Only 1.7 percent of Hindus remain in Pakistan; violence and religious conversion have become major factors
ਪਾਕਿਸਤਾਨ ’ਚ ਸਿਰਫ਼ ਬਚੇ 1.7 ਫੀਸਦੀ ਹਿੰਦੂ, ਹਿੰਸਾ-ਧਰਮ ਪਰਿਵਰਤਨ ਬਣਿਆ ਵੱਡਾ ਕਾਰਨ
ਇਸਲਾਮਾਬਾਦ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ’ਚ ਹਿੰਦੂਆਂ ਦੀ ਆਬਾਦੀ ਹੁਣ ਸਿਰਫ਼ 1.7 ਫੀਸਦੀ ਰਹਿ ਗਈ ਹੈ। ਬ੍ਰਿਟਿਸ਼ ਹਿੰਦੂ ਸੰਗਠਨ ਇਨਸਾਈਟ ਯੂ. ਕੇ. ਦੀ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। 1941 ਵਿਚ ਅੱਜ ਦੇ ਪਾਕਿਸਤਾਨ ’ਚ ਹਿੰਦੂਆਂ ਦੀ ਆਬਾਦੀ 14.6 ਫੀਸਦੀ ਸੀ। ਰਿਪੋਰਟ ਵਿਚ ਹਿੰਦੂਆਂ ਦੀ ਆਬਾਦੀ ਘਟਣ ਦੀ ਵਜ੍ਹਾ ਹਿੰਸਾ ਅਤੇ ਧਰਮ ਪਰਿਵਰਤਨ ਦੱਸਿਆ ਗਿਆ। ਰਿਪੋਰਟ ਵਿਚ ਕਿਹਾ ਗਿਆ ਕਿ ਵੰਡ ਦੇ ਸਮੇਂ ਅਤੇ ਉਸ ਤੋਂ ਬਾਅਦ ਹਜ਼ਾਰਾਂ ਹਿੰਦੂ ਪਰਿਵਾਰਾਂ ਨੂੰ ਆਪਣਾ ਘਰ ਛੱਡਣਾ ਪਿਆ। ਕਈ ਪਰਿਵਾਰਾਂ ਦੀਆਂ ਜੱਦੀ ਜ਼ਮੀਨਾਂ ਅਤੇ ਖੇਤ ਵੀ ਖੋਹ ਲਏ ਗਏ। ਰਿਪੋਰਟ ਵਿਚ ਧਾਰਮਿਕ ਆਜ਼ਾਦੀ ’ਤੇ ਰੋਕ ਅਤੇ ਜ਼ਬਰਦਸਤੀ ਧਰਮ ਪਰਿਵਰਤਨ ਦੇ ਮਾਮਲੇ ਵੀ ਉਠਾਏ ਗਏ ਹਨ। ਸੰਗਠਨ ਨੇ ਬ੍ਰਿਟਿਸ਼ ਸਰਕਾਰ ਤੋਂ ਪਾਕਿਸਤਾਨ ਵਿਚ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਕਦਮ ਉਠਾਉਣ ਦੀ ਮੰਗ ਕੀਤੀ ਹੈ। ਰਿਪੋਰਟ ਮੁਤਾਬਕ, 1947 ਦੀ ਵੰਡ ਦੌਰਾਨ ਅਤੇ ਉਸ ਤੋਂ ਬਾਅਦ ਹੋਈ ਹਿੰਸਾ ਕਾਰਨ ਹਜ਼ਾਰਾਂ ਹਿੰਦੂ ਪਰਿਵਾਰ ਉੱਜੜ ਗਏ। ਕਈ ਪਰਿਵਾਰਾਂ ਨੇ ਆਪਣੀਆਂ ਜੱਦੀ ਜ਼ਮੀਨਾਂ ਅਤੇ ਖੇਤ ਗੁਆ ਦਿੱਤੇ। ਪਾਕਿਸਤਾਨ ਦੇ ਐਨੀਮੀ ਪ੍ਰਾਪਰਟੀ ਕਾਨੂੰਨਾਂ ਤਹਿਤ ਇਨ੍ਹਾਂ ਜਾਇਦਾਦਾਂ ’ਤੇ ਕਬਜ਼ੇ ਨਾਲ ਹਿੰਦੂ ਭਾਈਚਾਰੇ ਦੀ ਆਰਥਿਕ ਸਥਿਤੀ ਕਮਜ਼ੋਰ ਹੋਈ। ਪਾਕਿਸਤਾਨ ਵਿਚ ਐਨੀਮੀ ਪ੍ਰਾਪਰਟੀ ਭਾਵ ਦੁਸ਼ਮਣ ਦੀ ਜਾਇਦਾਦ ਉਨ੍ਹਾਂ ਮਕਾਨਾਂ, ਜ਼ਮੀਨਾਂ ਜਾਂ ਦੂਜੀਆਂ ਜਾਇਦਾਦਾਂ ਨੂੰ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਸਰਕਾਰ ਨੇ ਭਾਰਤ ਚਲੇ ਗਏ ਲੋਕਾਂ ਜਾਂ ਦੁਸ਼ਮਣ ਦੇਸ਼ ਦੇ ਨਾਗਰਿਕਾਂ ਦੀ ਜਾਇਦਾਦ ਮੰਨ ਕੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ।

