Air travel becomes expensive during the festive season; fares on some routes have increased up to sevenfold
ਤਿਉਹਾਰੀ ਸੀਜ਼ਨ ‘ਚ ਹਵਾਈ ਸਫ਼ਰ ਮਹਿੰਗਾ, ਕੁੱਝ ਮਾਰਗਾਂ ‘ਤੇ ਕਿਰਾਇਆ ਸੱਤ ਗੁਣਾ ਤੱਕ ਵਧਿਆ
Mumbai, (ਆਵਾਜ਼ਿ ਕੌਮ ਬਿਊਰੋ)-ਦਿਵਾਲੀ ਤੋਂ ਪਹਿਲਾਂ ਘਰ ਪਹੁੰਚਣ ਦੀ ਤਿਆਰੀ ਕਰ ਰਹੇ ਯਾਤਰੀਆਂ ਨੂੰ ਇਸ ਵਾਰ ਹਵਾਈ ਸਫ਼ਰ ਲਈ ਆਪਣੀ ਜੇਬ ਜ਼ਿਆਦਾ ਢਿੱਲੀ ਕਰਨੀ ਪੈ ਰਹੀ ਹੈ। ਤਿਉਹਾਰੀ ਸੀਜ਼ਨ ‘ਚ ਹਵਾਈ ਮਾਰਗਾਂ ‘ਤੇ ਯਾਤਰੀਆਂ ਦੀ ਵਧਦੀ ਮੰਗ ਦੇ ਵਿਚਕਾਰ ਜਹਾਜ਼ ਕਿਰਾਇਆਂ ‘ਚ ਭਾਰੀ ਉਛਾਲ ਆਇਆ ਹੈ। ਦੇਸ਼ ਦੇ ਕਈ ਪ੍ਰਮੁੱਖ ਮਾਰਗਾਂ ‘ਤੇ ਆਮ ਦਿਨਾਂ ਦੇ ਮੁਕਾਬਲੇ ਟਿਕਟਾਂ ਦੀਆਂ ਕੀਮਤਾਂ ਦੋ ਤੋਂ ਸੱਤ ਗੁਣਾ ਤੱਕ ਪਹੁੰਚ ਗਈਆਂ ਹਨ। ਖ਼ਾਸ ਤੌਰ ‘ਤੇ ਵਿਅਸਤ ਸਮੇਂ ਦੀਆਂ ਉਡਾਣਾਂ ‘ਚ ਸਫ਼ਰ ਕਰਨਾ ਯਾਤਰੀਆਂ ਲਈ ਮਹਿੰਗਾ ਸੌਦਾ ਸਾਬਤ ਹੋ ਰਿਹਾ ਹੈ।
ਸਵੇਰੇ ਦੀ ਉਡਾਣ ਦੇ ਮੁਕਾਬਲੇ ਸ਼ਾਮ ਨੂੰ ਸਫ਼ਰ ਮਹਿੰਗਾ
ਉਡਾਣਾਂ ਦੇ ਸਮੇਂ ਦਾ ਅਸਰ ਵੀ ਟਿਕਟਾਂ ਦੀ ਕੀਮਤ ‘ਤੇ ਸਾਫ਼ ਵਿਖਾਈ ਦੇ ਰਿਹਾ ਹੈ। ਇਕ ਰਿਪੋਰਟ ਦੇ ਮੁਤਾਬਕ ਬੈਂਗਲੁਰੂ ਤੋਂ ਦਿੱਲੀ ਲਈ 6 ਨਵੰਬਰ ਨੂੰ ਸਵੇਰੇ 5 ਵਜੇ ਦੀ ਉਡਾਣ ਦਾ ਟਿਕਟ ਲੱਗਭਗ 15,901 ਰੁਪਏ ‘ਚ ਮਿਲ ਰਿਹਾ ਸੀ, ਜਦੋਂ ਕਿ ਉਸੇ ਦਿਨ ਦੁਪਹਿਰ 3 ਵੱਜ ਕੇ 45 ਮਿੰਟ ਦੀ ਉਡਾਣ ਦਾ ਕਿਰਾਇਆ 40,506 ਰੁਪਏ ਤੱਕ ਪਹੁੰਚ ਗਿਆ। ਇਸ ਤੋਂ ਸਪੱਸ਼ਟ ਹੈ ਕਿ ਕੇਵਲ ਯਾਤਰਾ ਦੀ ਤਰੀਕ ਹੀ ਨਹੀਂ, ਸਗੋਂ ਉਡਾਣ ਦਾ ਸਮਾਂ ਵੀ ਯਾਤਰੀਆਂ ਦੇ ਖ਼ਰਚ ਨੂੰ ਕਾਫ਼ੀ ਪ੍ਰਭਾਵਿਤ ਕਰ ਰਿਹਾ ਹੈ।
