Hasina government in Bangladesh toppled through a conspiracy; Yunus had met with students before the coup
ਬੰਗਲਾਦੇਸ਼ ’ਚ ਸਾਜ਼ਿਸ਼ ਨਾਲ ਡੇਗੀ ਗਈ ਹਸੀਨਾ ਸਰਕਾਰ, ਤਖ਼ਤਾਪਲਟ ਤੋਂ ਪਹਿਲਾਂ ਵਿਦਿਆਰਥੀਆਂ ਨੂੰ ਮਿਲੇ ਸਨ ਯੂਨਸ
ਢਾਕਾ (ਆਵਾਜ਼ਿ ਕੌਮ ਬਿਊਰੋ)-ਬੰਗਲਾਦੇਸ਼ ਵਿਚ ਸਾਜ਼ਿਸ਼ ਤਹਿਤ ਸ਼ੇਖ ਹਸੀਨਾ ਦੀ ਸਰਕਾਰ ਡੇਗੀ ਗਈ ਸੀ। ਵਿਦਿਆਰਥੀ ਸੰਗਠਨ ਚਾਹੁੰਦੇ ਸਨ ਕਿ ਬੰਗਲਾਦੇਸ਼ ਦੀ ਸਰਕਾਰ ਮੁਹੰਮਦ ਯੂਨਸ ਚਲਾਉਣ। ਇਹ ਦਾਅਵਾ ਅੰਤ੍ਰਿਮ ਸਰਕਾਰ ਦੇ ਸਲਾਹਕਾਰ ਰਹੇ ਮੁਹੰਮਦ ਯੂਨਸ ਦੇ ਸਾਬਕਾ ਪ੍ਰੈੱਸ ਸਕੱਤਰ ਸ਼ਫੀਕੁਲ ਆਲਮ ਨੇ ਕੀਤਾ ਹੈ। ਸ਼ੇਖ ਹਸੀਨਾ ਨੇ 5 ਅਗਸਤ, 2024 ਨੂੰ ਬੰਗਲਾਦੇਸ਼ ਛੱਡਿਆ ਸੀ। ਇਸ ਤੋਂ ਦੋ ਦਿਨ ਪਹਿਲਾਂ ਹੀ ਯੂਨਸ ਅਤੇ ਵਿਦਿਆਰਥੀਆਂ ਵਿਚਕਾਰ ਗੱਲਬਾਤ ਹੋਈ ਸੀ। ਇਸੇ ਗੱਲਬਾਤ ਵਿਚ ਤਖ਼ਤਾਪਲਟ ਦੀ ਯੋਜਨਾ ਬਣੀ। ਸ਼ਫੀਕੁਲ ਆਲਮ ਮੁਤਾਬਕ, ਵਿਦਿਆਰਥੀ ਆਗੂਆਂ ਨੂੰ ਯੂਨਸ ਤੱਕ ਆਪਣੀ ਗੱਲ ਪਹੁੰਚਾਉਣ ਲਈ ਇਕ ਭਰੋਸੇਮੰਦ ਵਿਅਕਤੀ ਦੀ ਲੋੜ ਸੀ। ਅਜਿਹੇ ਵਿਚ ਵਿਦੇਸ਼ੀ ਪੱਤਰਕਾਰ ਕਾਦਰੁੱਦੀਨ ਸ਼ਿਸ਼ਿਰ ਨੇ ਦੋਵਾਂ ਧਿਰਾਂ ਵਿਚਕਾਰ ਸੰਪਰਕ ਕਰਵਾਉਣ ਵਿਚ ਮਦਦ ਕੀਤੀ। ਆਲਮ ਨੇ ਦਾਅਵਾ ਕੀਤਾ ਕਿ ਸੁਰੱਖਿਆ ਏਜੰਸੀਆਂ ਨੂੰ ਇਸ ਗੱਲਬਾਤ ਦੀ ਜਾਣਕਾਰੀ ਨਹੀਂ ਸੀ। ਜੇ ਅਧਿਕਾਰੀਆਂ ਨੂੰ ਇਸ ਦਾ ਪਤਾ ਚੱਲ ਜਾਂਦਾ ਤਾਂ ਸ਼ਿਸ਼ਿਰ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਖ਼ਤਰਾ ਹੋ ਸਕਦਾ ਸੀ। ਆਲਮ ਨੇ ਗੱਲਬਾਤ ਦਾ ਪੂਰਾ ਵੇਰਵਾ ਨਹੀਂ ਦਿੱਤਾ। ਇਹ ਵੀ ਪਤਾ ਨਹੀਂ ਹੈ ਕਿ ਸ਼ਿਸ਼ਿਰ ਦੀ ਭੂਮਿਕਾ ਸਿਰਫ਼ ਸ਼ੁਰੂਆਤੀ ਗੱਲਬਾਤ ਕਰਵਾਉਣ ਤੱਕ ਸੀਮਤ ਸੀ ਜਾਂ ਉਨ੍ਹਾਂ ਨੇ ਅੱਗੇ ਦੀ ਗੱਲਬਾਤ ਵਿਚ ਵੀ ਹਿੱਸਾ ਲਿਆ ਸੀ। ਵਿਦਿਆਰਥੀ ਅੰਦੋਲਨ ਦੇ ਮੁੱਖ ਆਗੂਆਂ ਵਿਚ ਸ਼ਾਮਲ ਨਾਹਿਦ ਇਸਲਾਮ ਨੇ ਉਨ੍ਹਾਂ ਨੂੰ ਅੰਤ੍ਰਿਮ ਸਰਕਾਰ ਦਾ ਮੁੱਖ ਸਲਾਹਕਾਰ ਬਣਾਉਣ ਦਾ ਪ੍ਰਸਤਾਵ ਦਿੱਤਾ ਸੀ। ਬਾਅਦ ਵਿਚ ਯੂਨਸ ਦੀ ਅਗਵਾਈ ਵਿਚ ਅੰਤ੍ਰਿਮ ਸਰਕਾਰ ਬਣੀ। ਬੰਗਲਾਦੇਸ਼ ਵਿਚ 2024 ’ਚ ਸਰਕਾਰੀ ਨੌਕਰੀਆਂ ਵਿਚ ਰਿਜ਼ਰਵੇਸ਼ਨ ਖ਼ਿਲਾਫ਼ ਵਿਦਿਆਰਥੀ ਅੰਦੋਲਨ ਸ਼ੁਰੂ ਹੋਇਆ ਸੀ। ਉੱਥੇ ਸਰਕਾਰੀ ਨੌਕਰੀਆਂ ਵਿਚ 1971 ਦੇ ਮੁਕਤੀ ਸੰਗਰਾਮ ਵਿਚ ਲੜਨ ਵਾਲਿਆਂ ਦੇ ਪਰਿਵਾਰਾਂ ਲਈ 30 ਫੀਸਦੀ ਤੱਕ ਸੀਟਾਂ ਰਾਖਵੀਆਂ ਸਨ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਇਸ ਨਾਲ ਆਮ ਨੌਜਵਾਨਾਂ ਲਈ ਸਰਕਾਰੀ ਨੌਕਰੀ ਪਾਉਣ ਦੇ ਮੌਕੇ ਘੱਟ ਰਹੇ ਹਨ। ਉਹ ਚਾਹੁੰਦੇ ਸਨ ਕਿ ਭਰਤੀ ਵਿਚ ਪ੍ਰੀਖਿਆ ਅਤੇ ਯੋਗਤਾ ਦੇ ਆਧਾਰ ’ਤੇ ਜ਼ਿਆਦਾ ਨੌਕਰੀਆਂ ਮਿਲਣ। ਇਸੇ ਮੰਗ ਨੂੰ ਲੈ ਕੇ ਸ਼ੁਰੂ ਹੋਇਆ ਅੰਦੋਲਨ ਹੌਲੀ-ਹੌਲੀ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਵਿਚ ਬਦਲ ਗਿਆ। ਸਰਕਾਰ ਦੀ ਕਾਰਵਾਈ ਵਿਚ ਵੱਡੀ ਗਿਣਤੀ ਵਿਚ ਲੋਕ ਮਾਰੇ ਗਏ। ਸੰਯੁਕਤ ਰਾਸ਼ਟਰ ਦੇ ਅਨੁਮਾਨ ਮੁਤਾਬਕ, ਜੁਲਾਈ ਅਤੇ ਅਗਸਤ 2024 ਦੌਰਾਨ ਕਰੀਬ 1,400 ਲੋਕਾਂ ਦੀ ਮੌਤ ਹੋਈ।

