Pakistan-sponsored narco-terrorism and the increasing use of drone technology pose a major challenge in Punjab: DGP
ਪਾਕਿ ਸਪਾਂਸਰਡ ਨਾਰਕੋ-ਟੈਰਰਿਜ਼ਮ, ਡ੍ਰੋਨ ਤਕਨਾਲੋਜੀ ਦੀ ਵਧਦੀ ਵਰਤੋਂ ਪੰਜਾਬ ‘ਚ ਵੱਡੀ ਚੁਣੌਤੀ: ਡੀ.ਜੀ.ਪੀ.
ਜਲੰਧਰ (ਆਵਾਜ਼ਿ ਕੌਮ ਬਿਊਰੋ)-ਪੰਜਾਬ ’ਚ ਨਸ਼ਾ ਸਮੱਗਲਿੰਗ ਅਤੇ ਗੈਂਗਸਟਰਵਾਦ ਖਿਲਾਫ ਚਲਾਈ ਜਾ ਰਹੀ ਮੁਹਿੰਮ ਨੂੰ ਲੈ ਕੇ ਡੀ. ਜੀ. ਪੀ. ਗੌਰਵ ਯਾਦਵ ਨੇ ਸਪੱਸ਼ਟ ਕੀਤਾ ਹੈ ਕਿ ਸੂਬਾ ਸਰਕਾਰ ਵੱਲੋਂ ਪੁਲਸ ਦੀ ਕਾਰਵਾਈ ’ਚ ਕਿਸੇ ਵੀ ਤਰ੍ਹਾਂ ਦਾ ਸਿਆਸੀ ਦਖ਼ਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਨ੍ਹਾਂ ਨੂੰ ਸਰਹੱਦੀ ਸੂਬਾ ਪੰਜਾਬ ‘ਚ ਕਾਨੂੰਨ-ਵਿਵਸਥਾ ਨਾਲ ਜੁੜੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਪੂਰੀ ਸੁਤੰਤਰਤਾ ਦਿੱਤੀ ਹੈ। ਪੰਜਾਬ ਪੁਲਸ ਬਿਨਾਂ ਕਿਸੇ ਸਿਆਸੀ ਦਬਾਅ ਦੇ ਪੂਰੀ ਪੇਸ਼ੇਵਰ ਵਚਨਬੱਧਤਾ ਦੇ ਨਾਲ ਕੰਮ ਕਰ ਰਹੀ ਹੈ। ਵਿਰੋਧੀ ਧਿਰਾਂ ਵੱਲੋਂ ਕਾਨੂੰਨ-ਵਿਵਸਥਾ ਨੂੰ ਲੈ ਕੇ ਚੁੱਕੇ ਜਾ ਰਹੇ ਸਵਾਲਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਡੀ. ਜੀ. ਪੀ. ਨੇ ਕਿਹਾ ਕਿ ਪੰਜਾਬ ’ਚ ਅਪਰਾਧ ਦੀ ਸਥਿਤੀ ਕਈ ਹੋਰ ਸੂਬਿਆਂ ਦੇ ਮੁਕਾਬਲੇ ਬਿਹਤਰ ਹੈ। ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਪ੍ਰਤੀ ਲੱਖ ਆਬਾਦੀ ’ਤੇ ਅਪਰਾਧ ਦਰ 153.8 ਹੈ, ਜਦਕਿ ਰਾਸ਼ਟਰੀ ਔਸਤ 222.3 ਹੈ। ਪਾਕਿਸਤਾਨ ਸਪਾਂਸਰਡ ਨਾਰਕੋ-ਟੈਰਰਿਜ਼ਮ, ਡ੍ਰੋਨ ਤਕਨਾਲੋਜੀ ਦੇ ਵਧਦੇ ਇਸਤੇਮਾਲ ਅਤੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਯੂਥ ਨੂੰ ਆਪਰਾਧਿਕ ਸਰਗਰਮੀਆਂ ’ਚ ਸ਼ਾਮਲ ਕਰਨ ਦੀਆਂ ਕੋਸ਼ਿਸ਼ਾਂ ਨੂੰ ਵੱਡੀ ਚੁਣੌਤੀ ਦੱਸਦਿਆਂ ਡੀ. ਜੀ. ਪੀ. ਨੇ ਕਿਹਾ ਕਿ ਪੁਲਸ ਇਨ੍ਹਾਂ ਸਾਰੀਆਂ ਸਰਗਰਮੀਆਂ ’ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਸੋਸ਼ਲ ਮੀਡੀਆ ਦੇ ਜ਼ਰੀਏ ਯੂਥ ਨੂੰ ਮਹਿਜ਼ 5 ਹਜ਼ਾਰ ਰੁਪਏ ਤੱਕ ਦਾ ਲਾਲਚ ਦੇ ਕੇ ਆਪਰਾਧਿਕ ਵਾਰਦਾਤਾਂ ਲਈ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਲੇਕਿਨ ਪੁਲਸ ਦੀ ਪ੍ਰਭਾਵੀ ਕਾਰਵਾਈ ਦੇ ਕਾਰਨ ਉਨ੍ਹਾਂ ਦੇ ਮੰਸੂਬਿਆਂ ਨੂੰ ਸਫਲ ਨਹੀਂ ਹੋਣ ਦਿੱਤਾ ਜਾ ਰਿਹਾ।

