International fake call center operated to swindle US citizens out of 261 crore
ਅਮਰੀਕੀ ਨਾਗਰਿਕਾਂ ਨਾਲ 261 ਕਰੋੜ ਦੀ ਠੱਗੀ ਲਈ ਚਲਾਇਆ ਕੌਮਾਂਤਰੀ ਫਰਜ਼ੀ ਕਾਲ ਸੈਂਟਰ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਸੈਕਟਰ-26 ਦੇ ਐੱਫ.ਬਾਰ ’ਚ ਭਾਜਪਾ ਆਗੂ ਸਹਿਦੇਵ ਸਲਾਰੀਆ ਦੀ ਜਨਮ ਦਿਨ ਪਾਰਟੀ ਦੌਰਾਨ ਹੋਈ ਫਾਇਰਿੰਗ ਮਾਮਲੇ ’ਚ ਚਰਚਾ ’ਚ ਆਇਆ ਸ਼ਹਿਰ ਦਾ ਚੇਤਨ ਮੁੰਜਾਲ ਹੁਣ 261 ਕਰੋੜ ਰੁਪਏ ਦੀ ਕਥਿਤ ਕੌਮਾਂਤਰੀ ਸਾਈਬਰ ਠੱਗੀ ਮਾਮਲੇ ’ਚ ਵੀ ਫਸ ਗਿਆ ਹੈ। ਈ.ਡੀ. ਨੇ ਮੁੰਜਾਲ ਸਮੇਤ ਚਾਰ ਮੁਲਜ਼ਮਾਂ ਨੂੰ ਹੈਦਰਾਬਾਦ ਤੋਂ ਗ੍ਰਿਫ਼ਤਾਰ ਕੀਤਾ ਹੈ। ਜਾਂਚ ਏਜੰਸੀ ਮੁਤਾਬਕ ਮੁਲਜ਼ਮਾਂ ਨੇ ਸਾਥੀਆਂ ਨਾਲ ਮਿਲ ਕੇ ਅਮਰੀਕੀ ਨਾਗਰਿਕਾਂ ਨੂੰ ਸਰਕਾਰੀ ਏਜੰਸੀਆਂ ਦੇ ਅਧਿਕਾਰੀ ਬਣ ਕੇ ਡਰਾਇਆ ਤੇ ਕਰੋੜਾਂ ਰੁਪਏ ਦੀ ਠੱਗੀ ਮਾਰ ਲਈ। ਇਸ ਮਕਸਦ ਲਈ ਦੇਸ਼ ’ਚ ਫਰਜ਼ੀ ਕੌਮਾਂਤਰੀ ਕਾਲ ਸੈਂਟਰਾਂ ਦਾ ਨੈੱਟਵਰਕ ਚਲਾਇਆ ਜਾ ਰਿਹਾ ਸੀ। ਈ.ਡੀ. ਨੇ ਚੇਤਨ ਮੁੰਜਾਲ, ਹਰਸ਼ਿਲ ਨਯਨਭਾਈ ਰਾਵਲ, ਜਸਵੰਤ ਸਿੰਘ ਤੇ ਪ੍ਰਣਵ ਪਿਥਾਡੀਆ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੈਦਰਾਬਾਦ ਦੀ ਵਿਸ਼ੇਸ਼ ਪੀ.ਐੱਮ.ਐੱਲ.ਏ. ਅਦਾਲਤ ’ਚ ਪੇਸ਼ ਕੀਤਾ, ਜਿੱਥੋਂ ਚਾਰਾਂ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਇਸ ਮਾਮਲੇ ’ਚ ਹੁਣ ਤੱਕ ਕੁੱਲ ਸੱਤ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਈ.