿਭਾਗ ਨੂੰ ਭੇਜੇ ਪੱਤਰ ਦੀ ਕਾਪੀ ਡਿਪਟੀ ਕਮਿਸ਼ਨਰ ਮੋਹਾਲੀ ਨੂੰ ਵੀ ਭੇਜੀ ਗਈ ਹੈ। ਪੱਤਰ ’ਚ ਦੋਸ਼ ਲਾਇਆ ਗਿਆ ਹੈ ਕਿ ਕੰਪਨੀ ਨੇ ਜੁਰਮਾਨਿਆਂ ਦੀਆਂ ਸੂਚੀਆਂ ਜਾਰੀ ਕਰਕੇ ਤਨਖ਼ਾਹਾਂ ’ਚੋਂ ਵਸੂਲੀ ਲਈ ਕਿਸ਼ਤਾਂ ਬਣਾ ਦਿੱਤੀਆਂ ਹਨ। ਯੂਨੀਅਨ ਮੁਤਾਬਕ ਪਿਛਲੀ ਹੜਤਾਲ ਦੌਰਾਨ ਵਿਭਾਗ ਅਤੇ ਕੰਪਨੀ ਵੱਲੋਂ ਜੁਰਮਾਨੇ ਨਾ ਲਾਉਣ ਦੀ ਸਹਿਮਤੀ ਦੇ ਬਾਵਜੂਦ ਮੁੜ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ। ਯੂਨੀਅਨ ਨੇ ਸਵਾਲ ਚੁੱਕਿਆ ਕਿ ਜੁਰਮਾਨਾ ਕਿਸ ਦਿਨ, ਕਿਹੜੇ ਟੋਕਨ ਅਤੇ ਕਿਸ ਆਪਰੇਟਰ ਦੀ ਗਲਤੀ ਕਾਰਨ ਲਾਇਆ ਗਿਆ, ਇਸ ਦਾ ਸਪਸ਼ਟ ਵੇਰਵਾ ਕਿਉਂ ਨਹੀਂ ਦਿੱਤਾ ਗਿਆ। ਪੱਤਰ ’ਚ ਬਿਜਲੀ ਬੰਦ ਹੋਣ, ਸਰਵਰ ਦੀ ਖ਼ਰਾਬੀ ਅਤੇ ਹੋਰ ਤਕਨੀਕੀ ਦਿੱਕਤਾਂ ਦੀ ਭੂਮਿਕਾ ਸਪੱਸ਼ਟ ਕਰਨ ਦੀ ਮੰਗ ਵੀ ਕੀਤੀ ਗਈ ਹੈ। ਯੂਨੀਅਨ ਦਾ ਕਹਿਣਾ ਹੈ ਕਿ ਮੁਲਾਜ਼ਮਾਂ ਨੇ ਤਨਖ਼ਾਹਾਂ ’ਚੋਂ ਅਜਿਹੀ ਵਸੂਲੀ ਲਈ ਕੰਪਨੀ ਨਾਲ ਕੋਈ ਸਮਝੌਤਾ ਨਹੀਂ ਕੀਤਾ। ਲੋਹਗੜ੍ਹ ਸੇਵਾ ਕੇਂਦਰ ਦੇ ਆਪਰੇਟਰ ਗੁਰਜੰਟ ਸਿੰਘ ਨੇ ਦੱਸਿਆ ਕਿ ਕਿਸੇ ਨੂੰ ਡੇਢ ਲੱਖ ਅਤੇ ਕਿਸੇ ਨੂੰ ਦੋ ਲੱਖ ਰੁਪਏ ਜੁਰਮਾਨਾ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ 10 ਤੋਂ 12 ਹਜ਼ਾਰ ਰੁਪਏ ਮਹੀਨਾਵਾਰ ਤਨਖ਼ਾਹ ’ਚੋਂ ਕਟੌਤੀ ਹੋਣ ਨਾਲ ਪਰਿਵਾਰਾਂ ਦਾ ਗੁਜ਼ਾਰਾ ਔਖਾ ਹੋ ਗਿਆ ਹੈ। ਉਨ੍ਹਾਂ ਅਨੁਸਾਰ ਪੰਜਾਬ ਭਰ ’ਚ ਆਧਾਰ ਦਾ ਕੰਮ ਬੰਦ ਹੈ ਅਤੇ 17 ਅਕਤੂਬਰ ਨੂੰ ਲੁਧਿਆਣਾ ’ਚ ਮੀਟਿੰਗ ਮਗਰੋਂ ਅਗਲਾ ਫ਼ੈਸਲਾ ਲਿਆ ਜਾਵੇਗਾ। ਆਪਰੇਟਰ ਸੁਰਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਤਨਖ਼ਾਹ 10,500 ਰੁਪਏ ਹੈ, ਜਦੋਂ ਕਿ ਉਸ ਨੂੰ 2 ਲੱਖ 61 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ ਹੈ। ਇਸ ਮਹੀਨੇ ਤਨਖ਼ਾਹ ਵਿੱਚੋਂ 3,200 ਰੁਪਏ ਕੱਟੇ ਗਏ ਹਨ। ਡੇਢ ਸਾਲ ਦੀ ਧੀ ਦੇ ਪਿਤਾ ਸੁਰਿੰਦਰ ਨੇ ਮੰਗ ਕੀਤੀ ਕਿ ਉਸ ਨੂੰ ਗਲਤੀ ਵਾਲੇ ਦਸਤਾਵੇਜ਼ ਦਿਖਾਏ ਜਾਣ। ਉਸ ਨੇ ਸਵਾਲ ਕੀਤਾ ਕਿ ਜੁਰਮਾਨਾ ਲੱਖਾਂ ’ਚ ਪਹੁੰਚਣ ਤੋਂ ਪਹਿਲਾਂ ਚਿਤਾਵਨੀ ਕਿਉਂ ਨਹੀਂ ਦਿੱਤੀ ਗਈ। ਯੂਨੀਅਨ ਨੇ ਸਫ਼ਾਈ ਸੇਵਕਾਂ ਅਤੇ ਸੁਰੱਖਿਆ ਗਾਰਡਾਂ ਦੀ ਇੱਕ ਮਹੀਨੇ ਦੀ ਬਕਾਇਆ ਤਨਖ਼ਾਹ ਅਤੇ ਡੀ. ਐੱਸ. ਡੀ. ਤੇ ਐੱਲ. ਆਰ. ਓ. ਆਪਰੇਟਰਾਂ ਦੇ ਸਫ਼ਰ ਭੱਤੇ ਜਾਰੀ ਕਰਨ ਦੀ ਮੰਗ ਵੀ ਕੀਤੀ ਹੈ। ਕੱਟੀ ਰਕਮ ਦੀ ਪੂਰੀ ਵਾਪਸੀ ਅਤੇ ਭਵਿੱਖ ’ਚ ਅਜਿਹੀ ਕਟੌਤੀ ਨਾ ਕਰਨ ਦਾ ਲਿਖਤੀ ਭਰੋਸਾ ਵੀ ਮੰਗਿਆ ਗਿਆ ਹੈ।

