Major accident in Gwalior during Navratri: Out-of-control truck runs over devotees heading to a temple; 12 dead
ਨਰਾਤਿਆਂ ਦੌਰਾਨ ਗਵਾਲੀਅਰ ‘ਚ ਵੱਡਾ ਹਾਦਸਾ: ਮੰਦਰ ਜਾ ਰਹੇ ਸ਼ਰਧਾਲੂਆਂ ‘ਤੇ ਚੜ੍ਹਿਆ ਬੇਕਾਬੂ ਟਰੱਕ, 12 ਦੀ ਮੌਤ
ਗਵਾਲੀਅਰ (ਮੱਧ ਪ੍ਰਦੇਸ਼) (ਆਵਾਜ਼ਿ ਕੌਮ ਬਿਊਰੋ)- ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਨਰਾਤਿਆਂ ਦੌਰਾਨ ਇੱਕ ਦਰਦਨਾਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਇੱਥੇ ਸੀਤਲਾ ਮਾਤਾ ਮੰਦਰ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਨੂੰ ਝੋਨੇ ਨਾਲ ਭਰੇ ਇੱਕ ਬੇਕਾਬੂ ਟਰੱਕ ਨੇ ਕੁਚਲ ਦਿੱਤਾ। ਇਸ ਹਾਦਸੇ ਵਿੱਚ 12 ਸ਼ਰਧਾਲੂਆਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ, ਇਹ ਹਾਦਸਾ ਰਾਤ ਲਗਭਗ 1:30 ਵਜੇ ਵਾਪਰਿਆ। ਛਿਨੋਰ ਵਾਲੇ ਪਾਸੇ ਤੋਂ ਮੰਦਰ ਵੱਲ ਆਉਣ ਵਾਲੀ ਸੜਕ ‘ਤੇ ਕਾਫ਼ੀ ਢਲਾਨ ਹੈ ਅਤੇ ਉੱਥੇ ਭਾਰੇ ਵਾਹਨਾਂ ਦੀ ਆਵਾਜਾਈ ‘ਤੇ ਰੋਕ ਲਗਾਈ ਗਈ ਸੀ। ਝੋਨੇ ਨਾਲ ਭਰੇ ਟਰੱਕ ਨੂੰ ਪੁਲਸ ਨੇ ਚੈੱਕਪੁਆਇੰਟ ‘ਤੇ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਪੁਲਸ ਦੇ ਬੈਰੀਕੇਡ ਤੋੜਦਾ ਹੋਇਆ ਬੇਕਾਬੂ ਹੋ ਕੇ ਢਲਾਨ ਤੋਂ ਹੇਠਾਂ ਆ ਗਿਆ ਅਤੇ ਮੰਦਰ ਦੀ ਬਾਹਰੀ ਕੰਧ ਤੇ ਗੇਟ ਨਾਲ ਜਾ ਟਕਰਾਇਆ। ਇਸ ਦੌਰਾਨ ਸੜਕ ‘ਤੇ ਮੌਜੂਦ ਸ਼ਰਧਾਲੂ ਟਰੱਕ ਹੇਠਾਂ ਦੱਬ ਗਏ। ਗਵਾਲੀਅਰ ਦੇ ਐੱਸ.ਐੱਸ.ਪੀ. ਧਰਮਵੀਰ ਸਿੰਘ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕੁੱਲ 39 ਲੋਕਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ, ਜਿਨ੍ਹਾਂ ਵਿੱਚੋਂ 12 ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਾਦਸੇ ਵਿੱਚ 5 ਤੋਂ 6 ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹਨ ਜਿਨ੍ਹਾਂ ਦੇ ਫ੍ਰੈਕਚਰ ਹੋਏ ਹਨ, ਜਦਕਿ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਇਸ ਹਾਦਸੇ ਵਿੱਚ ਡਿਊਟੀ ‘ਤੇ ਤਾਇਨਾਤ 2 ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਗਵਾਲੀਅਰ ਦੀ ਕਲੈਕਟਰ ਰੁਚਿਕਾ ਚੌਹਾਨ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦੇ ਹੀ ਐਂਬੂਲੈਂਸਾਂ ਅਤੇ ਰਾਹਤ ਟੀਮਾਂ ਨੂੰ ਮੌਕੇ ‘ਤੇ ਰਵਾਨਾ ਕੀਤਾ ਗਿਆ ਸੀ। ਜ਼ਖ਼ਮੀਆਂ ਦਾ ਸਹੀ ਇਲਾਜ ਯਕੀਨੀ ਬਣਾਉਣ ਲਈ ਸੀ.ਟੀ. ਸਕੈਨ ਅਤੇ ਐਕਸ-ਰੇ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਨੇ ਟਰੱਕ ਦੀ ਤਕਨੀਕੀ ਜਾਂਚ ਲਈ ਆਰ.ਟੀ.ਓ. (RTO) ਦੀ ਟੀਮ ਭੇਜੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਵਾਹਨ ਵਿੱਚ ਕੋਈ ਖਰਾਬੀ ਸੀ ਜਾਂ ਹਾਦਸਾ ਕਿਵੇਂ ਵਾਪਰਿਆ।

