6 Indian tourists visiting Nepal go missing
ਨੇਪਾਲ ਘੁੰਮਣ ਗਏ 6 ਭਾਰਤੀ ਸੈਲਾਨੀ ਲਾਪਤਾ
ਕਾਠਮੰਡੂ [ਨੇਪਾਲ] (ਆਵਾਜ਼ਿ ਕੌਮ ਬਿਊਰੋ)-ਨੇਪਾਲ ਦੀ ਸਭ ਤੋਂ ਡੂੰਘੀ ਝੀਲ ‘ਸ਼ੇ-ਫੋਕਸੁੰਡੋ’ ਵੱਲ ਟਰੈਕਿੰਗ ‘ਤੇ ਗਏ 6 ਭਾਰਤੀ ਸੈਲਾਨੀ ਹਿਮਾਲਈ ਖੇਤਰ ‘ਚ ਹੋਈ ਭਾਰੀ ਬਰਫਬਾਰੀ ਤੋਂ ਬਾਅਦ ਲਾਪਤਾ ਹੋ ਗਏ ਹਨ। ਅਧਿਕਾਰੀਆਂ ਅਨੁਸਾਰ ਲਾਪਤਾ ਭਾਰਤੀ ਸੈਲਾਨੀਆਂ ‘ਚ 2 ਔਰਤਾਂ ਅਤੇ 4 ਪੁਰਸ਼ ਸ਼ਾਮਲ ਹਨ, ਜੋ ਡੋਲਪੋ ਬੁੱਧਾ ਗ੍ਰਾਮੀਣ ਨਗਰਪਾਲਿਕਾ ਦੇ ਵਾਰਡ ਨੰਬਰ 4 ਅਤੇ 8 ਤੋਂ ਸ਼ੇ-ਫੋਕਸੁੰਡੋ ਝੀਲ ਵੱਲ ਜਾ ਰਹੇ ਸਨ। ਇਨ੍ਹਾਂ ਸੈਲਾਨੀਆਂ ਨਾਲ ਨੁਮਲਾ ਪਾਸ ਅਤੇ ਬਾਗਲਾ ਪਾਸ ਦੇ ਪਹਾੜੀ ਇਲਾਕੇ ‘ਚ ਆਖਰੀ ਵਾਰ ਸੰਪਰਕ ਹੋਇਆ ਸੀ। ਸਥਾਨਕ ਗਾਈਡਾਂ ਅਨੁਸਾਰ ਬੰਗਾਲ ਦੀ ਖਾੜੀ ‘ਚ ਉੱਠੇ ਚੱਕਰਵਾਤੀ ਤੂਫਾਨ ‘ਅਰਨਬ’ ਦੇ ਪ੍ਰਭਾਵ ਕਾਰਨ ਹਿਮਾਲਈ ਖੇਤਰ ‘ਚ ਅਚਾਨਕ ਭਾਰੀ ਬਰਫਬਾਰੀ ਸ਼ੁਰੂ ਹੋ ਗਈ, ਜਿਸ ਕਾਰਨ ਇਹ ਸੈਲਾਨੀ ਰਸਤੇ ‘ਚ ਫਸ ਗਏ। ਡੋਲਪਾ ਦੀ ਮੁੱਖ ਜ਼ਿਲ੍ਹਾ ਅਧਿਕਾਰੀ (CDO) ਜੂਨੂ ਹਮਾਲ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਸੈਲਾਨੀ ਢੋ ਤੋਂ ਫੋਕਸੁੰਡੋ ਝੀਲ ਵੱਲ ਵਾਪਸ ਆਉਂਦੇ ਸਮੇਂ ਰਸਤੇ ਵਿੱਚ ਫਸ ਗਏ ਹਨ। ਉਨ੍ਹਾਂ ਦੱਸਿਆ ਕਿ ਖਰਾਬ ਮੌਸਮ ਅਤੇ ਪਹਾੜੀ ਰਾਹਾਂ ਦੀਆਂ ਮੁਸ਼ਕਲਾਂ ਬਾਰੇ ਸਥਾਨਕ ਨਿਵਾਸੀਆਂ ਨੇ ਸੈਲਾਨੀਆਂ ਨੂੰ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ, ਪਰ ਉਹ ਚੇਤਾਵਨੀ ਦੇ ਬਾਵਜੂਦ ਅੱਗੇ ਵਧ ਗਏ। ਸ਼ੇ-ਫੋਕਸੁੰਡੋ ਗ੍ਰਾਮੀਣ ਨਗਰਪਾਲਿਕਾ ਦੇ ਚੇਅਰਮੈਨ ਧਾਵਾ ਸਮਦੁਕ ਗੁਰੁੰਗ ਨੇ ਦੱਸਿਆ ਕਿ ਵਾਰਡ ਨੰਬਰ 4 ਅਤੇ 8 ਵਿਚਕਾਰ ਪਹਾੜੀ ਲੰਘਿਆਂ ‘ਚ ਮੋਬਾਈਲ ਫੋਨ ਨੈੱਟਵਰਕ ਉਪਲਬਧ ਨਹੀਂ ਹੈ। ਨੈੱਟਵਰਕ ਨਾ ਹੋਣ ਅਤੇ ਮੋਟੀ ਬਰਫ਼ ਦੀ ਚਾਦਰ ਵਿਛਣ ਕਾਰਨ ਲਾਪਤਾ ਸੈਲਾਨੀਆਂ ਦੀ ਮੌਜੂਦਾ ਸਥਿਤੀ ਅਤੇ ਲੋਕੇਸ਼ਨ ਬਾਰੇ ਜਾਣਕਾਰੀ ਜੁਟਾਉਣਾ ਬਹੁਤ ਔਖਾ ਹੋ ਰਿਹਾ ਹੈ। ਡੋਲਪਾ ਦੇ ਡਿਪਟੀ ਸੁਪਰਡੈਂਟ ਆਫ਼ ਪੁਲਸ (DSP) ਅਨਿਲ ਰਾਜ ਗਿਰੀ ਨੇ ਦੱਸਿਆ ਕਿ ਤਾਜ਼ਾ ਜਾਣਕਾਰੀ ਅਨੁਸਾਰ 6 ਭਾਰਤੀ ਸੈਲਾਨੀ ਲਗਾਤਾਰ ਸੰਪਰਕ ਤੋਂ ਬਾਹਰ ਹਨ। ਉਨ੍ਹਾਂ ਦੱਸਿਆ ਕਿ ਖੋਜ ਅਤੇ ਬਚਾਅ ਕਾਰਜਾਂ ਲਈ ਸਬੰਧਤ ਏਜੰਸੀ ਤੋਂ ਹੈਲੀਕਾਪਟਰ ਮੰਗਵਾਉਣ ਦੀ ਬੇਨਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਨੇਪਾਲ ਫੌਜ ਦੀ ਟੀਮ ਨੂੰ ਵੀ ਸੈਲਾਨੀਆਂ ਦੀ ਭਾਲ ਕਰਨ ਅਤੇ ਬਚਾਅ ਕਾਰਜਾਂ ‘ਚ ਮਦਦ ਲਈ ਤਾਇਨਾਤ ਕੀਤਾ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਦਫ਼ਤਰ ਅਨੁਸਾਰ ਇਸ ਵੇਲੇ ਉੱਪਰੀ ਡੋਲਪਾ ਇਲਾਕੇ ਵਿੱਚ ਕੁੱਲ 244 ਸੈਲਾਨੀ ਪਹੁੰਚੇ ਹੋਏ ਹਨ, ਜਿਨ੍ਹਾਂ ਵਿੱਚ 149 ਨੇਪਾਲੀ ਨਾਗਰਿਕ, 44 ਸਾਰਕ (SAARC) ਦੇਸ਼ਾਂ ਦੇ ਅਤੇ 51 ਹੋਰ ਵਿਦੇਸ਼ੀ ਨਾਗਰਿਕ ਸ਼ਾਮਲ ਹਨ। ਮੌਸਮ ਦੇ ਖਰਾਬ ਰੁੱਖ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਸਾਰੇ ਸੈਲਾਨੀਆਂ ਨੂੰ ਖਤਰਨਾਕ ਇਲਾਕਿਆਂ ‘ਚ ਜਾਣ ਤੋਂ ਬਚਣ ਅਤੇ ਸੁਰੱਖਿਅਤ ਥਾਵਾਂ ‘ਤੇ ਰਹਿਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ ਚਾਲੂ ਵਿੱਤੀ ਸਾਲ 2082/83 ਦੇ ਪਹਿਲੇ 11 ਮਹੀਨਿਆਂ ਦੌਰਾਨ 4,882 ਸੈਲਾਨੀ ਫੋਕਸੁੰਡੋ ਝੀਲ ਦੇ ਦੌਰੇ ‘ਤੇ ਆਏ ਸਨ।

