Son’s heart rate soared to 280! Mother left terrified—here’s how the pet dog saved his life
280 ਤੱਕ ਜਾ ਪਹੁੰਚਿਆ ਪੁੱਤ ਦਾ Heart Rate ! ਮਾਂ ਦੇ ਸੁੱਕਣ ਲੱਗੇ ਸਾਹ, ਪਾਲਤੂ ਕੁੱਤੇ ਨੇ ਇੰਝ ਬਚਾਈ ਜਾਨ
London, (ਆਵਾਜ਼ਿ ਕੌਮ ਬਿਊਰੋ)-ਅਕਸਰ ਕੁੱਤੇ ਨੂੰ ਇਨਸਾਨ ਦਾ ਸਭ ਤੋਂ ਵਫ਼ਾਦਾਰ ਦੋਸਤ ਕਿਹਾ ਜਾਂਦਾ ਹੈ। ਇਸ ਦੀ ਤਾਜ਼ਾ ਮਿਸਾਲ ਇੰਗਲੈਂਡ ਤੋਂ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇੱਥੇ ਇਕ 41 ਸਾਲਾ ਔਰਤ ਕਿਮ ਰੇਨੋਲਡਸ ਆਪਣੇ ਪਾਲਤੂ ਡੋਬਰਮੈਨ ‘ਸਰਾਇਆ’ ਦੇ ਅਜੀਬ ਅਤੇ ਬੇਚੈਨੀ ਭਰੇ ਵਿਵਹਾਰ ਤੋਂ ਕਾਫ਼ੀ ਪਰੇਸ਼ਾਨ ਸੀ। ਉਹ ਕਿਮ ਦੇ 6 ਮਹੀਨੇ ਦੇ ਬੱਚੇ ਬੱਚੇ ਅਲੈਗਜ਼ੈਂਡਰ ਨੂੰ ਇਕੱਲਿਆਂ ਨਹੀਂ ਸੀ ਛੱਡ ਰਹੀ। ਬਾਅਦ ‘ਚ ਜਦੋਂ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ, ਤਾਂ ਡਾਕਟਰਾਂ ਨੇ ਦੱਸਿਆ ਕਿ ਉਸ ਦੇ ਦਿਲ ਦੀ ਧੜਕਣ 280 ਬੀਟ ਪ੍ਰਤੀ ਮਿੰਟ ਤੱਕ ਪਹੁੰਚ ਗਈ ਹੈ, ਜੋ ਕਿ ਬੇਹੱਦ ਖ਼ਤਰਨਾਕ ਹੈ। ਸਮਰਸੈੱਟ ਦੀ ਰਹਿਣ ਵਾਲੀ ਕਿਮ ਨੇ ਦੱਸਿਆ ਕਿ ਉਸ ਦੀ ਡੋਬਰਮੈਨ ‘ਸਰਾਇਆ’ ਸਵੇਰ ਤੋਂ ਹੀ 6 ਮਹੀਨੇ ਦੇ ਅਲੈਗਜ਼ੈਂਡਰ ਦੇ ਕੋਲੋਂ ਦੂਰ ਨਹੀਂ ਸੀ ਹੋ ਰਹੀ। ਜਦੋਂ ਵੀ ਬੱਚੇ ਨੂੰ ਉਸ ਤੋਂ ਦੂਰ ਕੀਤਾ ਜਾਂਦਾ, ਤਾਂ ਉਹ ਰੋਣ ਲੱਗ ਜਾਂਦਾ ਸੀ। ਕਿਮ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਸਰਾਇਆ ਆਖ਼ਿਰ ਇੰਨਾ ਬੇਚੈਨ ਕਿਉਂ ਹੋ ਰਿਹਾ ਹੈ। ਇਸ ਮਗਰੋਂ ਬੱਚੇ ਦੀ ਤਬੀਅਤ ਵਿਗੜਦੀ ਦੇਖ ਕੇ ਕਿਮ ਉਸ ਨੂੰ ਤੁਰੰਤ ਰਾਇਲ ਬੋਰਨਮਾਊਥ ਹਸਪਤਾਲ ਦੇ ਐਮਰਜੈਂਸੀ ਡਿਪਾਰਟਮੈਂਟ ਲੈ ਕੇ ਗਈ, ਜਿੱਥੇ ਜਾਂਚ ਮਗਰੋਂ ਡਾਕਟਰ ਵੀ ਹੈਰਾਨ ਰਹਿ ਗਏ ਕਿ ਬੱਚੇ ਦਾ ਦਿਲ ਇੱਕ ਮਿੰਟ ਵਿੱਚ 280 ਵਾਰ ਧੜਕ ਰਿਹਾ ਸੀ। ਦੋ ਦਿਨਾਂ ਬਾਅਦ ਉਸ ਨੂੰ ਵੋਲਫ਼-ਪਾਰਕਿਨਸਨ-ਵਾਈਟ ਸਿੰਡਰੋਮ ਨਾਂ ਦੀ ਗੰਭੀਰ ਬੀਮਾਰੀ ਨਾਲ ਪੀੜਤ ਪਾਇਆ ਗਿਆ। ਬੱਚੇ ਦੇ ਦਿਲ ਦੀ ਧੜਕਣ ਨੂੰ ਆਮ ਲੈਵਲ ‘ਤੇ ਲਿਆਉਣ ਲਈ ਡਾਕਟਰਾਂ ਨੂੰ ਉਸ ਦੇ ਸਿਰ ਨੂੰ ਬਰਫ਼ ਵਾਲੇ ਠੰਢੇ ਪਾਣੀ ਦੀ ਬਾਲਟੀ ਵਿੱਚ ਕੁਝ ਸਕਿੰਟਾਂ ਲਈ ਡੋਬਣਾ ਪਿਆ। ਦੋ ਵਾਰ ਅਜਿਹਾ ਕਰਨ ਤੋਂ ਬਾਅਦ ਐਲੇਕਜ਼ੈਂਡਰ ਦੀ ਕੰਡੀਸ਼ਨ ਨਾਰਮਲ ਹੋਈ ਤਾਂ ਕਿਤੇ ਜਾ ਕੇ ਕਿਮ ਨੂੰ ਸੁੱਖ ਦਾ ਸਾਹ ਆਇਆ। ਪਹਿਲਾਂ ਕੇਨਾਈਨ ਹਾਈਡ੍ਰੋ-ਥੈਰੇਪਿਸਟ ਰਹਿ ਚੁੱਕੀ ਕਿਮ ਨੇ ਕਿਹਾ, “ਸਰਾਇਆ ਨੂੰ ਪਤਾ ਲੱਗ ਗਿਆ ਸੀ ਕਿ ਬੱਚੇ ਦੇ ਦਿਲ ਦੀ ਧੜਕਣ ਆਮ ਨਾਲੋਂ ਬਹੁਤ ਜ਼ਿਆਦਾ ਸੀ। ਜੇ ਮੈਂ ਕੁੱਤੇ ਦੇ ਇਸ਼ਾਰੇ ਨੂੰ ਨਜ਼ਰਅੰਦਾਜ਼ ਕਰ ਕੇ ਬੱਚੇ ਨੂੰ ਸੁਆ ਦਿੰਦੀ, ਤਾਂ ਕੋਈ ਅਣਹੋਣੀ ਵੀ ਵਾਪਰ ਸਕਦੀ ਸੀ। ਜ਼ਿਕਰਯੋਗ ਹੈ ਕਿ 1 ਸਾਲ ਤੱਕ ਦੇ ਬੱਚੇ ਦੀ ਨਾਰਮਲ ਹਾਰਟ ਬੀਟ 100-150 ਤੱਕ ਹੁੰਦੀ ਹੈ, ਪਰ 280 ਤੱਕ ਦੀ ਹਾਰਟਬੀਟ ਬਹੁਤ ਜ਼ਿਆਦਾ ਤੇਜ਼ ਤੇ ਖ਼ਤਰਨਾਕ ਹੁੰਦੀ ਹੈ। ਇਸ ਨਾਲ ਬੱਚੇ ਨੂੰ ਕਾਰਡੀਅਕ ਅਰੈਸਟ ਤੇ ਹਾਈਪੋਕਸੀਆ ਵਰਗੇ ਜਾਨਲੇਵਾ ਖ਼ਤਰੇ ਪੈਦਾ ਹੋ ਸਕਦੇ ਹਨ। ਇਸ ਘਟਨਾ ਮਗਰੋਂ ਕਿਮ ਸਰਾਇਆ ਨੂੰ ਲੈ ਕੇ ਕਾਫ਼ੀ ਇਮੋਸ਼ਨਲ ਹੋ ਗਈ ਹੈ। ਉਹ ਕਹਿ ਰਹੀ ਹੈ ਕਿ ਇਕ ਬੇਜ਼ੁਬਾਨ ਨੇ ਮੇਰੇ ਬੱਚੇ ਦੀ ਜਾਨ ਬਚਾਈ ਹੈ, ਨਹੀਂ ਤਾਂ ਅੱਜ ਉਸ ਨੂੰ ਪਛਤਾਉਣਾ ਪੈ ਸਕਦਾ ਹੈ।

