Dengue outbreak in Gurdaspur: 5 members of the same family affected; larvae found in 11 houses in Qadri Mohalla
ਗੁਰਦਾਸਪੁਰ ’ਚ ਡੇਂਗੂ ਦਾ ਕਹਿਰ: ਇਕੋ ਪਰਿਵਾਰ ਦੇ 5 ਜੀਅ ਲਪੇਟ ’ਚ, ਕਾਦਰੀ ਮੁਹੱਲੇ ਦੇ 11 ਘਰਾਂ ’ਚੋਂ ਮਿਲਿਆ ਲਾਰਵਾ
ਗੁਰਦਾਸਪੁਰ (ਆਵਾਜ਼ਿ ਕੌਮ ਬਿਊਰੋ)-ਸਿਹਤ ਵਿਭਾਗ ਵੱਲੋਂ ਹਰ ਸ਼ੁੱਕਰਵਾਰ ਨੂੰ ‘ਡਰਾਈ ਡੇਅ’ ਮਨਾ ਕੇ ਚਲਾਈਆਂ ਜਾ ਰਹੀਆਂ ਜਾਗਰੂਕਤਾ ਗਤੀਵਿਧੀਆਂ ਅਤੇ ਦਾਅਵਿਆਂ ਦੇ ਬਾਵਜੂਦ ਗੁਰਦਾਸਪੁਰ ਸ਼ਹਿਰ ’ਚ ਡੇਂਗੂ ਦਾ ਪ੍ਰਕੋਪ ਲਗਾਤਾਰ ਵਧਦਾ ਜਾ ਰਿਹਾ ਹੈ। ਡੇਂਗੂ ਬੁਖ਼ਾਰ ਦੇ ਕਾਰਨ ਮਰੀਜ਼ਾਂ ਦੇ ਪਲੇਟਲੈੱਟਸ (ਸੈੱਲ) ਤੇਜ਼ੀ ਨਾਲ ਘਟਣ ਕਾਰਨ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਹੈ। ਸਰਕਾਰੀ ਹਸਪਤਾਲ ’ਚ ਬਿਹਤਰ ਸੁਵਿਧਾਵਾਂ ਦੀ ਘਾਟ ਜਾਂ ਡਰ ਕਾਰਨ ਲੋਕ ਨਿੱਜੀ ਹਸਪਤਾਲਾਂ ’ਚ ਮਹਿੰਗਾ ਇਲਾਜ ਕਰਵਾਉਣ ਲਈ ਮਜਬੂਰ ਹੋ ਰਹੇ ਹਨ, ਜਿਸ ਨਾਲ ਸ਼ਹਿਰ ਦੇ ਕਈ ਇਲਾਕਿਆਂ ’ਚ ਹਾਲਾਤ ਬੇਹੱਦ ਚਿੰਤਾਜਨਕ ਬਣ ਗਏ ਹਨ। ਸ਼ਹਿਰ ਦੇ ਕਾਦਰੀ ਮੁਹੱਲੇ ’ਚ ਸਥਿਤੀ ਸਭ ਤੋਂ ਵੱਧ ਨਾਜ਼ੁਕ ਬਣੀ ਹੋਈ ਹੈ, ਜਿੱਥੇ ਇਕੋ ਪਰਿਵਾਰ ਦੇ 5 ਮੈਂਬਰਾਂ ਸਮੇਤ ਕਈ ਹੋਰ ਇਲਾਕਾ ਨਿਵਾਸੀ ਵੀ ਡੇਂਗੂ ਦੀ ਲਪੇਟ ’ਚ ਆ ਚੁੱਕੇ ਹਨ। ਸਥਾਨਕ ਨਿਵਾਸੀਆਂ ਵੱਲੋਂ ਦਿੱਤੀ ਗਈ ਗੰਭੀਰ ਸੂਚਨਾ ਤੋਂ ਬਾਅਦ ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਨੇ ਸਰਗਰਮੀ ਦਿਖਾਉਂਦੇ ਹੋਏ ਕਾਦਰੀ ਮੁਹੱਲੇ ਦੀ ਇਕ ਗਲੀ ’ਚ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ। ਇਸ ਚੈਕਿੰਗ ਦੌਰਾਨ ਟੀਮ ਨੂੰ 11 ਘਰਾਂ ’ਚੋਂ ਡੇਂਗੂ ਮੱਛਰ ਦਾ ਲਾਰਵਾ ਬਰਾਮਦ ਹੋਇਆ, ਜਿਸ ਨੂੰ ਮੌਕੇ ’ਤੇ ਹੀ ਮੌਜੂਦ ਟੀਮ ਵੱਲੋਂ ਦਵਾਈਆਂ ਦਾ ਛਿੜਕਾਅ ਕਰ ਕੇ ਨਸ਼ਟ ਕਰਵਾਇਆ ਗਿਆ। ਇਸ ਚੈਕਿੰਗ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਘਰ-ਘਰ ਜਾ ਕੇ ਫਰਿੱਜਾਂ ਦੀਆਂ ਪਿਛਲੀਆਂ ਟ੍ਰੇਆਂ, ਕੂਲਰਾਂ, ਗਮਲਿਆਂ ਅਤੇ ਖੁੱਲ੍ਹੇ ’ਚ ਪਏ ਪੁਰਾਣੇ ਟਾਇਰਾਂ ’ਚੋਂ ਖੜ੍ਹਾ ਪਾਣੀ ਸਾਫ਼ ਕਰਵਾਇਆ। ਇਸ ਦੇ ਨਾਲ ਹੀ ਸਿਹਤ ਟੀਮ ਵੱਲੋਂ ਲੋਕਾਂ ਨੂੰ ਆਪਣੇ ਆਲੇ-ਦੁਆਲੇ ਸਫ਼ਾਈ ਰੱਖਣ, ਪਾਣੀ ਇਕੱਠਾ ਨਾ ਹੋਣ ਦੇਣ, ਉਬਾਲ ਕੇ ਪਾਣੀ ਪੀਣ ਅਤੇ ਪੂਰੀਆਂ ਬਾਹਾਂ ਦੇ ਕੱਪੜੇ ਪਾਉਣ ਵਰਗੀਆਂ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਹਦਾਇਤ ਕੀਤੀ ਗਈ। ਸਿਹਤ ਅਧਿਕਾਰੀਆਂ ਨੇ ਆਖਿਆ ਕਿ ਪੂਰੇ ਮੁਹੱਲੇ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਕਿਸੇ ਵੀ ਸ਼ੱਕੀ ਮਰੀਜ਼ ਦੇ ਸਾਹਮਣੇ ਆਉਣ ’ਤੇ ਤੁਰੰਤ ਸੂਚਿਤ ਕਰਨ ਦੀ ਅਪੀਲ ਕੀਤੀ ਗਈ ਹੈ।

