Female doctor from Phagwara dies under suspicious circumstances in Britain; her family alleges murder
ਬ੍ਰਿਟੇਨ ’ਚ ਫਗਵਾੜਾ ਦੀ ਮਹਿਲਾ ਡਾਕਟਰ ਦੀ ਸ਼ੱਕੀ ਹਾਲਾਤ ’ਚ ਮੌਤ, ਪੇਕੇ ਪਰਿਵਾਰ ਨੇ ਲਾਏ ਕਤਲ ਦੇ ਗੰਭੀਰ ਦੋਸ਼
ਫਗਵਾੜਾ (ਆਵਾਜ਼ਿ ਕੌਮ ਬਿਊਰੋ)-ਬ੍ਰਿਟੇਨ ’ਚ ਫਗਵਾੜਾ ਦੇ ਮਸ਼ਹੂਰ ਡਾਕਟਰ ਕੇ.ਕੇ. ਵਰਮਾ ਦੀ ਬੇਟੀ ਡਾਕਟਰ ਸ਼ਿਵਾਨੀ ਵਰਮਾ ਦੀ ਸ਼ੱਕੀ ਹਾਲਾਤਾਂ ’ਚ ਮੌਤ ਹੋ ਜਾਣ ਦੀ ਦੁਖਦ ਖ਼ਬਰ ਮਿਲੀ ਹੈ। ਚਾਹਲ ਨਗਰ ਨਿਵਾਸੀ ਡਾ. ਵਰਮਾ ਦੇ ਪਰਿਵਾਰ ਨੂੰ ਡਾ. ਸ਼ਿਵਾਨੀ ਵਰਮਾ ਦੀ ਮੌਤ ਦੀ ਜਾਣਕਾਰੀ ਮਿਲਦਿਆਂ ਹੀ ਪੀੜਤ ਪਰਿਵਾਰ ਦੇ ਘਰ ’ਚ ਚੀਕ-ਚਿਹਾੜਾ ਪੈ ਗਿਆ ਅਤੇ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਅਜੇ ਤੱਕ ਮਿਲੀ ਜਾਣਕਾਰੀ ਅਨੁਸਾਰ ਬ੍ਰਿਟੇਨ ਸਥਿਤ ਰਿਹਾਇਸ਼ ’ਚ ਸ਼ੱਕੀ ਢੰਗ ਨਾਲ ਅੱਗ ਲੱਗਣ ਕਾਰਨ ਸਾਹ ਘੁੱਟਣ ਨਾਲ ਡਾ. ਸ਼ਿਵਾਨੀ ਦੀ ਮੌਤ ਹੋਈ ਹੈ। ਮ੍ਰਿਤਕਾ ਦੇ ਪਿਤਾ ਡਾ. ਕੇ.ਕੇ. ਵਰਮਾ ਅਤੇ ਭਰਾ ਡਾ. ਲਲਿਤ ਵਰਮਾ ਨੇ ਸ਼ਿਵਾਨੀ ਦੇ ਸਹੁਰੇ ਪਰਿਵਾਰ ’ਤੇ ਤਸ਼ੱਦਦ, ਮਾਰਕੁੱਟ ਅਤੇ ਹੱਤਿਆ ਦੇ ਗੰਭੀਰ ਦੋਸ਼ ਲਗਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਬ੍ਰਿਟੇਨ ਪੁਲਸ ਨੇ ਉਨ੍ਹਾਂ ਨੂੰ ਮੋਬਾਈਲ ਫੋਨ ’ਤੇ ਘਟਨਾ ਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਰਹਿ ਰਹੇ ਆਪਣੇ ਨਜ਼ਦੀਕੀ ਰਿਸ਼ਤੇਦਾਰਾਂ ਜ਼ਰੀਏ ਪੂਰੇ ਮਾਮਲੇ ਦੀ ਜਾਣਕਾਰੀ ਇਕੱਠੀ ਕੀਤੀ ਹੈ। ਪਰਿਵਾਰ ਦਾ ਦੋਸ਼ ਹੈ ਕਿ ਡਾ. ਸ਼ਿਵਾਨੀ ਦਾ ਵਿਆਹ ਸਾਲ 2023 ’ਚ ਫਗਵਾੜਾ ਦੇ ਇੱਕ ਪਿੰਡ ਦੇ ਰਹਿਣ ਵਾਲੇ ਨੌਜਵਾਨ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਡਾ. ਸ਼ਿਵਾਨੀ ਨੇ ਹੀ ਆਪਣੇ ਪਤੀ ਨੂੰ ਬ੍ਰਿਟੇਨ ਬੁਲਾਇਆ ਸੀ। ਮ੍ਰਿਤਕਾ ਦੇ ਪੇਕੇ ਪਰਿਵਾਰ ਦਾ ਗੰਭੀਰ ਦੋਸ਼ ਹੈ ਕਿ ਉੱਥੇ ਪਹੁੰਚਣ ਤੋਂ ਬਾਅਦ ਤੋਂ ਹੀ ਦੋਸ਼ੀ ਪਤੀ ਆਪਣੀ ਪਤਨੀ ਨਾਲ ਲਗਾਤਾਰ ਮਾਰਕੁੱਟ ਅਤੇ ਮਾਨਸਿਕ ਪ੍ਰੇਸ਼ਾਨੀ ਕਰਦਾ ਸੀ। ਡਾ. ਸ਼ਿਵਾਨੀ ਦੇ ਭਰਾ ਨੇ ਦੱਸਿਆ ਕਿ ਦੋਸ਼ੀ ਪਤੀ ਨਸ਼ੇ ਦਾ ਆਦੀ ਸੀ ਅਤੇ ਪਹਿਲਾਂ ਵੀ ਕਈ ਵਾਰ ਪੀੜਤਾ ਨਾਲ ਗੰਭੀਰ ਮਾਰਕੁੱਟ ਕਰ ਚੁੱਕਾ ਸੀ। ਰੱਖੜੀ ਦੌਰਾਨ ਬ੍ਰਿਟੇਨ ਦੌਰੇ ਦਾ ਜ਼ਿਕਰ ਕਰਦਿਆਂ ਭਰਾ ਨੇ ਦਾਅਵਾ ਕੀਤਾ ਕਿ ਉਸ ਸਮੇਂ ਵੀ ਭੈਣ ਦੀਆਂ ਅੱਖਾਂ ’ਤੇ ਸੱਟ ਦੇ ਨਿਸ਼ਾਨ ਸਨ ਅਤੇ ਉਸ ਨਾਲ ਮਾਰਕੁੱਟ ਕੀਤੀ ਗਈ ਸੀ। ਪੀੜਤ ਪਰਿਵਾਰ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਦੋਸ਼ੀ ਪਤੀ ਆਪਣੀ ਪਤਨੀ ਦੀ ਕਮਾਈ ਨਾਲ ਭਾਰਤ ਪੈਸੇ ਭੇਜਦਾ ਸੀ ਅਤੇ ਇੱਥੇ ਆਪਣਾ ਨਿੱਜੀ ਮਕਾਨ ਬਣਵਾ ਰਿਹਾ ਸੀ। ਪਰਿਵਾਰ ਦਾ ਕਹਿਣਾ ਹੈ ਕਿ ਵਿੱਤੀ ਲਾਭ ਪੂਰਾ ਹੋ ਜਾਣ ਤੋਂ ਬਾਅਦ ਸਾਜ਼ਿਸ਼ ਤਹਿਤ ਇਸ ਦਰਦਨਾਕ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਘਟਨਾ ਤੋਂ ਬਾਅਦ ਵਿਰੋਧ ਜਤਾਉਣ ’ਤੇ ਦੋਸ਼ੀ ਦੇ ਪਰਿਵਾਰ ਵੱਲੋਂ ਪੀੜਤ ਪਰਿਵਾਰ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਘਟਨਾ ਤੋਂ ਸਦਮੇ ’ਚ ਆਏ ਪੀੜਤ ਪਰਿਵਾਰ ਨੇ ਸਥਾਨਕ ਪੁਲਸ ਪ੍ਰਸ਼ਾਸਨ ਅੱਗੇ ਆਪਣੀ ਸੁਰੱਖਿਆ ਦੀ ਗੁਹਾਰ ਲਗਾਈ ਹੈ ਅਤੇ ਸ਼ਿਕਾਇਤ ਦਰਜ ਕਰਵਾਈ ਹੈ। ਡਾ. ਵਰਮਾ ਨੇ ਮੰਗ ਕੀਤੀ ਹੈ ਕਿ ਬ੍ਰਿਟੇਨ ਅਤੇ ਪੰਜਾਬ ਪੁਲਸ ਪ੍ਰਸ਼ਾਸਨ ਮਿਲ ਕੇ ਇਸ ਮਾਮਲੇ ਦੀ ਨਿਰਪੱਖ ਜਾਂਚ ਕਰੇ ਅਤੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਏ। ਇਸ ਦੇ ਨਾਲ ਹੀ ਪਰਿਵਾਰ ਆਪਣੀ ਧੀ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਲਈ ਭਾਰਤ ਵਾਪਸ ਲਿਆਉਣ ਦੇ ਯਤਨਾਂ ’ਚ ਜੁਟਿਆ ਹੋਇਆ ਹੈ। ਪੀੜਤ ਪਰਿਵਾਰ ਨੇ ਭਾਰਤ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਮ੍ਰਿਤਕਾ ਡਾ. ਸ਼ਿਵਾਨੀ ਦੀ ਮ੍ਰਿਤਕ ਦੇਹ ਪੰਜਾਬ (ਫਗਵਾੜਾ) ’ਚ ਉਸ ਦੇ ਪੇਕੇ ਘਰ ਵਾਪਸ ਲਿਆਉਣ ’ਚ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇ। ਉੱਥੇ ਹੀ ਗੰਭੀਰ ਦੋਸ਼ਾਂ ਦੇ ਦਾਇਰੇ ਚ ਆਏ ਮ੍ਰਿਤਕਾ ਦੇ ਸਹੁਰੇ ਪਰਿਵਾਰ ਨਾਲ ਸੰਪਰਕ ਕਰਕੇ ਉਨ੍ਹਾਂ ਦਾ ਪੱਖ ਜਾਣਨ ਲਈ ਕੀਤੇ ਗਏ ਯਤਨਾਂ ਤੋਂ ਬਾਅਦ ਵੀ ਉਨ੍ਹਾਂ ਨਾਲ ਸਿੱਧੇ ਤੌਰ ਤੇ ਸੰਪਰਕ ਨਹੀਂ ਹੋ ਸਕਿਆ ਹੈ। ਹਾਲਾਂਕਿ ਉਨ੍ਹਾਂ ਦੇ ਨਜ਼ਦੀਕੀ ਸੂਤਰਾਂ ਨੇ ਲਗਾਏ ਜਾ ਰਹੇ ਕਿਸੇ ਵੀ ਦੋਸ਼ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਸਾਰੇ ਦੋਸ਼ਾਂ ਨੂੰ ਗਲਤ ਅਤੇ ਝੂਠ ਕਰਾਰ ਦਿੱਤਾ ਹੈ।

