Major incident in Mumbai: Massive fire breaks out at a mall in Bandra, causing panic
ਮੁੰਬਈ ‘ਚ ਵੱਡਾ ਹਾਦਸਾ:ਬਾਂਦਰਾ ਦੇ ਮਾਲ ‘ਚ ਲੱਗੀ ਭਿਆਨਕ ਅੱਗ, ਮਚੀ ਅਫੜਾ-ਦਫੜੀ
ਮੁੰਬਈ (ਆਵਾਜ਼ਿ ਕੌਮ ਬਿਊਰੋ)- ਮੁੰਬਈ ਦੇ ਬਾਂਦਰਾ (ਪੱਛਮੀ) ਖੇਤਰ ‘ਚ ਸ਼ੁੱਕਰਵਾਰ ਸਵੇਰੇ ਇਕ ਪੰਜ ਮੰਜ਼ਿਲਾ ਮਾਲ ‘ਚ ਅੱਗ ਲੱਗ ਗਈ, ਜਿਸ ਦੀ ਜਾਣਕਾਰੀ ਇਕ ਨਗਰ ਨਿਗਮ ਅਧਿਕਾਰੀ ਦਿੱਤੀ। ਮੁੰਬਈ ਫਾਇਰ ਬ੍ਰਿਗੇਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਅਤੇ ਲਗਭਗ ਤਿੰਨ ਘੰਟਿਆਂ ਬਾਅਦ ਇਸ ‘ਤੇ ਕਾਬੂ ਪਾ ਲਿਆ ਗਿਆ। ਇਕ ਨਗਰ ਨਿਗਮ ਅਧਿਕਾਰੀ ਨੇ ਦੱਸਿਆ ਕਿ ਅੱਗ ਪੌਸ਼ ਖੇਤਰ ‘ਚ ਲਿੰਕਿੰਗ ਰੋਡ ‘ਤੇ ਧਨਰਾਜ ਰੈਸਟੋਰੈਂਟ ਦੇ ਨੇੜੇ ਸਥਿਤ ਵੀਐਨ ਸਫੀਅਰ ਮਾਲ ਦੀ ਤੀਜੀ ਮੰਜ਼ਿਲ ‘ਤੇ ਲੱਗੀ। ਮਿਲੀ ਜਾਣਕਾਰੀ ਅਨੁਸਾਰ, ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀ ਸੂਚਨਾ ਸਵੇਰੇ 6.02 ਵਜੇ ਮਿਲੀ, ਜਿਸ ਤੋਂ ਬਾਅਦ ਫਾਇਰ ਵਿਭਾਗ ਨੇ ਘੱਟੋ-ਘੱਟ ਅੱਠ ਫਾਇਰ ਇੰਜਣਾਂ ਅਤੇ ਹੋਰ ਅੱਗ ਬੁਝਾਊ ਗੱਡੀਆਂ ਨੂੰ ਮੌਕੇ ‘ਤੇ ਪਹੁੰਚਾਇਆ। ਉਨ੍ਹਾਂ ਕਿਹਾ ਕਿ ਅੱਗ ‘ਤੇ ਸਵੇਰੇ 8:55 ਵਜੇ ਤੱਕ ਕਾਬੂ ਪਾ ਲਿਆ ਗਿਆ ਸੀ। ਇਸ ਦੌਰਾਨ ਅਧਿਕਾਰੀ ਨੇ ਕਿਹਾ ਕਿ ਅੱਗ ਬੁਝਾਉਣ ਵਾਲੇ ਕਰਮਚਾਰੀਆਂ ਤੋਂ ਇਲਾਵਾ, ਪੁਲਸ, ਬਿਜਲੀ ਵੰਡ ਕੰਪਨੀ ਦੇ ਕਰਮਚਾਰੀ, 108 ਐਂਬੂਲੈਂਸ ਸੇਵਾ ਦੀ ਇਕ ਟੀਮ ਅਤੇ ਬ੍ਰਿਹਨਮੁੰਬਈ ਨਗਰ ਨਿਗਮ ਦੇ ਵਾਰਡ ਸਟਾਫ ਨੂੰ ਵੀ ਮੌਕੇ ‘ਤੇ ਤਾਇਨਾਤ ਕੀਤਾ ਗਿਆ ਸੀ। ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਅਤੇ ਇਸ ਨਾਲ ਹੋਏ ਨੁਕਸਾਨ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

