Kolkata: 7 people, including organizers, arrested in connection with Durga Puja pandal stampede
ਕੋਲਕਾਤਾ: ਦੁਰਗਾ ਪੂਜਾ ਪੰਡਾਲ ਭਗਦੜ ਮਾਮਲੇ ‘ਚ ਪ੍ਰਬੰਧਕਾਂ ਸਣੇ 7 ਲੋਕ ਗ੍ਰਿਫ਼ਤਾਰ
ਕੋਲਕਾਤਾ (ਆਵਾਜ਼ਿ ਕੌਮ ਬਿਊਰੋ)-ਕੋਲਕਾਤਾ ਪੁਲਸ ਨੇ ਚੋਰਬਾਗਨ ਦੁਰਗਾ ਪੂਜਾ ਪੰਡਾਲ ਵਿੱਚ ਭਗਦੜ ਦੇ ਮਾਮਲੇ ਵਿੱਚ ਪ੍ਰਬੰਧਕਾਂ ਸਮੇਤ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸ਼ਨੀਵਾਰ ਨੂੰ ਹੋਏ ਹਾਦਸੇ ਵਿੱਚ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਦਾ ਖੁਦ ਨੋਟਿਸ ਲਿਆ ਤੇ ਗੈਰ-ਇਰਾਦਤਨ ਹੱਤਿਆ ਦਾ ਮਾਮਲਾ ਦਰਜ ਕੀਤਾ ਹੈ। ਉੱਤਰੀ ਕੋਲਕਾਤਾ ਦੇ ਚੋਰਬਾਗਨ ਦੁਰਗਾ ਪੂਜਾ ਪੰਡਾਲ ਵਿੱਚ ਸ਼ਨੀਵਾਰ ਸ਼ਾਮ ਨੂੰ ਮੀਂਹ ਦੌਰਾਨ ਅਚਾਨਕ ਭੀੜ ਵਧਣ ਕਾਰਨ ਭਗਦੜ ਮਚਣ ਨਾਲ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਅਤੇ 25 ਹੋਰ ਜ਼ਖਮੀ ਹੋ ਗਏ। ਪੁਲਸ ਨੇ ਘਟਨਾ ਦੀ ਜਾਂਚ ਦੇ ਸਬੰਧ ਵਿੱਚ ਸ਼ਨੀਵਾਰ ਰਾਤ 14 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਭਾਰਤੀ ਪੁਲਸ ਸੇਵਾ (ਆਈਪੀਐਸ) ਦੇ ਇੱਕ ਅਧਿਕਾਰੀ ਨੇ ਕਿਹਾ, “ਅਸੀਂ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕੱਲ੍ਹ ਰਾਤ ਹਿਰਾਸਤ ਵਿੱਚ ਲਏ ਗਏ 14 ਲੋਕਾਂ ਵਿੱਚੋਂ ਹਨ। ਹੋਰ ਗ੍ਰਿਫ਼ਤਾਰੀਆਂ ਸੰਭਵ ਹਨ।” ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿੱਚ ਪੂਜਾ ਕਮੇਟੀ ਦੇ ਸਕੱਤਰ ਅਤੇ ਉਪ-ਪ੍ਰਧਾਨ ਅਤੇ ਇੱਕ ਨਿੱਜੀ ਸੁਰੱਖਿਆ ਏਜੰਸੀ ਦੇ ਦੋ ਕਰਮਚਾਰੀ ਸ਼ਾਮਲ ਹਨ। ਅਧਿਕਾਰੀ ਨੇ ਕਿਹਾ, “ਰਾਜਕੁਮਾਰ ਸੇਯੋਰਾ ਚੋਰਬਾਗਨ ਪੂਜਾ ਕਮੇਟੀ ਦੇ ਸਕੱਤਰ ਸਨ ਅਤੇ ਸ਼ਾਂਤਨੂ ਦੂਬੇ ਉਪ-ਪ੍ਰਧਾਨ ਸਨ। ਬਿਪਲਬ ਮੁਖੋਪਾਧਿਆਏ ਪੰਡਾਲ ਵਿੱਚ ਬਾਂਸ ਦਾ ਢਾਂਚਾ ਬਣਾਉਣ ਲਈ ਜ਼ਿੰਮੇਵਾਰ ਸਨ ਅਤੇ ਕੌਸ਼ਿਕ ਸਾਹਾ ਅਤੇ ਪਿੰਟੂ ਡੇ ਭੀੜ ਪ੍ਰਬੰਧਨ ਨੂੰ ਸੰਭਾਲ ਰਹੇ ਸਨ।” ਨਿੱਜੀ ਸੁਰੱਖਿਆ ਏਜੰਸੀ ਦੇ ਕਰਮਚਾਰੀ ਸੁਮਨ ਚੱਕਰਵਰਤੀ ਅਤੇ ਰਾਜੇਸ਼ ਪਾਲ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ, “ਲਾਸ਼ਾਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਜਾਰੀ ਹੈ।” ਅਧਿਕਾਰੀ ਨੇ ਕਿਹਾ ਕਿ ਪੋਸਟਮਾਰਟਮ ਐਤਵਾਰ ਨੂੰ ਸ਼ੁਰੂ ਹੋਵੇਗਾ।