ਮੰਗ ਵਧਣ ਅਤੇ ਸੀਟਾਂ ਸੀਮਤ ਹੋਣ ਨਾਲ ਉਛਾਲ
ਤਿਉਹਾਰੀ ਸੀਜ਼ਨ ‘ਚ ਨੌਕਰੀ ਅਤੇ ਕਾਰੋਬਾਰ ਦੇ ਸਿਲਸਿਲੇ ‘ਚ ਦੂਜੇ ਸ਼ਹਿਰਾਂ ‘ਚ ਰਹਿਣ ਵਾਲੇ ਲੋਕ ਘਰ ਲੌਟਦੇ ਹਨ। ਅਜਿਹੇ ‘ਚ ਖ਼ਾਸ ਤਰੀਕਾਂ ‘ਤੇ ਹਵਾਈ ਯਾਤਰਾ ਦੀ ਮੰਗ ਤੇਜ਼ੀ ਨਾਲ ਵਧ ਜਾਂਦੀ ਹੈ। ਆਨਲਾਈਨ ਬੁਕਿੰਗ ਦੌਰਾਨ ਉਪਲਬਧ ਸੀਟਾਂ ਅਤੇ ਮੰਗ ਦੇ ਆਧਾਰ ‘ਤੇ ਕਿਰਾਇਆ ਤੈਅ ਹੋਣ ਨਾਲ ਲੋਕਪ੍ਰਿਯ ਉਡਾਣਾਂ ਦੇ ਟਿਕਟ ਜਲਦ ਮਹਿੰਗੇ ਹੋ ਜਾਂਦੇ ਹਨ। ਕੁੱਝ ਮਾਰਗਾਂ ‘ਤੇ ਉਡਾਣਾਂ ਦੀ ਸੀਮਤ ਸੰਖਿਆ ਵੀ ਕੀਮਤਾਂ ‘ਚ ਵਾਧੇ ਦੀ ਵਜ੍ਹਾ ਬਣਦੀ ਹੈ। ਇਸ ਤੋਂ ਇਲਾਵਾ ਘਰੇਲੂ ਉਡਾਣਾਂ ਦੀ ਸਮਰੱਥਾ ਅਤੇ ਬਾਲਣ ਦੀ ਵਧਦੀ ਲਾਗਤ ਵੀ ਕਿਰਾਇਆਂ ‘ਤੇ ਅਸਰ ਪਾ ਸਕਦੀ ਹੈ। ਅਜਿਹੇ ‘ਚ ਦਿਵਾਲੀ ਦੇ ਆਸ-ਪਾਸ ਯਾਤਰਾ ਕਰਨ ਵਾਲੇ ਯਾਤਰੀਆਂ ਲਈ ਟਿਕਟ ਦੀਆਂ ਕੀਮਤਾਂ ‘ਚ ਅੰਤਰ ਸਮਝਣਾ ਅਤੇ ਉਡਾਣ ਦੇ ਸਮੇਂ ਦੇ ਬਦਲਾਂ ਦੀ ਤੁਲਨਾ ਕਰਨਾ ਜ਼ਰੂਰੀ ਹੋ ਗਿਆ ਹੈ।
ਦਿੱਲੀ-ਕੋਲਕਾਤਾ ਦਾ ਕਿਰਾਇਆ 78 ਹਜ਼ਾਰ ਰੁਪਏ ਦੇ ਪਾਰ
ਹਵਾਈ ਕਿਰਾਇਆਂ ‘ਚ ਉਛਾਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਦਿੱਲੀ ਤੋਂ ਕੋਲਕਾਤਾ ਦਾ ਟਿਕਟ ਆਮ ਦਿਨਾਂ ‘ਚ ਜਿੱਥੇ ਲੱਗਭਗ 11,669 ਰੁਪਏ ‘ਚ ਮਿਲ ਰਿਹਾ ਸੀ, ਉੱਥੇ ਹੀ 6 ਨਵੰਬਰ ਲਈ ਇਸਦੀ ਕੀਮਤ ਵਧ ਕੇ 78,694 ਰੁਪਏ ਤੱਕ ਪਹੁੰਚ ਗਈ ਹੈ। ਇਸੇ ਤਰ੍ਹਾਂ ਬੈਂਗਲੁਰੂ ਤੋਂ ਦਿੱਲੀ ਦਾ ਕਿਰਾਇਆ ਆਮ ਦਿਨਾਂ ਦੇ 15,901 ਰੁਪਏ ਦੇ ਮੁਕਾਬਲੇ ਵਿਅਸਤ ਸਮੇਂ ‘ਚ 40,506 ਰੁਪਏ ਤੱਕ ਪਹੁੰਚ ਗਿਆ ਹੈ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਮੁੰਬਈ ਤੋਂ ਦਿੱਲੀ ਦਾ ਕਿਰਾਇਆ ਵੀ 11,531 ਰੁਪਏ ਤੋਂ ਵਧ ਕੇ 60,577 ਰੁਪਏ ਤੱਕ ਪਹੁੰਚ ਗਿਆ ਹੈ। ਦਿੱਲੀ ਤੋਂ ਹੈਦਰਾਬਾਦ ਲਈ ਆਮ ਦਿਨਾਂ ‘ਚ 8,935 ਰੁਪਏ ਦਾ ਟਿਕਟ ਵਿਅਸਤ ਸਮੇਂ ‘ਚ 27,895 ਰੁਪਏ ਤੱਕ ਪਹੁੰਚ ਗਿਆ ਹੈ। ਦਿੱਲੀ-ਅਹਿਮਦਾਬਾਦ ਮਾਰਗ ‘ਤੇ ਕਿਰਾਇਆ 6,121 ਰੁਪਏ ਤੋਂ ਵਧ ਕੇ 23,413 ਰੁਪਏ, ਜਦੋਂ ਕਿ ਦਿੱਲੀ-ਬੈਂਗਲੁਰੂ ਮਾਰਗ ‘ਤੇ 8,978 ਰੁਪਏ ਤੋਂ ਵਧ ਕੇ 26,838 ਰੁਪਏ ਤੱਕ ਪਹੁੰਚ ਗਿਆ ਹੈ। ਦਿੱਲੀ ਤੋਂ ਮੁੰਬਈ ਲਈ ਵੀ ਆਮ ਕਿਰਾਇਆ 5,223 ਰੁਪਏ ਦੇ ਮੁਕਾਬਲੇ 26,793 ਰੁਪਏ ਤੱਕ ਦਰਜ ਕੀਤਾ ਗਿਆ ਹੈ।
ਹਵਾਈ ਮਾਰਗ ਆਮ ਕਿਰਾਇਆ (ਰੁਪਏ ’ਚ) ਵਿਅਸਤ ਸਮੇਂ ਦਾ ਕਿਰਾਇਆ (ਰੁਪਏ ’ਚ)
ਬੈਂਗਲੁਰੂ–ਦਿੱਲੀ 15,901 40,506
ਮੁੰਬਈ–ਦਿੱਲੀ 11,531 60,577
ਦਿੱਲੀ–ਹੈਦਰਾਬਾਦ 8,935 27,895
ਦਿੱਲੀ–ਕੋਲਕਾਤਾ 11,669 78,694
ਦਿੱਲੀ–ਅਹਿਮਦਾਬਾਦ 6,121 23,413
ਦਿੱਲੀ–ਬੈਂਗਲੁਰੂ 8,978 26,838
ਦਿੱਲੀ–ਮੁੰਬਈ 5,223 26,793
ਨੋਟ: ਕਿਰਾਏ ਦੀ ਵਾਸਤਵਿਕ ਕੀਮਤ ਯਾਤਰਾ ਦੀ ਤਰੀਕ, ਉਡਾਣ ਦੇ ਸਮੇਂ ਅਤੇ ਸੀਟਾਂ ਦੀ ਉਪਲਬਧਤਾ ਦੇ ਅਨੁਸਾਰ ਬਦਲ ਸਕਦੀ ਹੈ।

