Jalandhar Police found a missing child and handed him over to his parents
ਜਲੰਧਰ ਪੁਲਸ ਗੁੰਮ ਹੋਏ ਬੱਚੇ ਨੂੰ ਲੱਭ ਕੇ ਕੀਤਾ ਮਾਪਿਆਂ ਹਵਾਲੇ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਕਮਿਸ਼ਨਰੇਟ ਪੁਲਸ ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਇਕ ਗੁੰਮ ਹੋਏ ਬੱਚੇ ਨੂੰ ਸੁਰੱਖਿਅਤ ਲੱਭ ਕੇ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਬੱਚੇ ਦੇ ਗੁੰਮ ਹੋ ਜਾਣ ਕਾਰਨ ਪਰਿਵਾਰਕ ਮੈਂਬਰ ਕਾਫ਼ੀ ਚਿੰਤਤ ਅਤੇ ਪਰੇਸ਼ਾਨ ਸਨ। ਪਰਿਵਾਰ ਦੀ ਇਸ ਔਖੀ ਘੜੀ ਵਿਚ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਟੀਮ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਅਤੇ ਬੱਚੇ ਦੀ ਭਾਲ ਲਈ ਸੁਚੱਜੇ ਤੇ ਲਗਾਤਾਰ ਯਤਨ ਕੀਤੇ ਗਏ। ਪੁਲਸ ਟੀਮ ਦੀ ਮੁਸਤੈਦੀ, ਤੁਰੰਤ ਕਾਰਵਾਈ ਅਤੇ ਮਿਹਨਤ ਸਦਕਾ ਗੁੰਮ ਹੋਏ ਬੱਚੇ ਨੂੰ ਸੁਰੱਖਿਅਤ ਲੱਭ ਲਿਆ ਗਿਆ। ਸਾਰੀ ਲੋੜੀਂਦੀ ਕਾਰਵਾਈ ਉਪਰੰਤ ਬੱਚੇ ਨੂੰ ਉਸ ਦੇ ਮਾਪਿਆਂ ਦੇ ਸਪੁਰਦ ਕਰ ਦਿੱਤਾ ਗਿਆ, ਜਿਸ ਨਾਲ ਪਰਿਵਾਰ ਨੂੰ ਵੱਡੀ ਰਾਹਤ ਮਿਲੀ। ਇਸ ਮੌਕੇ ਬੱਚੇ ਦੇ ਮਾਪਿਆਂ ਵੱਲੋਂ ਕਮਿਸ਼ਨਰੇਟ ਪੁਲਸ ਜਲੰਧਰ ਅਤੇ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਟੀਮ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਪੁਲਸ ਵੱਲੋਂ ਕੀਤੀ ਗਈ ਤੁਰੰਤ ਕਾਰਵਾਈ ਤੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ।

