2 heritage chairs from Kisan Bhawan to be auctioned in Luxembourg
ਕਿਸਾਨ ਭਵਨ ਦੀਆਂ 2 ਹੈਰੀਟੇਜ ਕੁਰਸੀਆਂ ਲਗਜ਼ਮਬਰਗ ’ਚ ਹੋਣਗੀਆਂ ਨਿਲਾਮ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਪੰਜਾਬ ਦੇ ਕਿਸਾਨ ਭਵਨ ਨਾਲ ਸਬੰਧਤ ਦੋ ਵਿਰਾਸਤੀ ਕੁਰਸੀਆਂ ਲਗਜ਼ਮਬਰਗ ਦੇ ਨਿਲਾਮੀ ਘਰ ‘ਲਕਸ-ਆਕਸ਼ਨ’ ’ਚ ਵਿਕਰੀ ਲਈ ਰੱਖੀਆਂ ਗਈਆਂ ਹਨ। ਯੂ. ਟੀ. ਪ੍ਰਸ਼ਾਸਕ ਦੀ ਸਲਾਹਕਾਰ ਕੌਂਸਲ ਦੇ ਮੈਂਬਰ ਵਕੀਲ ਅਜੇ ਪਾਲ ਜੱਗਾ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਨਿਲਾਮੀ ਰੁਕਵਾਉਣ ਤੇ ਕੁਰਸੀਆਂ ਵਾਪਸ ਲਿਆਉਣ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਨਿਲਾਮੀ ਕੈਟਾਲਾਗ ਅਨੁਸਾਰ ਪੀਅਰੇ ਜੇਨਰੇ ਵੱਲੋਂ ਡਿਜ਼ਾਈਨ ਕੀਤੀਆਂ ਇਹ ਦੋਵੇਂ ਸਾਗਵਾਨ ਦੀ ਲੱਕੜ ਦੀਆਂ ਕੁਰਸੀਆਂ ਲਗਭਗ 1955 ਦੀਆਂ ਹਨ। ਇਨ੍ਹਾਂ ਦੀ ਕੀਮਤ 8,000 ਯੂਰੋ ਰੱਖੀ ਗਈ ਹੈ ਅਤੇ ਅੰਦਾਜ਼ਨ ਮੁੱਲ 8,000 ਤੋਂ 10,000 ਯੂਰੋ ਹੈ। ਜੱਗਾ ਨੇ ਮੰਗ ਕੀਤੀ ਕਿ ਸਰਕਾਰੀ ਰਿਕਾਰਡ ਤੇ ਇਨਵੈਂਟਰੀ ਨਾਲ ਨੰਬਰ ਦਾ ਮਿਲਾਨ ਕਰ ਕੇ ਕੁਰਸੀਆਂ ਦੀ ਮਾਲਕੀ ਦੀ ਪੁਸ਼ਟੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਇਹ ਪੰਜਾਬ ਸਰਕਾਰ ਦੀ ਸੰਪਤੀ ਸਾਬਿਤ ਹੁੰਦੀਆਂ ਹਨ ਤਾਂ ਨਿਲਾਮੀ ਤੁਰੰਤ ਰੋਕਣ ਲਈ ਨਿਲਾਮੀ ਘਰ ਅਤੇ ਸੰਭਾਵੀ ਖਰੀਦਦਾਰਾਂ ਨੂੰ ਨੋਟਿਸ ਭੇਜੇ ਜਾਣ। ਉਨ੍ਹਾਂ ਵਿਦੇਸ਼ ਮੰਤਰਾਲੇ ਰਾਹੀਂ ਲਗਜ਼ਮਬਰਗ ਦੇ ਅਧਿਕਾਰੀਆਂ ਨਾਲ ਸੰਪਰਕ ਕਰਨ, ਮਾਮਲੇ ਦੀ ਜਾਂਚ ਕਰਵਾਉਣ ਅਤੇ ਮਾਲਕੀ ਸਾਬਿਤ ਹੋਣ ’ਤੇ ਕੁਰਸੀਆਂ ਭਾਰਤ ਵਾਪਸ ਲਿਆਉਣ ਦੀ ਅਪੀਲ ਕੀਤੀ। ਜੱਗਾ ਨੇ ਕਿਹਾ ਕਿ ਪੀਅਰੇ ਜੇਨਰੇ ਦਾ ਫਰਨੀਚਰ ਚੰਡੀਗੜ੍ਹ ਦੀ ਇਤਿਹਾਸਕ ਵਿਰਾਸਤ ਦਾ ਹਿੱਸਾ ਹੈ, ਜਿਸ ਦੀ ਸੁਰੱਖਿਆ ਲਈ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।