ਡੀ. ਵੱਲੋਂ ਵਿਕਾਸ ਨਿਮਾਰ, ਤਾਰਾਚੰਦ ਨਿਮਾਰ ਤੇ ਮੁਹੰਮਦ ਇਰਫਾਨ ਅੰਸਾਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਚੇਤਨ ਮੁੰਜਾਲ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਦੀ ਸਿਆਸਤ ਤੇ ਕਾਰੋਬਾਰੀ ਹਲਕਿਆਂ ’ਚ ਵੀ ਚਰਚਾ ਤੇਜ਼ ਹੋ ਗਈ ਹੈ। ਉਸ ਦੇ ਸਬੰਧ ਵੱਡੀ ਸਿਆਸੀ ਪਾਰਟੀ ਨਾਲ ਦੱਸੇ ਜਾਂਦੇ ਹਨ। ਉਸ ਦਾ ਨਾਂ ਲਾਰੈਂਸ ਗੈਂਗ ਨਾਲ ਵੀ ਜੋੜਿਆ ਜਾਂਦਾ ਰਿਹਾ ਹੈ। ਕਰੀਬ ਅੱਠ ਸਾਲ ਪਹਿਲਾਂ ਸੈਕਟਰ-26 ਦੇ ਐੱਫ.ਬਾਰ ’ਚ ਭਾਜਪਾ ਆਗੂ ਸਹਿਦੇਵ ਸਲਾਰੀਆ ਦੀ ਜਨਮ ਦਿਨ ਪਾਰਟੀ ਦੌਰਾਨ ਹੋਈ ਫਾਇਰਿੰਗ ਦੇ ਮਾਮਲੇ ’ਚ ਵੀ ਚੇਤਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਹੁਣ ਈ.ਡੀ. ਦੀ ਜਾਂਚ ’ਚ ਉਸ ਦੀ ਕਥਿਤ ਭੂਮਿਕਾ ਨੂੰ ਲੈ ਕੇ ਨਵੇਂ ਖੁਲਾਸੇ ਹੋਏ ਹਨ। ਜਾਂਚ ਏਜੰਸੀ ਮੁਤਾਬਕ ਚੇਤਨ ਆਪਣੇ ਨੈੱਟਵਰਕ ਦੀ ਵਰਤੋਂ ਕਰਕੇ ਫਰਜ਼ੀ ਕਾਲ ਸੈਂਟਰ ਚਲਾਉਣ ਵਾਲੇ ਗਿਰੋਹ ਨੂੰ ਸੁਰੱਖਿਆ ਮੁਹੱਈਆ ਕਰਵਾਉਂਦਾ ਸੀ। ਇਸ ਤਰ੍ਹਾਂ ਉਸ ਦੀ ਭੂਮਿਕਾ ਸਿਰਫ਼ ਠੱਗੀ ਦੇ ਪੈਸੇ ਦੇ ਲੈਣ-ਦੇਣ ਤੱਕ ਸੀਮਤ ਨਾ ਹੋ ਕੇ ਗਿਰੋਹ ਦੇ ਕੰਮਕਾਜ ਨੂੰ ਸਹਾਰਾ ਦੇਣ ਨਾਲ ਵੀ ਜੁੜੀ ਹੋਈ ਦੱਸੀ ਜਾ ਰਹੀ ਹੈ। ਈ.ਡੀ. ਜਾਂਚ ਮੁਤਾਬਕ ਇਹ ਗਿਰੋਹ ਦੇਸ਼ ’ਚ ਬੈਠ ਕੇ ਅਮਰੀਕੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਂਦਾ ਸੀ। ਸਭ ਤੋਂ ਪਹਿਲਾਂ ਪੀੜਤਾਂ ਨੂੰ ਫੋਨ ਕਰਕੇ ਉਨ੍ਹਾਂ ਦੇ ਬੈਂਕ ਖਾਤਿਆਂ ’ਚ ਫਰਜ਼ੀ ਖਰੀਦਦਾਰੀ ਜਾਂ ਸ਼ੱਕੀ ਲੈਣ-ਦੇਣ ਹੋਣ ਦਾ ਦਾਅਵਾ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਮੁਲਜ਼ਮ ਖੁਦ ਨੂੰ ਅਮਰੀਕਾ ਦੀ ਡਰੱਗ ਇਨਫੋਰਸਮੈਂਟ ਐਡਮਿਨਿਸਟ੍ਰੇਸ਼ਨ (ਡੀ.ਈ.