Accused escapes from police custody in Amritsar
ਅੰਮ੍ਰਿਤਸਰ ‘ਚ ਪੁਲਸ ਹਿਰਾਸਤ ’ਚੋਂ ਮੁਲਜ਼ਮ ਫ਼ਰਾਰ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਤੋਂ ਪੁਲਸ ਹਿਰਾਸਤ ਵਿਚ ਮੌਜੂਦ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਗ੍ਰਿਫ਼ਤਾਰ ਇਕ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਫ਼ਰਾਰ ਮੁਲਜ਼ਮ ਦੀ ਪਛਾਣ ਸੰਦੀਪ ਸਿੰਘ ਉਰਫ਼ ਕਾਲੀ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪੁਲਸ ਵਿਭਾਗ ਵਿਚ ਹੜਕੰਪ ਮਚ ਗਿਆ ਅਤੇ ਮੁਲਜ਼ਮ ਦੀ ਭਾਲ ਵਿਚ ਵੱਖ-ਵੱਖ ਪੁਲਸ ਟੀਮਾਂ ਨੂੰ ਲਗਾ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸਿਵਲ ਲਾਈਨ ਦੀ ਪੁਲਸ ਨੇ ਸੰਦੀਪ ਸਿੰਘ ਉਰਫ਼ ਕਾਲੀ ਨੂੰ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨਾਲ ਜੁੜੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਕਿਸੇ ਕਾਰਨਾਂ ਕਰਕੇ ਪੁਲਸ ਟੀਮ ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਲੈ ਕੇ ਪਹੁੰਚੀ ਸੀ। ਇਸੇ ਦੌਰਾਨ ਮੁਲਜ਼ਮ ਪੁਲਸ ਨੂੰ ਚਕਮਾ ਦੇ ਕੇ ਹਸਪਤਾਲ ਕੰਪਲੈਕਸ ਤੋਂ ਫ਼ਰਾਰ ਹੋ ਗਿਆ। ਮੁਲਜ਼ਮ ਦੇ ਫ਼ਰਾਰ ਹੋਣ ਦਾ ਪਤਾ ਚੱਲਦਿਆਂ ਹੀ ਪੁਲਸ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਆਸ-ਪਾਸ ਦੇ ਇਲਾਕਿਆਂ ਵਿਚ ਵੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਸੰਦੀਪ ਸਿੰਘ ਉਰਫ਼ ਕਾਲੀ ਪਹਿਲਾਂ ਵੀ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਰਿਹਾ ਹੈ ਅਤੇ ਉਸ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿਚ ਕਈ ਅਪਰਾਧਿਕ ਮਾਮਲੇ ਦਰਜ ਹਨ। ਪੁਲਸ ਹਿਰਾਸਤ ਤੋਂ ਮੁਲਜ਼ਮ ਦੇ ਫ਼ਰਾਰ ਹੋਣ ਦੇ ਮਾਮਲੇ ਵਿਚ ਉਸ ਖ਼ਿਲਾਫ਼ ਇੱਕ ਹੋਰ ਕੇਸ ਦਰਜ ਕੀਤਾ ਗਿਆ ਹੈ। ਨਾਲ ਹੀ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਹਸਪਤਾਲ ਵਿਚ ਮੁਲਜ਼ਮ ਦੀ ਨਿਗਰਾਨੀ ਦੌਰਾਨ ਕਿੱਥੇ ਚੂਕ ਹੋਈ ਅਤੇ ਉਹ ਕਿਸ ਤਰ੍ਹਾਂ ਪੁਲਸ ਕਰਮਚਾਰੀਆਂ ਨੂੰ ਚਕਮਾ ਦੇ ਕੇ ਫ਼ਰਾਰ ਹੋਇਆ। ਫਿਲਹਾਲ ਪੁਲਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

