A youth learning to drive a car in a crowded market ran over 5 people; a vegetable seller died on the spot
ਭੀੜ ਵਾਲੇ ਬਾਜ਼ਾਰ ’ਚ ਕਾਰ ਚਲਾਉਣਾ ਸਿੱਖ ਰਹੇ ਨੌਜਵਾਨ ਨੇ 5 ਲੋਕਾਂ ਨੂੰ ਦਰੜਿਆ, ਸਬਜ਼ੀ ਵੇਚਣ ਵਾਲੇ ਦੀ ਮੌਕੇ ’ਤੇ ਮੌਤ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਸਥਾਨਕ ਈਸਾ ਨਗਰੀ ਪੁਲੀ ਇਲਾਕੇ ਵਿਚ ਵੀਰਵਾਰ ਸਵੇਰੇ ਇਕ ਦਿਲ ਕੰਬਾਊ ਸੜਕ ਹਾਦਸਾ ਵਾਪਰਿਆ। ਕਾਰ ਚਲਾਉਣਾ ਸਿੱਖ ਰਹੇ ਇੱਕ ਨੌਸਿੱਖੀਏ ਚਾਲਕ ਨੇ ਲਾਪ੍ਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਪੈਦਲ ਰਾਹਗੀਰਾਂ ਅਤੇ ਦੋਪਹੀਆ ਸਵਾਰਾਂ ਸਮੇਤ 5 ਵਿਅਕਤੀਆਂ ਨੂੰ ਬੇਰਹਿਮੀ ਨਾਲ ਦਰੜ ਦਿੱਤਾ। ਜਾਣਕਾਰੀ ਅਨੁਸਾਰ ਈਸਾ ਨਗਰੀ ਪੁਲੀ ਕੋਲ ਨਿੱਜੀ ਸਕੂਲ ਹੋਣ ਕਾਰਨ ਸਵੇਰੇ 8 ਵਜੇ ਇਲਾਕੇ ਵਿਚ ਕਾਫ਼ੀ ਚਹਿਲ-ਪਹਿਲ ਸੀ। ਇਸੇ ਦੌਰਾਨ ਫ਼ੀਲਡਗੰਜ ਨਿਵਾਸੀ 20-22 ਸਾਲਾ ਨੌਜਵਾਨ ਤਮਨਜੋਤ ਸਿੰਘ ਆਪਣੀ ਸੇਡਾਨ ਕਾਰ ਵਿਚ ਜਨਤਕ ਰਸਤੇ ’ਤੇ ਕਾਰ ਚਲਾਉਣ ਦੀ ਪ੍ਰੈਕਟਿਸ ਕਰ ਰਿਹਾ ਸੀ। ਅਚਾਨਕ ਭੀੜ ਸਾਹਮਣੇ ਦੇਖ ਕੇ ਉਸ ਨੇ ਹੜਬੜਾਹਟ ਵਿਚ ਬ੍ਰੇਕ ਦੀ ਬਜਾਏ ਐਕਸੀਲੇਟਰ ਦਬਾ ਦਿੱਤਾ। ਕਾਰ ਬੇਕਾਬੂ ਹੋ ਕੇ ਰਾਹਗੀਰਾਂ ਨੂੰ ਉਛਾਲਦੀ ਹੋਈ ਸਾਹਮਣਿਓਂ ਆ ਰਹੇ ਸਬਜ਼ੀ ਵਿਕ੍ਰੇਤਾ ਜਗਤਾਰ ਸਿੰਘ ਗੋਸ਼ਾ ਦੀ ਸਕੂਟੀ ਨਾਲ ਜਾ ਟਕਰਾਈ। ਟੱਕਰ ਤੋਂ ਬਾਅਦ ਵੀ ਗੱਡੀ ਰੋਕਣ ਦੀ ਬਜਾਏ ਚਾਲਕ ਨੇ ਭਜਾਉਣ ਦਾ ਯਤਨ ਕੀਤਾ, ਜਿਸ ਨਾਲ ਜਗਤਾਰ ਸਿੰਘ ਕਰੀਬ 50 ਮੀਟਰ ਤੱਕ ਘੜੀਸਦੇ ਹੋਏ ਚਲੇ ਗਏ। ਗੰਭੀਰ ਸੱਟਾਂ ਲੱਗਣ ਕਾਰਨ ਪਿੰਡ ਸਸਰਾਲੀ ਕਾਲੋਨੀ (ਬੂਥਗੜ੍ਹ) ਨਿਵਾਸੀ ਜਗਤਾਰ ਸਿੰਘ ਗੋਸ਼ਾ ਨੇ ਘਟਨਾ ਸਥਾਨ ’ਤੇ ਹੀ ਦਮ ਤੋੜ ਦਿੱਤਾ, ਜਦਕਿ ਹੋਰ ਜ਼ਖ਼ਮੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹਾਦਸੇ ਤੋਂ ਤੁਰੰਤ ਬਾਅਦ ਕਾਰ ਵਿਚ ਸਵਾਰ ਚਾਲਕ ਦਾ ਇਕ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ, ਜਦਕਿ ਗੁੱਸੇ ਵਿਚ ਆਏ ਲੋਕਾਂ ਨੇ ਮੁੱਖ ਮੁਲਜ਼ਮ ਤਮਨਜੋਤ ਸਿੰਘ ਦੀ ਕੁੱਟਮਾਰ ਕੀਤੀ। ਸੂਚਨਾ ਮਿਲਣ ’ਤੇ ਥਾਣਾ ਡਵੀਜ਼ਨ ਨੰ. 3 ਦੇ ਮੁਖੀ ਇੰਸਪੈਕਟਰ ਗੁਰਜੀਤ ਸਿੰਘ ਨੇ ਪੁਲਸ ਫੋਰਸ ਨਾਲ ਪਹੁੰਚ ਕੇ ਮੁਲਜ਼ਮ ਨੂੰ ਹਿਰਾਸਤ ਵਿਚ ਲਿਆ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਦੁਰਘਟਨਾਗ੍ਰਸਤ ਗੱਡੀ ਜ਼ਬਤ ਕਰ ਕੇ ਮੁਲਜ਼ਮ ਤਮਨਜੋਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