ਏ.), ਡਿਪਾਰਟਮੈਂਟ ਆਫ ਜਸਟਿਸ, ਫੈਡਰਲ ਟ੍ਰੇਡ ਕਮਿਸ਼ਨ ਤੇ ਡਿਪਾਰਟਮੈਂਟ ਆਫ ਟ੍ਰੇਜ਼ਰੀ ਦੇ ਅਧਿਕਾਰੀ ਦੱਸ ਕੇ ਕਾਨੂੰਨੀ ਕਾਰਵਾਈ ਤੇ ਗ੍ਰਿਫ਼ਤਾਰੀ ਦਾ ਡਰ ਦਿਖਾਉਂਦੇ ਸਨ। ਲੋਕਾਂ ਦਾ ਭਰੋਸਾ ਜਿੱਤਣ ਤੇ ਉਨ੍ਹਾਂ ਨੂੰ ਧੋਖਾ ਦੇਣ ਲਈ ਫਰਜ਼ੀ ਪਛਾਣ ਪੱਤਰਾਂ, ਬੈਜਾਂ, ਸਰਕਾਰੀ ਪੱਤਰਾਂ ਤੇ ਅਦਾਲਤੀ ਦਸਤਾਵੇਜ਼ਾਂ ਦੀ ਵਰਤੋਂ ਕੀਤੀ ਜਾਂਦੀ ਸੀ। ਇਸ ਤੋਂ ਬਾਅਦ ਪੀੜਤਾਂ ਤੋਂ ਨਕਦੀ ਤੇ ਸੋਨਾ ਹਾਸਲ ਕਰਨ ਲਈ ਵਿਅਕਤੀਆਂ ਨੂੰ ਭੇਜਿਆ ਜਾਂਦਾ ਸੀ। ਕਈ ਲੋਕਾਂ ਤੋਂ ਕੋਰੀਅਰ ਰਾਹੀਂ ਨਕਦੀ ਮੰਗਵਾਈ ਜਾਂਦੀ ਸੀ ਜਦਕਿ ਹੋਰਨਾਂ ਤੋਂ ਮਿਊਲ ਬੈਂਕ ਖਾਤਿਆਂ ’ਚ ਪੈਸੇ ਟਰਾਂਸਫਰ ਕਰਵਾਏ ਜਾਂਦੇ ਸਨ। ਈ.ਡੀ. ਜਾਂਚ ’ਚ ਚੰਡੀਗੜ੍ਹ ਸੈਕਟਰ-26 ਸਥਿਤ ਕਾਲਾ ਘੋੜਾ ਰੈਸਟੋਰੈਂਟ ਦਾ ਨਾਂ ਵੀ ਸਾਹਮਣੇ ਆਇਆ ਹੈ। ਜਾਂਚ ਏਜੰਸੀ ਮੁਤਾਬਕ ਚੇਤਨ ਮੁੰਜਾਲ ਰੈਸਟੋਰੈਂਟ ਦਾ ਸੰਚਾਲਨ ਕਰਨ ਵਾਲੀ ਕੰਪਨੀ ਰਬਦਿੱਤਾ ਕਾਰਪੋਰੇਟਸ ’ਚ 25 ਫ਼ੀਸਦੀ ਹਿੱਸੇਦਾਰੀ ਰੱਖਦਾ ਹੈ। ਈ.ਡੀ. ਨੂੰ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਕਥਿਤ ਠੱਗੀ ਰਾਹੀਂ ਹਾਸਲ ਕੀਤੀ ਰਕਮ ’ਚੋਂ 23.19 ਲੱਖ ਰੁਪਏ ਕਾਲਾ ਘੋੜਾ ਰੈਸਟੋਰੈਂਟ ਨੂੰ ਟਰਾਂਸਫਰ ਕੀਤੇ ਗਏ ਸਨ। ਇਸ ਖੁਲਾਸੇ ਤੋਂ ਬਾਅਦ ਜਾਂਚ ਦਾ ਦਾਇਰਾ ਚੰਡੀਗੜ੍ਹ ਦੇ ਕਾਰੋਬਾਰੀ ਖੇਤਰ ਤੱਕ ਵੀ ਪਹੁੰਚ ਗਿਆ ਹੈ। ਹੁਣ ਈ.ਡੀ. ਵੱਲੋਂ ਇਸ ਰਕਮ ਦੇ ਲੈਣ-ਦੇਣ ਤੇ ਮੁਲਜ਼ਮਾਂ ਦੇ ਹੋਰ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਤਰ੍ਹਾਂ ਫੈਲਿਆ ਠੱਗੀ ਦਾ ਨੈੱਟਵਰਕ
- 549 ਅਮਰੀਕੀ ਨਾਗਰਿਕ ਠੱਗੀ ਦਾ ਸ਼ਿਕਾਰ ਬਣੇ, ਇਨ੍ਹਾਂ ’ਚ ਜ਼ਿਆਦਾਤਰ ਬਜ਼ੁਰਗ ਸਨ।
- 6,463 ਅਮਰੀਕੀ ਫੋਨ ਨੰਬਰਾਂ ’ਤੇ ਸੰਪਰਕ ਕੀਤਾ ਗਿਆ।
- 27.39 ਮਿਲੀਅਨ ਡਾਲਰ ਭਾਵ ਕਰੀਬ 261 ਕਰੋੜ ਰੁਪਏ ਦੀ ਠੱਗੀ ਕੀਤੀ ਗਈ।
- 15 ਅਮਰੀਕੀ ਬੈਂਕਾਂ ਦੇ 397 ਖਾਤਿਆਂ ਰਾਹੀਂ ਲੈਣ-ਦੇਣ।
- ਠੱਗੀ ਦੀ ਰਕਮ ਦੁਬਈ ਅਤੇ ਹਾਂਗਕਾਂਗ ਤੱਕ ਪਹੁੰਚਾਈ ਗਈ।

