Bhawanigarh: Robbers targeted an SBI ATM but failed to loot any cash
ਭਵਾਨੀਗੜ੍ਹ : ਲੁਟੇਰਿਆਂ ਨੇ SBI ਏ.ਟੀ.ਐੱਮ. ਨੂੰ ਬਣਾਇਆ ਨਿਸ਼ਾਨਾ, ਨਕਦੀ ਲੁੱਟਣ ’ਚ ਰਹੇ ਨਾਕਾਮ
ਭਵਾਨੀਗੜ੍ਹ (ਆਵਾਜ਼ਿ ਕੌਮ ਬਿਊਰੋ)-ਸ਼ਹਿਰ ਦੇ ਨਵੇਂ ਬੱਸ ਸਟੈਂਡ ਨੇੜੇ ਸਥਿਤ ਸਟੇਟ ਬੈਂਕ ਆਫ਼ ਇੰਡੀਆ (ਐੱਸ.ਬੀ.ਆਈ.) ਦੀ ਬ੍ਰਾਂਚ ਦੇ ਬਾਹਰ ਲੱਗੇ ਏ.ਟੀ.ਐੱਮ. ਨੂੰ ਬੀਤੀ ਰਾਤ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਤੋੜ ਕੇ ਨਕਦੀ ਲੁੱਟਣ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਮੁਲਜ਼ਮ ਏ.ਟੀ.ਐੱਮ. ਵਿਚੋਂ ਨਕਦੀ ਕੱਢਣ ‘ਚ ਨਾਕਾਮ ਰਹੇ ਅਤੇ ਮਸ਼ੀਨ ਦੀ ਭੰਨ-ਤੋੜ ਕਰਨ ਉਪਰੰਤ ਮੌਕੇ ਤੋਂ ਫਰਾਰ ਹੋ ਗਏ। ਇਸ ਸਬੰਧੀ ਬੈਂਕ ਮੈਨੇਜਰ ਮੋਹਿਤ ਕੁਮਾਰ ਨੇ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਬ੍ਰਾਂਚ ਬੰਦ ਕਰਨ ਸਮੇਂ ਏ.ਟੀ.ਐੱਮ. ਨੂੰ ਬੰਦ ਕਰਕੇ ਉਸ ਦੇ ਸ਼ਟਰ ਨੂੰ ਤਾਲਾ ਲਗਾ ਦਿੱਤਾ ਜਾਂਦਾ ਹੈ। ਬੁੱਧਵਾਰ ਸਵੇਰੇ 6 ਵਜੇ ਜਦੋਂ ਗਾਰਡ ਏ.ਟੀ.ਐੱਮ. ਖੋਲ੍ਹਣ ਲਈ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਸ਼ਟਰ ਦਾ ਤਾਲਾ ਟੁੱਟਿਆ ਹੋਇਆ ਸੀ ਤੇ ਏ.ਟੀ.ਐੱਮ. ਦੇ ਬਾਹਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਵੀ ਤੋੜੇ ਹੋਏ ਸਨ। ਇਸ ਤੋਂ ਬਾਅਦ ਉਸ ਵੱਲੋਂ ਸਾਨੂੰ ਘਟਨਾ ਸਬੰਧੀ ਜਾਣਕਾਰੀ ਦਿੱਤੀ ਗਈ। ਮੁੱਢਲੀ ਜਾਣਕਾਰੀ ਅਨੁਸਾਰ ਇਹ ਘਟਨਾ ਤੜਕੇ ਕਰੀਬ ਡੇਢ ਵਜੇ ਵਾਪਰੀ ਜਦੋਂ ਦੋ ਅਣਪਛਾਤੇ ਵਿਅਕਤੀ ਏ.ਟੀ.ਐੱਮ. ਨੂੰ ਲੁੱਟਣ ਦੀ ਮਨਸ਼ਾ ਨਾਲ ਇੱਥੇ ਪਹੁੰਚੇ। ਉਨ੍ਹਾਂ ਨੇ ਪਹਿਲਾਂ ਸ਼ਟਰ ਦਾ ਤਾਲਾ ਤੋੜਿਆ ਤੇ ਫਿਰ ਮਸ਼ੀਨ ਨੂੰ ਤੋੜ ਕੇ ਨਕਦੀ ਕੱਢਣ ਦੀ ਕੋਸ਼ਿਸ਼ ਕੀਤੀ ਪਰ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਹੀਂ ਹੋ ਸਕੇ। ਇਸ ਦੌਰਾਨ ਉਨ੍ਹਾਂ ਨੇ ਏ.ਟੀ.ਐੱਮ. ਮਸ਼ੀਨ ਦੀ ਭੰਨ-ਤੋੜ ਕੀਤੀ ਤੇ ਉੱਥੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਭਵਾਨੀਗੜ੍ਹ ਦੇ ਐੱਸ.ਐੱਚ.ਓ. ਗੁਰਪ੍ਰੀਤ ਸਿੰਘ ਸਮਰਾਓ ਨੇ ਦੱਸਿਆ ਕਿ ਬੈਂਕ ਅਧਿਕਾਰੀਆਂ ਕੋਲੋਂ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਵਿਅਕਤੀਆਂ ਦੀ ਪਛਾਣ ਕਰਨ ਤੇ ਘਟਨਾ ਦੇ ਵੱਖ-ਵੱਖ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉੱਧਰ, ਵਾਰਦਾਤ ਸਮੇਂ ਏ.ਟੀ.ਐੱਮ. ਮਸ਼ੀਨ ਵਿਚ ਕਿੰਨੀ ਨਕਦੀ ਮੌਜੂਦ ਸੀ ਇਸ ਬਾਰੇ ਫਿਲਹਾਲ ਕੋਈ ਪੁਸ਼ਟੀ ਨਹੀਂ ਹੋ ਸਕੀ। ਪੁਲਸ ਨੇ ਕਿਹਾ ਕਿ ਜਾਂਚ ਤੋਂ ਬਾਅਦ ਹੀ ਮਸ਼ੀਨ ਵਿਚ ਮੌਜੂਦ ਨਕਦੀ ਜਾਂ ਹੋਰ ਸੰਭਾਵਿਤ ਨੁਕਸਾਨ ਸਬੰਧੀ ਸਥਿਤੀ ਸਪੱਸ਼ਟ ਹੋ ਸਕੇਗੀ।

