For the first time in history, the dependency ratio of elderly people has exceeded that of children in China
ਚੀਨ ‘ਚ ਇਤਿਹਾਸ ‘ਚ ਪਹਿਲੀ ਵਾਰ ; ਬੱਚਿਆਂ ਨਾਲੋਂ ਵੱਧ ਹੋਈ ਬਜ਼ੁਰਗਾਂ ਦੀ ਨਿਰਭਰਤਾ ਦਰ
Beijing, (ਆਵਾਜ਼ਿ ਕੌਮ ਬਿਊਰੋ)-ਚੀਨ ਵਿੱਚ ਤੇਜ਼ੀ ਨਾਲ ਵਧ ਰਹੀ ਬਜ਼ੁਰਗਾਂ ਦੀ ਆਬਾਦੀ ਅਤੇ ਘਟਦੀ ਜਨਮ ਦਰ ਦੇ ਪ੍ਰਭਾਵ ਕਾਰਨ ਇਤਿਹਾਸ ਵਿੱਚ ਪਹਿਲੀ ਵਾਰ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਨਿਰਭਰਤਾ ਦਰ ਬੱਚਿਆਂ ਨਾਲੋਂ ਵੱਧ ਗਈ ਹੈ। ਚੀਨ ਦੇ ‘ਨੈਸ਼ਨਲ ਬਿਊਰੋ ਆਫ਼ ਸਟੈਟਿਸਟਿਕਸ’ ਦੇ ਅੰਕੜਿਆਂ ਅਨੁਸਾਰ ਸਾਲ 2025 ਵਿੱਚ ਕੰਮਕਾਜੀ ਆਬਾਦੀ ਦੇ ਮੁਕਾਬਲੇ ਬਜ਼ੁਰਗਾਂ ਦੀ ਨਿਰਭਰਤਾ ਦਰ 23.1 ਫੀਸਦੀ ਦਰਜ ਕੀਤੀ ਗਈ, ਜਦੋਂ ਕਿ ਬੱਚਿਆਂ ਲਈ ਇਹ ਦਰ 22 ਫੀਸਦੀ ਸੀ। ਚੀਨੀ ਸਰਕਾਰੀ ਮੀਡੀਆ ‘ਯੀਸਾਈ’ ਦੁਆਰਾ ਜਾਰੀ ਅੰਕੜਿਆਂ ਅਨੁਸਾਰ, ਬਜ਼ੁਰਗਾਂ ਦੀ ਨਿਰਭਰਤਾ ਦਰ ਸਾਲ 2016 ਵਿੱਚ 15 ਫੀਸਦੀ ਸੀ, ਜੋ 2021 ਵਿੱਚ ਵਧ ਕੇ 20 ਫੀਸਦੀ ਤੋਂ ਪਾਰ ਹੋ ਗਈ ਅਤੇ ਹੁਣ 23.1 ਫੀਸਦੀ ਤੱਕ ਪਹੁੰਚ ਗਈ ਹੈ। ਅੰਕੜਿਆਂ ਮੁਤਾਬਕ ਚੀਨ ਵਿੱਚ 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਗਿਣਤੀ 22.3 ਕਰੋੜ ਤੋਂ ਵੱਧ ਹੋ ਗਈ ਹੈ, ਜਦੋਂ ਕਿ 14 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੀ ਗਿਣਤੀ ਲਗਭਗ 21.3 ਕਰੋੜ ਰਹਿ ਗਈ ਹੈ। ਜਨਮ ਦਰ ਰਿਕਾਰਡ ਹੇਠਲੇ ਪੱਧਰ ‘ਤੇ ਡਿੱਗਣ ਕਾਰਨ ਸਾਲ 2025 ਵਿੱਚ ਲਗਾਤਾਰ ਚੌਥੇ ਸਾਲ ਚੀਨ ਦੀ ਕੁੱਲ ਆਬਾਦੀ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਦਹਾਕਿਆਂ ਤੋਂ ਡਿੱਗ ਰਹੀ ਜਨਮ ਦਰ ਦਾ ਮੁੱਖ ਕਾਰਨ 1980 ਤੋਂ 2015 ਤੱਕ ਲਾਗੂ ਰਹੀ ‘ਇੱਕ ਬੱਚਾ ਨੀਤੀ’ ਅਤੇ ਤੇਜ਼ੀ ਨਾਲ ਹੋਇਆ ਸ਼ਹਿਰੀਕਰਨ ਹੈ।ਘਟਦੀ ਜਨਮ ਦਰ ਨੂੰ ਰੋਕਣ ਅਤੇ ਵਿਆਹ ਤੇ ਬੱਚੇ ਪੈਦਾ ਕਰਨ ਨੂੰ ਉਤਸ਼ਾਹਿਤ ਕਰਨ ਲਈ ਅਧਿਕਾਰੀਆਂ ਵੱਲੋਂ ਕਈ ਵਿਸ਼ੇਸ਼ ਉਪਾਅ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਪਰਿਵਾਰਕ ਸਬਸਿਡੀਆਂ ਅਤੇ ਬੱਚਿਆਂ ਦੀ ਦੇਖਭਾਲ ਲਈ ਸਹਾਇਤਾ,ਬੱਚੇ ਦੇ ਜਨਮ ਨਾਲ ਜੁੜੇ ਡਾਕਟਰੀ ਖਰਚਿਆਂ ਵਿੱਚ ਕਟੌਤੀ, ਨੌਜਵਾਨਾਂ, ਬੱਚਿਆਂ ਅਤੇ ਪਰਿਵਾਰਾਂ ਲਈ ਸ਼ਹਿਰੀ ਜੀਵਨ ਨੂੰ ਹੋਰ ਸੁਖਾਲਾ ਤੇ ਅਨੁਕੂਲ ਬਣਾਉਣ ਦਾ ਵਾਅਦਾ ਸ਼ਾਮਲ ਹੈ।

