Secrets of arrested Head Constable begin to emerge; additional heroin worth 500,000,000 recovered
ਗ੍ਰਿਫਤਾਰ ਕੀਤੇ ਹੈੱਡ ਕਾਂਸਟੇਬਲ ਦੇ ਭੇਤ ਖੁੱਲ੍ਹਣੇ ਸ਼ੁਰੂ, 500,000,00 ਦੀ ਹੋਰ ਹੈਰੋਇਨ ਬਰਾਮਦ
ਤਰਨਤਾਰਨ (ਆਵਾਜ਼ਿ ਕੌਮ ਬਿਊਰੋ)-ਬੀਤੇ ਦਿਨੀਂ ਐੱਨ. ਸੀ. ਬੀ. ਅਤੇ ਬੀ. ਐੱਸ. ਐੱਫ਼. ਦੇ ਸਾਂਝੇ ਆਪ੍ਰੇਸ਼ਨ ਦੌਰਾਨ ਐਂਟੀ ਡਰੋਨ ਸਿਸਟਮ ’ਚ ਤਾਇਨਾਤ ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਕਰਨਬੀਰ ਸਿੰਘ ਨੂੰ 15 ਕਿਲੋ ਹੈਰੋਇਨ ਅਤੇ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਐੱਨ. ਸੀ. ਬੀ. ਵੱਲੋਂ ਹਿਰਾਸਤ ’ਚ ਲਏ ਗਏ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਸ਼ਨੀਵਾਰ ਨੂੰ 10 ਕਿਲੋ ਹੋਰ ਹੈਰੋਇਨ ਬਰਾਮਦ ਹੋਣ ਦਾ ਸੂਤਰਾਂ ਦੇ ਹਵਾਲੇ ਤੋਂ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਬੀ. ਐੱਸ. ਐੱਫ਼. ਦੀ 115 ਬਟਾਲੀਅਨ ਅਤੇ ਐੱਨ. ਸੀ. ਬੀ. ਵੱਲੋਂ ਸਰਹੱਦੀ ਪਿੰਡ ਲਹੀਆਂ ਨੇੜੇ ਕੀਤੀ ਗਈ ਨਾਕਾਬੰਦੀ ਦੌਰਾਨ ਸਵਿਫ਼ਟ ਕਾਰ ’ਚ ਆ ਰਹੇ ਹੈੱਡ ਕਾਂਸਟੇਬਲ ਕਰਨਬੀਰ ਸਿੰਘ ਨੂੰ ਰੋਕ ਕੇ ਤਲਾਸ਼ੀ ਲਈ ਗਈ ਸੀ ਤਾਂ ਗੱਡੀ ’ਚੋਂ 15 ਕਿਲੋ ਹੈਰੋਇਨ ਦੇ 3 ਪੈਕੇਟ, ਇਕ ਰਿਵਾਲਵਰ, 5 ਜ਼ਿੰਦਾ ਕਾਰਤੂਸ, 7 ਹਜ਼ਾਰ ਰੁਪਏ ਦੀ ਨਕਦੀ, 2 ਮੋਬਾਈਲ, 5 ਪਛਾਣ ਪੱਤਰ, ਏ. ਟੀ. ਐੱਮ. ਕਾਰਡ, ਡੌਂਗਲ ਅਤੇ ਚਾਰਜਰ ਬਰਾਮਦ ਹੋਇਆ ਸੀ। ਐੱਨ. ਸੀ. ਬੀ. ਵੱਲੋਂ ਮੁਲਜ਼ਮ ਦੇ ਮੋਬਾਈਲ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਾਕਿਸਤਾਨੀ ਡਰੋਨਾਂ ਰਾਹੀਂ ਮੰਗਵਾਈਆਂ ਗਈਆਂ ਖ਼ੇਪਾਂ, ਅੱਗੇ ਸਪਲਾਈ ਕਰਨ ਵਾਲੇ ਨੈੱਟਵਰਕ ਅਤੇ ਹੋਰ ਸਮੱਗਲਰਾਂ ਦਾ ਪਤਾ ਲਾਇਆ ਜਾ ਸਕੇ। ਜਾਂਚ ਦੌਰਾਨ ਐੱਨ. ਸੀ. ਬੀ. ਟੀਮ ਵੱਲੋਂ ਸ਼ਨੀਵਾਰ ਸ਼ਾਮ ਮੁਲਜ਼ਮ ਦੇ ਰਿਹਾਇਸ਼ੀ ਪਿੰਡ ਭੂਸੇ ਵਿਖੇ ਦਸਤਕ ਦਿੱਤੀ ਗਈ। ਸਥਾਨਕ ਪੁਲਸ ਨੂੰ ਭਿਣਕ ਲੱਗੇ ਬਿਨਾਂ ਮੁਲਜ਼ਮ ਕਰਨਬੀਰ ਸਿੰਘ ਦੀ ਨਿਸ਼ਾਨਦੇਹੀ ’ਤੇ ਪਿੰਡ ’ਚ ਟਾਵਰ ਨੇੜੇ ਲੁਕਾ ਕੇ ਰੱਖੀ 10 ਕਿਲੋ ਹੈਰੋਇਨ ਹੋਰ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ ’ਚ ਕੀਮਤ ਕਰੀਬ 50 ਕਰੋੜ ਰੁਪਏ ਦੱਸੀ ਜਾ ਰਹੀ ਹੈ। ਐੱਨ. ਸੀ. ਬੀ. ਨੇ ਬਰਾਮਦ ਹੈਰੋਇਨ ਕਬਜ਼ੇ ’ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ’ਚ ਹੋਰ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਇਸ ਬਰਾਮਦਗੀ ਸਬੰਧੀ ਕਿਸੇ ਅਧਿਕਾਰੀ ਨੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।

